ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦਾ ਅੰਦੂਰਨੀ ਕਲੇਸ਼ ਆਇਆ ਸਾਹਮਣੇ, ਬਦਲ ਸਕਦੇ ਨੇ ਸਮੀਕਰਨ
Monday, Apr 13, 2026 - 12:03 PM (IST)
ਜਲੰਧਰ (ਚੋਪੜਾ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜ਼ਿਲ੍ਹਾ ਕਾਂਗਰਸ ਸ਼ਹਿਰੀ ਲਈ 51 ਮੈਂਬਰੀ ਅਹੁਦੇਦਾਰਾਂ ਦੀ ਸੂਚੀ ਜਾਰੀ ਹੁੰਦੇ ਹੀ ਪਾਰਟੀ 'ਚ ਅੰਦਰੂਨੀ ਕਲੇਸ਼ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਵੱਲੋਂ ਭੇਜੀ ਗਈ ਇਸ ਸੂਚੀ ਵਿਚ ਸ਼ਾਮਲ ਨਾਵਾਂ ਨੂੰ ਲੈ ਕੇ ਕਈ ਸੀਨੀਅਰ ਆਗੂਆਂ ਅਤੇ ਵਰਕਰਾਂ ਨੇ ਨਾਰਾਜ਼ਗੀ ਜਤਾਈ ਹੈ। ਖ਼ਾਸ ਕਰਕੇ 5 ਸਪੈਸ਼ਲ ਇਨਵਾਇਟੀ ਅਹੁਦਿਆਂ ਨੂੰ ਲੈ ਕੇ ਵਿਵਾਦ ਨੇ ਤੂਲ ਫੜ ਲਿਆ ਹੈ, ਜਿਸ ਨਾਲ ਸੰਗਠਨ ਦੇ ਅੰਦਰ ਬੇਚੈਨੀ ਦਾ ਮਾਹੌਲ ਬਣ ਗਿਆ ਹੈ।
ਸੂਚੀ 'ਚ ਜਿਹੜੇ ਆਗੂਆਂ ਨੂੰ ਸਪੈਸ਼ਲ ਇਨਵਾਇਟੀ ਬਣਾਇਆ ਗਿਆ ਹੈ, ਉਨ੍ਹਾਂ ਵਿਚੋਂ 3 ਪ੍ਰਮੁੱਖ ਆਗੂਆਂ ਜਿਨ੍ਹਾਂ ਵਿਚ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਅਤੇ ਕੌਂਸਲਰ ਪਵਨ ਕੁਮਾਰ, ਸਾਬਕਾ ਸੀਨੀਅਰ ਮੀਤ ਪ੍ਰਧਾਨ ਅਤੇ ਕੌਂਸਲਰ ਪਰਮਜੋਤ ਸਿੰਘ ਸ਼ੈਰੀ ਚੱਢਾ ਅਤੇ ਸਾਬਕਾ ਮੀਤ ਪ੍ਰਧਾਨ ਸੁਦੇਸ਼ ਭਗਤ ਨੇ ਇਸ ਅਹੁਦੇ ਨੂੰ ਸਵੀਕਾਰ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਸਾਲਾਂ ਤੋਂ ਪਾਰਟੀ ਲਈ ਮਿਹਨਤ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਗਿਆ, ਸਗੋਂ ਇਸ ਤਰ੍ਹਾਂ ਦੇ ਅਹੁਦੇ ਦੇ ਕੇ ਉਨ੍ਹਾਂ ਦੀ ਭੂਮਿਕਾ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੂਤਰਾਂ ਅਨੁਸਾਰ ਸੰਗਠਨ ਵਿਚ ਕਈ ਅਜਿਹੇ ਆਗੂ ਹਨ, ਜੋ ਖ਼ੁਦ ਨੂੰ ਨਜ਼ਰਅੰਦਾਜ਼ ਮਹਿਸੂਸ ਕਰ ਰਹੇ ਹਨ ਅਤੇ ਖੁੱਲ੍ਹ ਕੇ ਵਿਰੋਧ ਜਤਾਉਣ ਦੀ ਤਿਆਰੀ ਵਿਚ ਹਨ। ਪਾਰਟੀ ਦੇ ਅੰਦਰ ਇਹ ਵੀ ਚਰਚਾ ਹੈ ਕਿ ਸੂਚੀ ਤਿਆਰ ਕਰਦੇ ਸਮੇਂ ਪਾਰਦਰਸ਼ਿਤਾ ਦੀ ਘਾਟ ਰਹੀ ਅਤੇ ਧੜੇਬੰਦੀ ਨੂੰ ਉਤਸ਼ਾਹ ਮਿਲਿਆ ਹੈ। ਇਸ ਨਾਲ ਕਾਂਗਰਸ ਦੀ ਇਕਜੁੱਟਤਾ ’ਤੇ ਸਵਾਲ ਖੜ੍ਹੇ ਹੋ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਹਾਦਸਾ! ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ 2 ਨੌਜਵਾਨਾਂ ਦੀ ਮੌਤ, ਪਤੀ-ਪਤਨੀ ਜ਼ਖ਼ਮੀ
