ਸਪਾ ਸੈਂਟਰ ਦੀ ਆੜ ’ਚ ਦੇਹ ਵਪਾਰ ਦਾ ਪਰਦਾਫਾਸ਼, ਇਕ ਵਿਅਕਤੀ ਗ੍ਰਿਫ਼ਤਾਰ

Monday, Sep 14, 2026 - 01:01 PM (IST)

ਸਪਾ ਸੈਂਟਰ ਦੀ ਆੜ ’ਚ ਦੇਹ ਵਪਾਰ ਦਾ ਪਰਦਾਫਾਸ਼, ਇਕ ਵਿਅਕਤੀ ਗ੍ਰਿਫ਼ਤਾਰ

ਖਰੜ (ਰਣਬੀਰ, ਅਮਰਦੀਪ) : ਖਰੜ ਪੁਲਸ ਨੇ ਸਮਾਜ ਵਿਰੋਧੀ ਗਤੀਵਿਧੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸੈਕਟਰ-117 ਸਥਿਤ ਮੋਤੀਆ ਸੁਸਾਇਟੀ ’ਚ ਸਪਾ ਸੈਂਟਰ ’ਤੇ ਛਾਪੇਮਾਰੀ ਕਰਕੇ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਕਾਰਵਾਈ ਦੌਰਾਨ ਸਪਾ ਸੈਂਟਰ ’ਚੋਂ 4 ਕੁੜੀਆਂ ਨੂੰ ਰੈਸਕਿਊ ਕਰਵਾਇਆ, ਜਦੋਂ ਕਿ ਮੌਕੇ ਤੋਂ ਸਪਾ ਸੈਂਟਰ ਦੇ ਮੈਨੇਜਰ ਸਲਮਾਨ ਖਾਨ ਨੂੰ ਕਾਬੂ ਕੀਤਾ ਗਿਆ। ਡੀ.ਐੱਸ.ਪੀ. ਖਰੜ ਈਸ਼ਾਨ ਸਿੰਗਲਾ ਤੇ ਥਾਣਾ ਸਦਰ ਖਰੜ ਦੇ ਐੱਸ. ਐੱਚ. ਓ. ਇੰਸਪੈਕਟਰ ਸੁਨੀਲ ਸ਼ਰਮਾ ਨੇ ਦੱਸਿਆ ਕਿ ਮਜਾਤ ਚੌਂਕੀ ਇੰਚਾਰਜ ਚਰਨ ਸਿੰਘ ਸਮੇਤ ਪੁਲਸ ਪਾਰਟੀ ਇਲਾਕੇ ’ਚ ਗਸ਼ਤ ਕਰ ਰਹੀ ਸੀ।
ਇਸ ਦੌਰਾਨ ਮੁਖ਼ਬਰ ਖ਼ਾਸ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਸੈਕਟਰ-117 ਦੀ ਮੋਤੀਆ ਸੁਸਾਇਟੀ ਸਥਿਤ ‘ਦਿ ਲਗਜ਼ਰੀ ਸਪਾ ਸੈਂਟਰ’ ’ਚ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਸ ਪਾਰਟੀ ਨੇ ਸਪਾ ਸੈਂਟਰ ’ਤੇ ਛਾਪੇਮਾਰੀ ਕੀਤੀ। ਪੁਲਸ ਕਾਰਵਾਈ ਦੌਰਾਨ ਸਪਾ ਸੈਂਟਰ ’ਚੋਂ ਚਾਰ ਕੁੜੀਆਂ ਨੂੰ ਰੈਸਕਿਊ ਕਰਵਾਇਆ ਗਿਆ। ਪੁਲਸ ਨੇ ਮੌਕੇ ਤੋਂ ਮੈਨੇਜਰ ਸਲਮਾਨ ਖਾਨ ਵਾਸੀ ਰਾਮੀਆ ਕਲੋਨੀ ਛਛਰੋਲੀ ਜ਼ਿਲ੍ਹਾ ਯਮੁਨਾਨਗਰ ਨੂੰ ਕਾਬੂ ਕਰ ਲਿਆ। ਪੁਲਸ ਮੁਤਾਬਕ ਮਾਮਲੇ ’ਚ ਸਪਾ ਸੈਂਟਰ ਦੇ ਮਾਲਕ ਤੇ ਮੈਨੇਜਰ ਸਲਮਾਨ ਖਾਨ ਖ਼ਿਲਾਫ਼ ਥਾਣਾ ਸਦਰ ਖਰੜ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਤੇ ਸਪਾ ਸੈਂਟਰ ਦੇ ਮਾਲਕ ਦੀ ਭੂਮਿਕਾ ਸਮੇਤ ਹੋਰ ਪਹਿਲੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਮੁਲਜ਼ਮ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜਿਆ
ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸਲਮਾਨ ਖਾਨ ਨੂੰ ਖਰੜ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਇਲਾਕੇ ’ਚ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਜਿਹੀਆਂ ਗਤੀਵਿਧੀਆਂ ’ਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਪੁਲਸ ਦੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ।


author

Babita

Content Editor

Related News