ਪੁਰਾਣੀ ਰੰਜਿਸ਼ ਕਾਰਨ ਮਾਮੇ ਦਾ ਕੁਹਾੜੀ ਮਾਰ ਕੇ ਕਤਲ, ਭਾਣਜੇ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

Wednesday, Sep 02, 2026 - 05:22 PM (IST)

ਪੁਰਾਣੀ ਰੰਜਿਸ਼ ਕਾਰਨ ਮਾਮੇ ਦਾ ਕੁਹਾੜੀ ਮਾਰ ਕੇ ਕਤਲ, ਭਾਣਜੇ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

ਹੰਡੇਸਰਾ (ਅਨਿਲ ਸ਼ਰਮਾ) : ਥਾਣਾ ਹੰਡੇਸਰਾ ਅਧੀਨ ਪੈਂਦੇ ਪਿੰਡ ਜੌਲਾ ਕਲਾਂ 'ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਵਿਅਕਤੀ ਦਾ ਕੁਹਾੜੀ ਨਾਲ ਗਲਾ ਵੱਢ ਕੇ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲੇ 'ਚ ਤੁਰੰਤ ਕਾਰਵਾਈ ਕਰਦਿਆਂ ਮ੍ਰਿਤਕ ਦੇ ਭਾਣਜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਕਮੇਸਰ ਰਾਏ ਵਾਸੀ ਪਿੰਡ ਜੌਲਾ ਕਲਾਂ, ਥਾਣਾ ਹੰਡੇਸਰਾ ਵਜੋਂ ਹੋਈ ਹੈ, ਜਦੋਂ ਕਿ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਰਾਮਜੀ ਰਾਏ ਪੁੱਤਰ ਬਿਦਿਆ ਰਾਏ ਵਾਸੀ ਪਿੰਡ ਬਲੀਹਾਰਪੁਰ, ਥਾਣਾ ਮੇਹਰਗੰਜ, ਜ਼ਿਲ੍ਹਾ ਸੀਤਾਮੜ੍ਹੀ, ਬਿਹਾਰ ਵਜੋਂ ਹੋਈ ਹੈ। ਪੁਲਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ 2 ਸਤੰਬਰ ਨੂੰ ਸੂਚਨਾ ਮਿਲੀ ਸੀ ਕਿ ਲਾਲਪਤ ਰਾਏ ਪੁੱਤਰ ਯੋਗੇਸ਼ਵਰ ਰਾਏ ਵਾਸੀ ਪਿੰਡ ਵਿਰਤਾ ਟੋਲਾ, ਜ਼ਿਲ੍ਹਾ ਸਲਰਾਹੀ, ਨੇਪਾਲ, ਮੌਜੂਦਾ ਸਮੇਂ 'ਚ ਜੌਲਾ ਕਲਾਂ ਵਿਖੇ ਮੋਟਰ ਮਾਲਕ ਜਸਵੰਤ ਸਿੰਘ ਦੇ ਮੋਟਰ ਵਾਲੇ ਕਮਰੇ 'ਚ ਰਹਿ ਰਿਹਾ ਹੈ। ਕਮੇਸਰ ਰਾਏ ਵੀ ਉੱਥੇ ਰਹਿ ਕੇ ਮਿਹਨਤ-ਮਜ਼ਦੂਰੀ ਕਰਦਾ ਸੀ। ਉਸਦਾ ਭਾਣਜਾ ਰਾਮਜੀ ਰਾਏ ਵੀ ਇਸੇ ਇਲਾਕੇ 'ਚ ਰਹਿ ਕੇ ਮਜ਼ਦੂਰੀ ਕਰਦਾ ਸੀ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਰਾਮਜੀ ਰਾਏ ਅਤੇ ਉਸਦੇ ਮਾਮੇ ਕਮੇਸਰ ਰਾਏ ਵਿਚਕਾਰ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਕੁੱਝ ਦਿਨ ਪਹਿਲਾਂ ਵੀ ਦੋਵਾਂ ਵਿਚਕਾਰ ਲੜਾਈ-ਝਗੜਾ ਹੋਇਆ ਸੀ। ਪੁਲਸ ਅਨੁਸਾਰ 1 ਸਤੰਬਰ ਦੀ ਰਾਤ ਨੂੰ ਕੁੱਝ ਵਿਅਕਤੀ ਇਕੱਠੇ ਹੋ ਕੇ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਰਾਮਜੀ ਰਾਏ ਅਤੇ ਕਮੇਸਰ ਰਾਏ ਵਿਚਕਾਰ ਮੁੜ ਤਕਰਾਰ ਹੋ ਗਈ।  ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਗੁੱਸੇ 'ਚ ਆਏ ਰਾਮਜੀ ਰਾਏ ਨੇ ਆਪਣੇ ਮਾਮੇ ਕਮੇਸਰ ਰਾਏ ਦੀ ਧੌਣ ’ਤੇ ਕੁਹਾੜੀ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਹੰਡੇਸਰਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਥਾਣਾ ਮੁਖੀ ਸੁਨੀਲ ਕੁਮਾਰ ਦੀ ਅਗਵਾਈ ਹੇਠ ਪੁਲਸ ਨੇ ਮਾਮਲਾ ਦਰਜ ਕੀਤਾ। ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਮ੍ਰਿਤਕ ਦੇ ਵਾਰਸਾਂ ਦੇ ਪਹੁੰਚਣ ਉਪਰੰਤ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਰਾਮਜੀ ਰਾਏ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਦੌਰਾਨ ਕਤਲ ਨਾਲ ਜੁੜੇ ਹੋਰ ਤੱਥਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।


author

Babita

Content Editor

Related News