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਪਾਰਟੀ ਹਾਈਕਮਾਨ ਨੇ ਸਮੇਂ ਸਿਰ ਨਾਰਾਜ਼ ਆਗੂਆਂ ਨੂੰ ਮਨਾਉਣ ਦਾ ਯਤਨ ਨਾ ਕੀਤਾ ਤਾਂ ਇਸ ਦਾ ਅਸਰ ਆਗਾਮੀ ਚੋਣਾਂ ਵਿਚ ਵੇਖਣ ਨੂੰ ਮਿਲ ਸਕਦਾ ਹੈ। ਜਲੰਧਰ ਵਰਗੇ ਮਹੱਤਵਪੂਰਨ ਸ਼ਹਿਰ 'ਚ ਜਥੇਬੰਦਕ ਬੇਚੈਨੀ ਕਾਂਗਰਸ ਲਈ ਵੱਡੀ ਚੁਣੌਤੀ ਬਣ ਸਕਦੀ ਹੈ।
ਦੂਜੇ ਪਾਸੇ ਪਾਰਟੀ ਦੇ ਕੁਝ ਸੀਨੀਅਰ ਆਗੂ ਇਸ ਪੂਰੇ ਮਾਮਲੇ ਨੂੰ ਜਲਦ ਸੁਲਝਾਉਣ ਦੀ ਲੋੜ ’ਤੇ ਜ਼ੋਰ ਦੇ ਰਹੇ ਹਨ, ਤਾਂ ਜੋ ਵਰਕਰਾਂ ਦਾ ਮਨੋਬਲ ਬਣਿਆ ਰਹੇ ਅਤੇ ਜਥੇਬੰਦੀ ਮਜ਼ਬੂਤ ਹੋ ਕੇ ਚੋਣ ਮੈਦਾਨ ਵਿਚ ਉਤਰ ਸਕੇ। ਫਿਲਹਾਲ, ਜ਼ਿਲ੍ਹਾ ਕਾਂਗਰਸ ਸ਼ਹਿਰੀ ਦੀ ਇਹ ਸੂਚੀ ਪਾਰਟੀ ਲਈ ਸਿਆਸੀ ਸੰਕਟ ਦਾ ਕਾਰਨ ਬਣਦੀ ਨਜ਼ਰ ਆ ਰਹੀ ਹੈ।
ਪਵਨ ਕੁਮਾਰ ਨੇ ਸਪੈਸ਼ਲ ਇਨਵਾਈਟੀ ਅਹੁਦਾ ਠੁਕਰਾਇਆ, ਰਾਜਾ ਵੜਿੰਗ ਨੂੰ ਚਿੱਠੀ ਲਿਖ ਕੇ ਪ੍ਰਗਟਾਇਆ ਰੋਸ
ਕੌਂਸਲਰ ਪਵਨ ਕੁਮਾਰ ਨੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੀ ਸੂਚੀ 'ਚ ਸਪੈਸ਼ਲ ਇਨਵਾਇਟੀ ਅਹੁਦਾ ਮਿਲਣ ’ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਇਸ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਰਾਜਾ ਵੜਿੰਗ ਨੂੰ ਚਿੱਠੀ ਲਿਖ ਕੇ ਨਾ ਸਿਰਫ਼ ਆਪਣਾ ਰੋਸ ਜ਼ਾਹਰ ਕੀਤਾ, ਸਗੋਂ ਸੰਗਠਨ ਦੀ ਕਾਰਜਪ੍ਰਣਾਲੀ ’ਤੇ ਵੀ ਗੰਭੀਰ ਸਵਾਲ ਉਠਾਏ ਹਨ। ਆਪਣੇ ਪੱਤਰ ਵਿਚ ਪਵਨ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸੂਚੀ ਦੀ ਜਾਣਕਾਰੀ ਅਖ਼ਬਾਰਾਂ ਜ਼ਰੀਏ ਮਿਲੀ, ਜੋ ਆਪਣੇ ਆਪ ਵਿਚ ਹੀ ਸੰਗਠਨ ਵਿਚ ਪਾਰਦਰਸ਼ਿਤਾ ਦੀ ਕਮੀ ਨੂੰ ਦਰਸਾਉਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਚੀ ਤਿਆਰ ਕਰਦੇ ਸਮੇਂ ਕਈ ਮਿਹਨਤੀ, ਵਫ਼ਾਦਾਰ ਅਤੇ ਜੁਝਾਰੂ ਵਰਕਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ, ਜੋ ਸਾਲਾਂ ਤੋਂ ਪਾਰਟੀ ਦੀ ਵਿਚਾਰਧਾਰਾ ਨੂੰ ਹਰ ਵਿਅਕਤਦੀ ਤੱਕ ਪਹੁੰਚਾਉਣ ਵਿਚ ਜੁਟੇ ਹੋਏ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਅਨੋਖਾ ਮਾਮਲਾ! 25 ਸਾਲਾਂ ਬਾਅਦ ਜਦ ਘਰ ਪਹੁੰਚਿਆ 'ਮਰ ਚੁੱਕਾ' ਪਤੀ ਤਾਂ ਪਤਨੀ ਨੇ ਕੀਤਾ...
