ਮਾਛੀਵਾੜਾ ’ਚ ਅਵਾਰਾ ਕੁੱਤੇ ਨੂੰ ਕੁੱਟਣ ''ਤੇ ਪੁਲਸ ਨੇ ਵਿਅਕਤੀ ਖ਼ਿਲਾਫ ਦਰਜ ਕੀਤਾ ਮਾਮਲਾ
Friday, Sep 11, 2026 - 05:03 PM (IST)
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਵਿਚ ਅਵਾਰਾ ਕੁੱਤੇ ਨੂੰ ਲੈ ਕੇ ਇਕ ਨਿਵੇਕਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਪਰਿਵਾਰ ਨੂੰ ਇਹ ਅਵਾਰਾ ਕੁੱਤਾ ਪ੍ਰੇਸ਼ਾਨ ਕਰਦਾ ਸੀ ਅਤੇ ਜਦੋਂ ਉਨ੍ਹਾਂ ਨੇ ਇਸ ਨੂੰ ਕੁੱਟਿਆ ਤਾਂ ਪੁਲਸ ਨੇ ਮਾਮਲਾ ਦਰਜ ਕਰ ਦਿੱਤਾ। ਮਾਛੀਵਾੜਾ ਦੇ ਪ੍ਰੇਮ ਨਗਰ ਵਾਸੀ ਸਾਹਿਲ ਨੇ ਦੱਸਿਆ ਕਿ ਇਕ ਅਵਾਰਾ ਕੁੱਤਾ ਗਲੀ ਵਿਚ ਘੁੰਮਦਾ ਰਹਿੰਦਾ ਸੀ ਅਤੇ ਉਹ ਇਕ ਪਰਿਵਾਰ ਦੇ ਬੱਚਿਆਂ ਨੂੰ ਪ੍ਰੇਸ਼ਾਨ ਕਰਦਾ ਸੀ ਅਤੇ ਕਈ ਵਾਰ ਵੱਢਣ ਤੱਕ ਵੀ ਪੈਂਦਾ ਸੀ। ਇੱਥੋਂ ਤੱਕ ਕਿ ਉਸਦੀ ਕਾਰ ਜੋ ਗਲੀ ਵਿਚ ਖੜ੍ਹਦੀ ਸੀ, ਇਸ ਅਵਾਰਾ ਕੁੱਤੇ ਨੇ ਕਈ ਵਾਰ ਉਸ ਉੱਪਰ ਪਾਈ ਤਰਪਾਲ ਪਾੜ ਦਿੱਤੀ ਅਤੇ ਛੱਤ ’ਤੇ ਵੀ ਝਰੀਟਾਂ ਮਾਰ ਕੇ ਕਾਰ ਖ਼ਰਾਬ ਕਰ ਦਿੱਤੀ। ਅਖੀਰ ਉਸਨੇ ਪ੍ਰੇਸ਼ਾਨ ਹੋ ਕੇ ਅਵਾਰਾ ਕੁੱਤੇ ਨੂੰ ਬੰਨ੍ਹ ਕੇ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਸੂਚਿਤ ਕਰ ਦਿੱਤਾ ਕਿ ਇਸ ਨੂੰ ਲੈ ਜਾਓ। ਸਾਹਿਲ ਨੇ ਦੱਸਿਆ ਕਿ ਜਦੋਂ ਉਸਨੇ ਅਵਾਰਾ ਕੁੱਤੇ ਨੂੰ ਬੰਨ੍ਹਿਆ ਸੀ ਤਾਂ ਉਹ ਉਸ ਨੂੰ ਵੱਢਣ ਪੈ ਗਿਆ ਜਿਸ ਕਾਰਨ ਉਸਨੇ ਉਸਦੇ ਕੁਝ ਸੋਟੀਆਂ ਮਾਰੀਆਂ। ਸਾਹਿਲ ਅਨੁਸਾਰ ਕੁਝ ਹੀ ਮਿੰਟਾਂ ’ਚ ਨਗਰ ਕੌਂਸਲ ਦਾ ਕਰਮਚਾਰੀ ਆ ਗਿਆ ਜਿਸ ਨੇ ਕੁੱਤੇ ਨੂੰ ਕਾਰ ਦੀ ਡਿੱਗੀ ਵਿਚ ਬਿਠਾ ਕੇ ਸ਼ਹਿਰ ਤੋਂ ਬਾਹਰ ਕਈ ਕਿਲੋਮੀਟਰ ਦੂਰ ਛੱਡ ਦਿੱਤਾ ਜਿਸ ਦੀ ਉਸ ਕੋਲ ਵੀਡੀਓ ਵੀ ਹੈ। ਉਸਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਉਸ ਉੱਪਰ ਦੋਸ਼ ਲਗਾਏ ਜਾ ਰਹੇ ਹਨ ਕਿ ਉਸਨੇ ਕੁੱਤੇ ਨੂੰ ਮਾਰ ਦਿੱਤਾ ਹੈ ਜੋ ਕਿ ਅਧੂਰੀ ਵੀਡੀਓ ਹੈ ਜਦਕਿ ਉਸ ਕੋਲ ਪੂਰੀ ਵੀਡੀਓ ਹੈ ਜਿਸ ਵਿਚ ਕੁੱਤੇ ਨੂੰ ਕਾਬੂ ਕਰਕੇ ਦੂਰ ਪਿੰਡ ਵਿਚ ਛੱਡਣ ਦੇ ਸਾਰੇ ਸਬੂਤ ਹਨ ਜਿਸ ਨਾਲ ਨਗਰ ਕੌਂਸਲ ਦਾ ਕਰਮਚਾਰੀ ਵੀ ਮੌਜੂਦ ਸੀ।
ਗੁਆਂਢੀ ਨੇ ਕੁੱਤੇ ਨੂੰ ਕੁੱਟਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਈ ਜਿਸ ’ਤੇ ਪੁਲਸ ਨੇ ਕੀਤਾ ਮਾਮਲਾ ਦਰਜ
ਸਾਹਿਲ ਵਲੋਂ ਜਦੋਂ ਇਸ ਅਵਾਰਾ ਕੁੱਤੇ ਨੂੰ ਕਾਬੂ ਕਰਕੇ ਸੋਟੀਆਂ ਮਾਰੀਆਂ ਜਾ ਰਹੀਆਂ ਸਨ ਤਾਂ ਉਸ ਦੀ ਵੀਡੀਓ ਇਕ ਗੁਆਂਢੀ ਨੇ ਬਣਾ ਲਈ ਜਿਸ ਨੂੰ ਸੋਸ਼ਲ ਮੀਡੀਆ ’ਤੇ ਪਾ ਕੇ ਜਾਨਵਰ ਪ੍ਰੇਮੀਆਂ ਨੂੰ ਸੁਨੇਹਾ ਦਿੱਤਾ ਕਿ ਕੁੱਤੇ ’ਤੇ ਤਸ਼ੱਦਦ ਕੀਤਾ ਗਿਆ। ਪੁਲਸ ਕੋਲ ਜਦੋਂ ਇਸ ਸਬੰਧੀ ਵੀਡੀਓ ਪੁੱਜੀ ਤਾਂ ਉਨ੍ਹਾਂ ਨੇ ਸਾਹਿਲ ’ਤੇ ਪਰਚਾ ਦਰਜ ਕਰ ਦਿੱਤਾ। ਇਸ ਸਬੰਧੀ ਡੀ.ਐੱਸ.ਪੀ. ਸਮਰਾਲਾ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਵਾਈਰਲ ਵੀਡੀਓ ਦੇ ਅਧਾਰ ’ਤੇ ਇਕ ਵਿਅਕਤੀ ਵਲੋਂ ਬੇਜੁਬਾਨ ਕੁੱਤੇ ਨੂੰ ਸੋਟੀਆਂ ਮਾਰਨ ’ਤੇ ਜੋ ਤਸ਼ੱਦਦ ਹੋਇਆ ਹੈ ਉਸ ਨਾਲ ਕਾਫ਼ੀ ਲੋਕਾਂ ਵਿਚ ਰੋਸ ਹੈ। ਪੁਲਸ ਵਲੋਂ ਫਿਲਹਾਲ ਮਾਮਲਾ ਦਰਜ ਕਰ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਵਾਰਾ ਕੁੱਤੇ ਨੂੰ ਕੁੱਟਣ ’ਤੇ ਪਰਚਾ ਪਰ ਜੇਕਰ ਅਵਾਰਾ ਕੁੱਤਾ ਬੱਚਿਆਂ ਨੂੰ ਨੋਚ ਕੇ ਖਾ ਜਾਵੇ ਤਾਂ ਕੌਣ ਜ਼ਿੰਮੇਵਾਰ
