ਵੱਡੀ ਖ਼ਬਰ: ਪੰਜਾਬ ''ਚ ਮਸ਼ਹੂਰ ਕਾਰੋਬਾਰੀ ਦੀ ਦੁਕਾਨ ''ਤੇ ਫ਼ਾਇਰਿੰਗ, ਸ਼ਗਨਪ੍ਰੀਤ ਸਿੰਘ ਨਾਲ ਜੁੜੇ ਤਾਰ

Wednesday, Apr 15, 2026 - 02:20 PM (IST)

ਵੱਡੀ ਖ਼ਬਰ: ਪੰਜਾਬ ''ਚ ਮਸ਼ਹੂਰ ਕਾਰੋਬਾਰੀ ਦੀ ਦੁਕਾਨ ''ਤੇ ਫ਼ਾਇਰਿੰਗ, ਸ਼ਗਨਪ੍ਰੀਤ ਸਿੰਘ ਨਾਲ ਜੁੜੇ ਤਾਰ

ਖੰਨਾ (ਵਿਪਨ): ਹਲਕਾ ਪਾਇਲ ਦੇ ਇਕ ਮਸ਼ਹੂਰ ਕਾਰੋਬਾਰੀ ਤੇ ਆੜ੍ਹਤੀਆ ਹਰੀਸ਼ ਕੁਮਾਰ ਨੋਨਾ ਦੀ ਦੁਕਾਨ 'ਤੇ ਫ਼ਾਇਰਿੰਗ ਹੋ ਗਈ। ਕੁਝ ਅਣਪਛਾਤੇ ਵਿਅਕਤੀ ਉਸ ਦੀ ਆੜ੍ਹਤ ਦੀ ਦੁਕਾਨ 'ਤੇ ਗੋਲ਼ੀਆਂ ਚਲਾ ਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ਤੇ ਪੁਲਸ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਥੇ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਇਸ ਕਾਰੋਬਾਰੀ ਤੋਂ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਪਿਤਾ ਸੌਦਾਗਰ ਸਿੰਘ ਸਰਾਓ ਨੂੰ ਫਿਰੌਤੀ ਮੰਗ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਪੁਲਸ ਦੇ ਅਨੁਸਾਰ ਇਸ ਮਾਮਲੇ ਵਿਚ ਸ਼ਗਨਪ੍ਰੀਤ ਸਿੰਘ ਅਤੇ ਉਸ ਦੇ ਪਿਤਾ ਸੌਦਾਗਰ ਸਿੰਘ ਸਰਾਓ ਦੋਵਾਂ 'ਤੇ ਹੀ ਮਾਮਲਾ ਦਰਜ ਕੀਤਾ ਗਿਆ ਸੀ। 

ਮੌਕੇ 'ਤੇ ਮੌਜੂਦ ਦੁਕਾਨ ਦੇ ਮੁਲਾਜ਼ਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਰ ਰਾਤ 2 ਅਣਪਛਾਤੇ ਵਿਅਕਤੀ ਆਏ ਤੇ ਦੁਕਾਨ 'ਤੇ 6 ਫ਼ਾਇਰ ਕਰ ਕੇ ਫ਼ਰਾਰ ਹੋ ਗਏ । ਉਸ ਨੇ ਦੱਸਿਆ ਕਿ ਘਟਨਾ ਵੇਲੇ 2 ਵਿਅਕਤੀ ਦੁਕਾਨ ਦੇ ਅੰਦਰ ਮੌਜੂਦ ਸਨ, ਪਰ ਉਨ੍ਹਾਂ ਦੀ ਬਚਾਅ ਹੋ ਗਿਆ। ਉੱਥੇ ਹੀ ਹੀ ਆੜ੍ਹਤੀਆ ਯੂਨੀਅਨ ਦੇ ਵਾਈਸ ਪ੍ਰਧਾਨ ਅਵਿਨਾਸ਼ਪ੍ਰੀਤ ਜੱਲਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡਾ ਸਾਰਾ ਆੜ੍ਹਤੀਆ ਭਾਈਚਾਰਾ ਹਰੀਸ਼ ਕੁਮਾਰ ਨੋਨਾ ਦੇ ਨਾਲ ਖੜ੍ਹਾ ਹੈ ਤੇ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇ।

ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਪਾਇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2 ਅਣਪਛਾਤੇ ਵਿਅਕਤੀਆਂ ਵੱਲੋਂ ਆੜ੍ਹਤੀਆ ਦੀ ਦੁਕਾਨ 'ਤੇ ਗੋਲੀਆਂ ਚਲਾਈਆਂ ਗਈਆਂ ਹਨ। ਉਨ੍ਹਾਂ ਦੋਸ਼ੀਆਂ ਨੂੰ ਕਾਬੂ ਕਰਨ ਲਈ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਰਹੇ ਹਨ ਤੇ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇਗਾ।


author

Anmol Tagra

Content Editor

Related News