ਪਵਨ ਕੁਮਾਰ ਨੇ ਆਪਣੇ ਸਿਆਸੀ ਸਫ਼ਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਲਗਾਤਾਰ ਤਿੰਨ ਵਾਰ ਬਿਨਾਂ ਮੁਕਾਬਲਾ ਕੌਂਸਲਰ ਚੁਣੇ ਗਏ ਹਨ ਅਤੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਵਿਚ ਸੀਨੀਅਰ ਮੀਤ ਪ੍ਰਧਾਨ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ ਹਨ। ਅਜਿਹੇ ਵਿਚ ਉਨ੍ਹਾਂ ਨੂੰ ਸਪੈਸ਼ਲ ਇਨਵਾਇਟੀ ਵਰਗੇ ਅਹੁਦੇ ’ਤੇ ਰੱਖਣਾ ਉਨ੍ਹਾਂ ਦੇ ਯੋਗਦਾਨ ਦਾ ਅਪਮਾਨ ਹੈ। ਉਨ੍ਹਾਂ ਨੇ ਇਸ ਨੂੰ ‘ਡੀਮੋਸ਼ਨ’ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੇ ਕੰਮ ਅਤੇ ਵਫ਼ਾਦਾਰੀ ਦਾ ਗਲਤ ਮੁਲਾਂਕਣ ਹੈ। ਉਨ੍ਹਾਂ ਸਾਫ਼ ਸ਼ਬਦਾਂ ਵਿਚ ਕਿਹਾ ਕਿ ਉਹ ਇਸ ਅਹੁਦੇ ਨੂੰ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਪਾਰਟੀ ਲੀਡਰਸ਼ਿਪ ਤੋਂ ਮੰਗ ਕੀਤੀ ਕਿ ਇਸ ਫੈਸਲੇ ’ਤੇ ਮੁੜ ਵਿਚਾਰ ਕੀਤਾ ਜਾਵੇ। ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸੀਨੀਅਰ ਅਤੇ ਮਿਹਨਤੀ ਵਰਕਰਾਂ ਨੂੰ ਇਸੇ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ, ਤਾਂ ਇਸ ਨਾਲ ਪਾਰਟੀ ਕਮਜ਼ੋਰ ਹੋਵੇਗੀ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।

ਸ਼ੈਰੀ ਚੱਢਾ ਦਾ ਵੀ ਵਿਰੋਧ, ‘ਵਫ਼ਾਦਾਰੀ ਦਾ ਨਹੀਂ ਮਿਲਿਆ ਸਨਮਾਨ’
-ਵੱਡੇ ਸਿਆਸੀ ਫ਼ੈਸਲੇ ਦੇ ਸੰਕੇਤ, ਬੋਲੇ,1-2 ਦਿਨ 'ਚ ਹੋ ਸਕਦੈ ਵੱਡਾ ਧਮਾਕਾ
ਕੌਂਸਲਰ ਪਰਮਜੋਤ ਸਿੰਘ ਸ਼ੈਰੀ ਚੱਢਾ ਨੇ ਵੀ ਜ਼ਿਲਾ ਕਾਂਗਰਸ (ਸ਼ਹਿਰੀ) ਦੀ ਸੂਚੀ ਵਿਚ ਮਿਲੇ ਸਪੈਸ਼ਲ ਇਨਵਾਇਟੀ ਦੇ ਅਹੁਦੇ ਨੂੰ ਲੈ ਕੇ ਡੂੰਘੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਉਹ ਕਾਂਗਰਸ ਦੇ ਇਕ ਵਫ਼ਾਦਾਰ ਸਿਪਾਹੀ ਰਹੇ ਹਨ ਅਤੇ ਹਮੇਸ਼ਾ ਪਾਰਟੀ ਨਾਲ ਮਜ਼ਬੂਤੀ ਨਾਲ ਖੜ੍ਹੇ ਰਹੇ ਹਨ ਪਰ ਹੁਣ ਉਨ੍ਹਾਂ ਨੂੰ ਜਿਸ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ, ਉਹ ਸਮਝ ਤੋਂ ਬਾਹਰ ਹੈ। ਸ਼ੈਰੀ ਚੱਢਾ ਨੇ ਦੱਸਿਆ ਕਿ ਉਨ੍ਹਾਂ ਲਗਾਤਾਰ ਦੂਜੀ ਵਾਰ ਕੌਂਸਲਰ ਚੋਣ ਵਿਚ ਜਿੱਤ ਹਾਸਲ ਕੀਤੀ ਹੈ। ਇੰਨਾ ਹੀ ਨਹੀਂ, ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਵਿਚ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਨੇ ਦੋ ਵੱਖ-ਵੱਖ ਸੀਟਾਂ ’ਤੇ ਚੋਣ ਲੜ ਕੇ ਦੋਵੇਂ ਸੀਟਾਂ ਕਾਂਗਰਸ ਦੀ ਝੋਲੀ ਵਿਚ ਪਾਈਆਂ।
ਇਹ ਵੀ ਪੜ੍ਹੋ: 5 ਦਿਨਾਂ 'ਚ ਮੁੜ ਬਦਲੇਗਾ ਮੌਸਮ! 17 ਅਪ੍ਰੈਲ ਤੱਕ ਪੰਜਾਬ ਦੇ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ
ਉਨ੍ਹਾਂ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਸੱਤਾਧਾਰੀ ਪਾਰਟੀ ਵੱਲੋਂ ਡਿਪਟੀ ਮੇਅਰ ਵਰਗੇ ਅਹੁਦੇ ਅਤੇ ਹੋਰ ਲਾਲਚ ਵੀ ਦਿੱਤੇ ਗਏ, ਪਰ ਉਨ੍ਹਾਂ ਨੇ ਕਦੇ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ ਅਤੇ ਕਾਂਗਰਸ ਨਾਲ ਚੱਟਾਨ ਵਾਂਗ ਖੜ੍ਹੇ ਰਹੇ। ਸ਼ੈਰੀ ਚੱਢਾ ਨੇ ਕਿਹਾ ਕਿ ਪਾਰਟੀ ਦੇ ਹਰ ਧਰਨੇ-ਪ੍ਰਦਰਸ਼ਨ ਅਤੇ ਪ੍ਰੋਗਰਾਮ ਵਿਚ ਉਨ੍ਹਾਂ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਬੇਰੀ ਦੇ ਨਾਲ ਵਧ-ਚੜ੍ਹ ਕੇ ਹਿੱਸਾ ਲਿਆ। ਇਸ ਦੇ ਬਾਵਜੂਦ ਉਨ੍ਹਾਂ ਨੂੰ ਸਪੈਸ਼ਲ ਇਨਵਾਇਟੀ ਵਰਗੇ ਸੀਮਤ ਅਹੁਦੇ ’ਤੇ ਰੱਖਣਾ ਉਨ੍ਹਾਂ ਦੇ ਯੋਗਦਾਨ ਨਾਲ ਇਨਸਾਫ਼ ਨਹੀਂ ਹੈ। ਸ਼ੈਰੀ ਚੱਢਾ ਨੇ ਇਹ ਵੀ ਕਿਹਾ ਕਿ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਹੁਣ ਉਹ ਆਪਣੇ ਸਿਆਸੀ ਭਵਿੱਖ ਨੂੰ ਲੈ ਕੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਉਨ੍ਹਾਂ ਸੰਕੇਤ ਦਿੱਤਾ ਕਿ ਆਉਣ ਵਾਲੇ ਇਕ-ਦੋ ਦਿਨਾਂ ਵਿਚ ਜਲੰਧਰ ਦੀ ਸਿਆਸਤ ਵਿਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ, ਹਾਲਾਂਕਿ ਉਨ੍ਹਾਂ ਨੇ ਵਿਸਥਾਰ ਨਾਲ ਕੁਝ ਦੱਸਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ: ਪੰਜਾਬ 'ਚ 1 ਮਈ ਲਈ ਹੋਇਆ ਵੱਡਾ ਐਲਾਨ! ਸਾਰੇ 55 ਟੋਲ ਪਲਾਜ਼ੇ ਹੋਣਗੇ ਟੋਲ ਮੁਕਤ
