ਦਿਨ-ਦਿਹਾੜੇ ਦਿਵਿਆਂਗ ਵਿਅਕਤੀ ਨੂੰ ਬਣਾਇਆ ਨਿਸ਼ਾਨਾ, ਵ੍ਹੀਲਚੇਅਰ ਤੋਂ ਪਰਸ ਝਪਟ ਕੇ ਫ਼ਰਾਰ
Thursday, Sep 10, 2026 - 11:27 AM (IST)
ਜ਼ੀਰਕਪੁਰ (ਧੀਮਾਨ) : ਜ਼ੀਰਕਪੁਰ ਦੇ ਜਰਨੈਲ ਇਨਕਲੇਵ ਖੇਤਰ ’ਚ ਦਿਨ-ਦਿਹਾੜੇ ਵਾਪਰੀ ਝਪਟਮਾਰੀ ਦੀ ਇਕ ਘਟਨਾ ਨੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਵ੍ਹੀਲਚੇਅਰ ’ਤੇ ਜਾ ਰਹੇ ਦਿਵਿਆਂਗ ਵਿਅਕਤੀ ਸੁਰਿੰਦਰ ਪਾਲ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਦੇ ਹੱਥੋਂ ਪਰਸ ਖੋਹ ਲਿਆ ਤੇ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਪਾਲਮ ਇਨਕਲੇਵ ਦਾ ਵਸਨੀਕ ਹੈ ਅਤੇ ਇਕ ਇੰਸਟੀਚਿਊਟ ਚਲਾਉਂਦਾ ਹੈ। ਸੁਰਿੰਦਰ ਪਾਲ ਮੁਤਾਬਕ ਉਹ ਸਵੇਰੇ ਕਰੀਬ 10.29 ਵਜੇ ਬਿਜਲੀ ਦਫ਼ਤਰ ਵਾਲੀ ਗਲੀ ਰਾਹੀਂ ਜਾ ਰਹੇ ਸਨ।
ਇਸੇ ਦੌਰਾਨ ਪਿੱਛੋਂ ਆਏ ਮੋਟਰਸਾਈਕਲ ਸਵਾਰਾਂ ਨੇ ਅਚਾਨਕ ਝਪਟਾ ਮਾਰ ਕੇ ਪਰਸ ਖੋਹ ਲਿਆ। ਪਰਸ ’ਚ ਚਾਰ ਤੋਂ ਪੰਜ ਹਜ਼ਾਰ ਰੁਪਏ ਦੀ ਨਕਦੀ, ਮੋਬਾਇਲ ਫੋਨ, ਬਲੂਟੁੱਥ ਹੈੱਡਫੋਨ, ਕ੍ਰੈਡਿਟ ਕਾਰਡ, ਆਧਾਰ ਕਾਰਡ, ਪੈਨ ਕਾਰਡ ਅਤੇ ਦਿਵਿਆਂਗਤਾ ਸਰਟੀਫਿਕੇਟ ਸਮੇਤ ਹੋਰ ਜ਼ਰੂਰੀ ਦਸਤਾਵੇਜ਼ ਮੌਜੂਦ ਸਨ। ਪੀੜਤ ਦਾ ਕਹਿਣਾ ਹੈ ਕਿ ਬਾਅਦ ਦੀ ਪੜਤਾਲ ਵਿੱਚ ਵਾਰਦਾਤ ਲਈ ਵਰਤਿਆ ਮੋਟਰਸਾਈਕਲ ਵੀ ਚੋਰੀ ਦਾ ਹੋਣ ਬਾਰੇ ਜਾਣਕਾਰੀ ਮਿਲੀ। ਸੁਰਿੰਦਰ ਪਾਲ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।
