7 ਕਿਸਾਨ ਜਥੇਬੰਦੀਆਂ ਦਿੱਤਾ ਜ਼ੋਰਦਾਰ ਧਰਨਾ

Tuesday, Jun 13, 2017 - 12:11 AM (IST)

7 ਕਿਸਾਨ ਜਥੇਬੰਦੀਆਂ ਦਿੱਤਾ ਜ਼ੋਰਦਾਰ ਧਰਨਾ

ਪਟਿਆਲਾ(ਨੀਲਮ)-ਅੱਜ ਪੰਜਾਬ ਦੀਆਂ 7 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਸਾਂਝੀ ਤਾਲਮੇਲ ਕਮੇਟੀ ਦੇ ਦਿੱਤੇ ਸੱਦੇ ਨੂੰ ਲਾਗੂ ਕਰਦਿਆਂ ਡਿਪਟੀ ਕਮਿਸ਼ਨਰ ਦਫਤਰ ਅੱਗੇ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਉਪਰੰਤ ਡੀ. ਸੀ. ਨੂੰ ਪ੍ਰਧਾਨ ਮੰਤਰੀ ਦੇ ਨਾਂ ਮੰਗ-ਪੱਤਰ ਦਿੱਤਾ ਗਿਆ।  ਇਸ ਵਿਚ ਜ਼ੋਰਦਾਰ ਮੰਗ ਕੀਤੀ ਗਈ ਕਿ ਪਿਛਲੇ ਦਿਨੀਂ ਮੱਧ ਪ੍ਰਦੇਸ਼ ਵਿਚ ਪੀੜਤ ਕਿਸਾਨੀ ਵੱਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੌਰਾਨ ਉਥੋਂ ਦੀ ਪੁਲਸ ਵੱਲੋਂ ਕੀਤੀ ਅੰਨ੍ਹੇਵਾਹ ਫਾਇਰਿੰਗ ਦੌਰਾਨ 6 ਕਿਸਾਨਾਂ ਦੀ ਮੌਤ ਅਤੇ ਸੈਂਕੜੇ ਕਿਸਾਨਾਂ ਦੇ ਜ਼ਖਮੀ ਹੋਣ ਕਰ ਕੇ ਸੂਬਾ ਸਰਕਾਰ ਨੂੰ ਬਰਖਾਸਤ ਕਿਤਾ ਜਾਵੇ। ਗੋਲੀ ਦੇ ਹੁਕਮ ਦੇਣ ਵਾਲੇ ਅਤੇ ਗੋਲੀ ਚਲਾਉਣ ਵਾਲੇ ਪੁਲਸ ਕਰਮਚਾਰੀਆਂ 'ਤੇ ਕਤਲ ਦੇ ਮੁਕੱਦਮੇ ਦਰਜ ਕਰਨ ਸਬੰਧੀ ਵੀ ਮੰਗ ਕੀਤੀ ਗਈ। ਇਸ ਸਮੇਂ ਮੱਧ ਪ੍ਰਦੇਸ਼ ਦੇ ਕਿਸਾਨਾਂ ਦੀਆਂ ਸਮੁੱਚੀਆਂ ਮੰਗਾਂ ਨੂੰ ਮੰਨੇ ਜਾਣ ਬਾਰੇ ਵੀ ਕਿਹਾ ਗਿਆ। ਦੂਜਾ ਮੰਗ-ਪੱਤਰ ਮੁੱਖ ਮੰਤਰੀ ਦੇ ਨਾਂ ਦਿੱਤਾ ਗਿਆ। ਇਸ ਰਾਹੀਂ ਕਿਹਾ ਗਿਆ ਕਿ ਸਰਕਾਰ ਆਪਣੇ ਕੀਤੇ ਚੋਣ ਵਾਅਦੇ ਮੁਤਾਬਿਕ ਕਰਜ਼ਾ ਮੋੜਨ ਤੋਂ ਅਸਮਰੱਥ ਹੈ। ਕੀਤੇ ਵਾਧੇ ਅਨੁਸਾਰ ਪੰਜਾਬ ਸਰਕਾਰ ਕਿਸਾਨਾਂ ਦਾ ਹਰ ਤਰਾਂ ਦਾ ਕਰਜ਼ਾ ਮੁਆਫ ਕਰੇ। ਕਰਜ਼ੇ ਦੇਣ ਸਮੇਂ ਕਿਸਾਨਾਂ ਤੋਂ ਲਏ ਜਾਂਦੇ ਖਾਲੀ ਚੈੱਕ ਦੀ ਪ੍ਰਥਾ ਖਤਮ ਕੀਤੀ ਜਾਵੇ। ਖਾਲੀ ਚੈੱਕਾਂ ਕਾਰਨ ਕਿਸਾਨਾਂ 'ਤੇ ਬਣਾਏ ਜਾ ਰਹੇ ਝੂਠੇ ਕੇਸ ਵਾਪਸ ਲਏੇ ਜਾਣ। ਕੋਆਪ੍ਰੇਟਿਵ ਐਕਟ ਦੀ ਧਾਰਾ 63-ਸੀ ਵਾਪਸ ਲਈ ਜਾਵੇ ਅਤੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਵਾਰਿਸ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਮੌਕੇ ਇੱਕ ਵਿਸ਼ੇਸ਼ ਮਤੇ ਰਾਹੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜ਼ਿਲਾ ਫਿਰੋਜ਼ਪੁਰ ਦੇ ਪ੍ਰਧਾਨ ਗੁਰਮੀਤ ਸਿੰਘ ਮਹਿਮਾ ਤੇ ਡੀ. ਸੀ. ਫਿਰੋਜ਼ਪੁਰ ਦੀ ਹਾਜ਼ਰੀ ਵਿਚ ਪੁਲਸ ਵੱਲੋਂ ਕੀਤੇ ਗਏ ਅੰਨ੍ਹੇਵਾਹ ਤਸ਼ੱਦਦ ਦੀ ਨਿਖੇਧੀ ਕੀਤੀ ਗਈ। ਇਸ ਧਰਨੇ ਨੂੰ ਜਗਮੋਹਨ ਸਿੰਘ ਸੂਬਾ ਜਨਰਲ ਸਕੱਤਰ, ਰਾਮ ਸਿੰਘ ਮਟੋਰੜਾ ਸੂਬਾ ਖਜ਼ਾਨਚੀ, ਕਰਨੈਲ ਸਿੰਘ ਲੰਗ, ਹਰਭਜਨ ਸਿੰਘ ਬੁੱਟਰ ਜ਼ਿਲਾ ਮੀਤ ਪ੍ਰਧਾਨ, ਪ੍ਰੋ. ਬਾਵਾ ਸਿੰਘ, ਜੰੰਗ ਸਿੰਘ ਭਟੇੜੀ, ਸੁਖਵਿੰਦਰ ਸਿੰਘ, ਗੁਰਬਚਨ ਸਿੰਘ ਅਤੇ ਅਵਤਾਰ ਸਿੰਘ ਕਜੋਰੀਵਾਲਾ, ਨਿਰਮਲ ਸਿੰਘ ਲਚਕਾਣੀ ਜ਼ਿਲਾ ਪ੍ਰੈੱਸ ਸਕੱਤਰ, ਬਲਵੀਰ ਸਿੰਘ ਮਵੀ ਸੱਪਾਂ, ਨਿਸ਼ਾਨ ਸਿੰਘ ਜ਼ਿਲਾ, ਜਥੇਬੰਦਕ ਸਕੱਤਰ ਅਤੇ ਹਰਨੇਕ ਸਿੰਘ ਜ਼ਿਲਾ ਪ੍ਰਧਾਨ, ਫਤਿਹਗੜ੍ਹ ਸਾਹਿਬ ਆਦਿ ਆਗੂਆਂ ਨੇ ਸੰਬੋਧਨ ਕੀਤਾ।


Related News