ਸੀਨੀਅਰ ਆਗੂਆਂ ਨੂੰ ਕੀਤਾ ਸਾਈਡ ਲਾਈਨ, ਸੁਦੇਸ਼ ਭਗਤ ਨੇ ਵੀ ਪ੍ਰਗਟਾਈ ਨਾਰਾਜ਼ਗੀ
ਜ਼ਿਲ੍ਹਾ ਕਾਂਗਰਸ (ਸ਼ਹਿਰੀ) ਦੇ ਸਾਬਕਾ ਮੀਤ ਪ੍ਰਧਾਨ ਸੁਦੇਸ਼ ਕੁਮਾਰ ਭਗਤ ਨੇ ਵੀ ਜਾਰੀ ਕੀਤੀ ਗਈ ਸੂਚੀ ’ਤੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਉਨ੍ਹਾਂ ਸਾਫ਼ ਕਿਹਾ ਕਿ ਇਹ ਸੂਚੀ ਸੰਗਠਨ ਵਿਚ ਧੜੇਬੰਦੀ ਨੂੰ ਉਤਸ਼ਾਹ ਦੇਵੇਗੀ ਅਤੇ ਪਾਰਟੀ ਨੂੰ ਕਮਜ਼ੋਰ ਕਰੇਗੀ। ਸੁਦੇਸ਼ ਭਗਤ ਦਾ ਦੋਸ਼ ਹੈ ਕਿ ਸੂਚੀ ਤਿਆਰ ਕਰਦੇ ਸਮੇਂ ਸੀਨੀਅਰ ਅਤੇ ਮਿਹਨਤੀ ਆਗੂਆਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਆਗੂ ਆਪਣੀ ਗੱਲ ਰੱਖਦੇ ਹਨ ਜਾਂ ਟਿਕਟ ਦੀ ਮੰਗ ਕਰਦੇ ਹਨ, ਉਨ੍ਹਾਂ ਨੂੰ ਸਾਈਡ ਲਾਈਨ ਕਰ ਦਿੱਤਾ ਗਿਆ ਹੈ, ਜੋ ਸੰਗਠਨ ਲਈ ਸਹੀ ਸੰਕੇਤ ਨਹੀਂ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸੂਚੀ ਕਾਂਗਰਸ ਦਫ਼ਤਰ ਦੇ ਬਾਹਰ ਬੈਠ ਕੇ ਤਿਆਰ ਕੀਤੀ ਗਈ ਅਤੇ ਇਸ ਵਿਚ ਪਾਰਦਰਸ਼ਿਤਾ ਦੀ ਕਮੀ ਸਾਫ਼ ਨਜ਼ਰ ਆਉਂਦੀ ਹੈ। ਭਗਤ ਦੇ ਮੁਤਾਬਕ, ਖ਼ਾਸ ਤੌਰ ’ਤੇ ਕੁਝ ਖੇਤਰਾਂ ਨੂੰ ਟਾਰਗੈੱਟ ਕੀਤਾ ਗਿਆ ਹੈ, ਜਿਸ ਨਾਲ ਅਸੰਤੁਲਨ ਪੈਦਾ ਹੋਇਆ ਹੈ। ਸੁਦੇਸ਼ ਭਗਤ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਖ਼ੁਦ ਧੜੇਬੰਦੀ ਨੂੰ ਉਤਸ਼ਾਹ ਦੇ ਰਹੀ ਹੈ, ਜੋ ਆਉਣ ਵਾਲੀਆਂ ਚੋਣਾਂ ਵਿਚ ਕਾਂਗਰਸ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਮੇਂ ਰਹਿੰਦੇ ਸੁਧਾਰ ਨਾ ਕੀਤਾ ਗਿਆ, ਤਾਂ ਇਸ ਦਾ ਖਮਿਆਜ਼ਾ ਪੂਰੇ ਸੰਗਠਨ ਨੂੰ ਭੁਗਤਣਾ ਪਵੇਗਾ।
ਇਹ ਵੀ ਪੜ੍ਹੋ: ਪ੍ਰਸ਼ਾਸਨਿਕ ਫੇਰਬਦਲ! ਪੰਜਾਬ 'ਚ 4 ਥਾਣਿਆਂ ਦੇ SHO ਤੇ 3 ASI ਅਧਿਕਾਰੀਆਂ ਦੇ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
