ਕਣਕ ਵੇਚਣ ਆਏ ਕਿਸਾਨ ਦੀ ਦਾਣਾ ਮੰਡੀ ’ਚ ਹੋਈ ਮੌਤ
Saturday, Apr 11, 2026 - 11:13 AM (IST)
ਮੌੜ ਮੰਡੀ (ਪ੍ਰਵੀਨ) : ਸਥਾਨਕ ਸ਼ਹਿਰ ਦੀ ਨਵੀਂ ਦਾਣਾ ਮੰਡੀ ਵਿਖੇ ਕਣਕ ਵੇਚਣ ਆਏ ਮੌੜ ਕਲਾਂ ਦੇ ਇਕ ਕਿਸਾਨ ਦੀ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਕਿਸਾਨ ਦੇ ਪੁੱਤਰ ਸੰਦੀਪ ਸਿੰਘ ਅਤੇ ਪਿੰਡ ਵਾਸੀਆਂ ਹਰਜਿੰਦਰ ਸਿੰਘ ਮਾਨ, ਸਾਬਕਾ ਕੌਂਸਲਰ ਗੁਰਦੀਪ ਸਿੰਘ, ਹਰਬੰਸ ਸਿੰਘ, ਸਿਕੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਗੁਰਦੇਵ ਸਿੰਘ ਵਾਸੀ ਮੌੜ ਕਲਾਂ ਆਪਣੀ ਕਣਕ ਵੇਚਣ ਲਈ ਦਾਣਾ ਮੰਡੀ ਵਿਖੇ ਆਇਆ ਹੋਇਆ ਸੀ। ਉਹ ਆਪਣੀ ਕਣਕ ਨੂੰ ਸੁਕਾਉਣ ਲਈ ਕਣਕ ਦੀ ਉਲਟਾ ਪਲਟੀ ਕਰ ਰਿਹਾ ਸੀ ਕਿ ਅਚਾਨਕ ਹੀ ਕਿਸਾਨ ਗੁਰਦੇਵ ਸਿੰਘ ਦੀ ਮੌਤ ਹੋ ਗਈ। ਭਾਵੇਂ ਮੌਤ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀ ਮਿਲ ਸਕੀ ਸੀ। ਕਿਸਾਨ ਯੂਨੀਅਨ ਦੇ ਆਗੂਆਂ ਰਾਜਵਿੰਦਰ ਸਿੰਘ ਰਾਜੀ, ਜਗਸੀਰ ਸਿੰਘ ਜੱਗਾ ਅਤੇ ਸਮਾਜ ਸੇਵੀ ਰਮਨਦੀਪ ਸਿੰਘ ਰਮਨਾ ਨੇ ਕਿਹਾ ਕਿ ਇਕ ਪਾਸੇ ਕਿਸਾਨਾਂ ਨੂੰ ਕੁਦਰਤ ਦੀ ਮਾਰ ਪੈ ਰਹੀ ਹੈ ਉੱਧਰ ਦੂਜੇ ਪਾਸੇ ਕਣਕ ਦੀ ਖਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨ ਮੰਡੀਆਂ ’ਚ ਰੁਲਣ ਲਈ ਮਜ਼ਬੂਰ ਹਨ।
ਮ੍ਰਿਤਕ ਕਿਸਾਨ ਗੁਰਦੇਵ ਸਿੰਘ ਮੌੜ ਕਲਾਂ ਦਾ ਇਸ ਤਰ੍ਹਾਂ ਚਲੇ ਜਾਣਾ ਸਪੱਸ਼ਟ ਕਰਦਾ ਹੈ ਕਿ ਕਿਸਾਨ ਨੂੰ ਜਿੱਥੇ ਕਰਜ਼ੇ ਅਤੇ ਕੁਦਰਤੀ ਮਾਰ ਦੀਆਂ ਚਿੰਤਾਵਾ ਖੋਖਲਾ ਕਰ ਰਹੀਆਂ ਹਨ, ਉੱਥੇ ਸਰਕਾਰਾਂ ਦੀ ਬੇਰੁਖੀ ਕਿਸਾਨਾਂ ਦੀ ਪਰੇਸ਼ਾਨੀ ਦਿਨੋਂ-ਦਿਨ ਵਧਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਰਾਹਤ ਦੇਣ ਲਈ ਮੰਡੀਆਂ ’ਚ ਕਣਕ ਦੀ ਖਰੀਦ ਤੁਰੰਤ ਸ਼ੁਰੂ ਕੀਤੀ ਜਾਵੇ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਪਰਿਵਾਰ ਨੂੰ ਬਣਦਾ ਮੁਆਵਜ਼ਾ ਦੇਣ ਦੇ ਨਾਲਨਾਲ ਕਰਜ਼ਾ ਮੁਕਤ ਵੀ ਕੀਤਾ ਜਾਵੇ। ਇਸ ਦੇ ਨਾਲ ਹੀ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ ਤਾਂ ਜੋ ਪਰਿਵਾਰ ਫਿਰ ਤੋਂ ਆਪਣੇ ਪੈਰਾਂ ’ਤੇ ਖੜ੍ਹਾ ਹੋ ਸਕੇ। ਇਸ ਮੌਕੇ ਵੱਡੀ ਗਿਣਤੀ ਕਿਸਾਨ ਪਰਿਵਾਰ ਨਾਲ ਹਮਦਰਦੀ ਲਈ ਮੰਡੀ ’ਚ ਇਕੱਠੇ ਹੋ ਰਹੇ ਸਨ।