ਮਾਛੀਵਾੜਾ ਇਲਾਕੇ ਵਿਚ ਅਵਾਰਾ ਕੁੱਤੇ ਨੂੰ ਕੁੱਟਣ ਦੇ ਮਾਮਲੇ ਨੂੰ ਲੈ ਕੇ ਪੁਲਸ ਵਲੋਂ ਕਾਨੂੰਨ ਅਨੁਸਾਰ ਉਸ ਵਿਅਕਤੀ ’ਤੇ ਪਰਚਾ ਦਰਜ ਕਰ ਦਿੱਤਾ ਹੈ ਪਰ ਹੁਣ ਕਈ ਲੋਕਾਂ ਦੇ ਮਨਾਂ ਵਿਚ ਇਹ ਸਵਾਲ ਹੈ ਕਿ ਪਿਛਲੇ ਕੁਝ ਦਿਨਾਂ ਵਿਚ ਨੇੜਲੇ ਪਿੰਡ ਇਰਾਕ ਵਿਚ ਇਕ ਅਵਾਰਾ ਕੁੱਤਾ ਇਕ ਗਰੀਬ ਪਰਿਵਾਰ ਦੇ ਬੱਚੇ ਨੂੰ ਨੋਚ ਕੇ ਖਾ ਗਿਆ, ਕਰੀਬ 5 ਤੋਂ 7 ਵਿਅਕਤੀਆਂ ਨੂੰ ਵੱਢ ਲਿਆ। ਇਸ ਤੋਂ ਇਲਾਵਾ ਮਾਛੀਵਾੜਾ ਦੇ ਪਿੰਡ ਲੁਬਾਣਗੜ੍ਹ ਵਿਖੇ ਇਕ ਅਵਾਰਾ ਕੁੱਤਾ ਬਜ਼ੁਰਗ ਔਰਤਾਂ ਨੂੰ ਵੱਢ ਕੇ ਬੁਰੀ ਤਰ੍ਹਾਂ ਜਖ਼ਮੀ ਕਰ ਗਿਆ। ਇਕ ਹੋਰ ਪਿੰਡ ਵਿਚ ਗਰੀਬ ਪਰਿਵਾਰ ਦੀਆਂ ਅਵਾਰਾ ਕੁੱਤਾ ਬੱਕਰੀਆਂ ਤੇ ਮੁਰਗੀਆਂ ਖਾ ਗਿਆ। ਹੁਣ ਸਵਾਲ ਤਾਂ ਇਹ ਹੈ ਕਿ ਜੇਕਰ ਇਨ੍ਹਾਂ ਅਵਾਰਾ ਕੁੱਤਿਆਂ ਨੂੰ ਕੋਈ ਕੁੱਟੇਗਾਂ ਤਾਂ ਉਸ ਉੱਪਰ ਕਾਨੂੰਨ ਅਨੁਸਾਰ ਤਸ਼ੱਦਦ ਮੰਨਿਆ ਜਾਵੇਗਾ ਤੇ ਪਰਚਾ ਦਰਜ ਹੋਵੇਗਾ ਅਤੇ ਜੇਕਰ ਇਹ ਅਵਾਰਾ ਕੁੱਤੇ ਕਿਸੇ ਨੂੰ ਵੱਢ ਕੇ ਖਾ ਜਾਣ ਜਾਂ ਮੌਤ ਦੇ ਘਾਟ ਉਤਾਰ ਦੇਣ ਤਾਂ ਉਸ ਲਈ ਜ਼ਿੰਮੇਵਾਰ ਕੌਣ, ਪ੍ਰਸਾਸ਼ਨ ਜਾਂ ਸਰਕਾਰ, ਫਿਰ ਉਹ ਇਨ੍ਹਾਂ ਅਵਾਰਾ ਕੁੱਤਿਆਂ ਤੋਂ ਪੀੜ੍ਹਤ ਪਰਿਵਾਰਾਂ ਨੂੰ ਇਲਾਜ ਕਰਵਾਏਗੀ, ਆਰਥਿਕ ਸਹਾਇਤਾ ਦੇਵੇਗੀ ਜਾਂ ਕਿਸੇ ’ਤੇ ਕਾਨੂੰਨੀ ਕਾਰਵਾਈ ਹੋਵੇਗੀ। ਇਸ ਦਾ ਜਵਾਬ ਦੇਣ ਲਈ ਕੋਈ ਵੀ ਤਿਆਰ ਨਹੀਂ।
