ਨਸ਼ੀਲੀਆਂ ਗੋਲੀਆਂ ਸਣੇ ਕਾਬੂ ਵਿਅਕਤੀ ਨੂੰ 3 ਸਾਲ ਦੀ ਕੈਦ
Tuesday, Sep 08, 2026 - 11:31 AM (IST)
ਮੋਹਾਲੀ (ਜੱਸੀ) : ਥਾਣਾ ਸਦਰ ਕੁਰਾਲੀ ਪੁਲਸ ਵੱਲੋਂ 300 ਨਸ਼ੀਲੀਆਂ ਗੋਲੀਆਂ ਸਮੇਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੇ ਮਾਮਲੇ ਦੀ ਸੁਣਵਾਈ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਨਵਦੀਪ ਕੌਰ ਗਿੱਲ ਦੀ ਅਦਾਲਤ ’ਚ ਹੋਈ। ਸਰਕਾਰੀ ਧਿਰ ਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਸੁਨੀਲ ਕੁਮਾਰ ਵਾਸੀ ਪਿੰਡ ਸ਼ਾਮਪੁਰਾ ਜ਼ਿਲ੍ਹਾ ਰੂਪਨਗਰ ਨੂੰ ਐੱਨ.ਡੀ.ਪੀ.ਐੱਸ. ਐਕਟ ਤਹਿਤ ਦੋਸ਼ੀ ਕਰਾਰ ਦਿੰਦਿਆਂ 3 ਸਾਲ ਕੈਦ ਤੇ 3 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਮੁਤਾਬਕ ਥਾਣਾ ਸਦਰ ਕੁਰਾਲੀ ਪੁਲਸ ਟੀਮ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਟੀ-ਪੁਆਇੰਟ ਸਿੰਘਪੁਰਾ ਨਵਾਂ ਬਾਈਪਾਸ ਵਿਖੇ ਮੌਜੂਦ ਸੀ। ਇਸ ਦੌਰਾਨ ਸ਼ਾਮ ਕਰੀਬ ਸਾਢੇ 4 ਵਜੇ ਪਿੰਡ ਕਾਲੇਵਾਲ ਵਾਲੇ ਪਾਸੇ ਤੋਂ ਮੋਨਾ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ। ਉਸ ਦੇ ਹੱਥ ’ਚ ਪਲਾਸਟਿਕ ਦਾ ਇਕ ਛੋਟਾ ਲਿਫਾਫਾ ਸੀ।
ਪੁਲਸ ਪਾਰਟੀ ਨੇ ਰੂਟੀਨ ਚੈਕਿੰਗ ਦੌਰਾਨ ਉਸ ਨੂੰ ਰੋਕ ਕੇ ਨਾਮ-ਪਤਾ ਪੁੱਛਿਆ। ਵਿਅਕਤੀ ਨੇ ਆਪਣਾ ਨਾਮ ਸੁਨੀਲ ਕੁਮਾਰ ਵਾਸੀ ਪਿੰਡ ਸ਼ਾਮਪੁਰਾ ਜ਼ਿਲ੍ਹਾ ਰੂਪਨਗਰ ਦੱਸਿਆ। ਪੁਲਸ ਟੀਮ ਨੇ ਸ਼ੱਕ ਦੇ ਆਧਾਰ ’ਤੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲ ਮੌਜੂਦ ਲਿਫਾਫੇ ’ਚੋਂ ਗੋਲੀਆਂ ਦੇ 30 ਪੱਤੇ ਬਰਾਮਦ ਹੋਏ। ਇਨ੍ਹਾਂ ਪੱਤਿਆਂ ’ਚੋਂ ਕੁੱਲ 300 ਨਸ਼ੀਲੀਆਂ ਗੋਲੀਆਂ ਮਿਲੀਆਂ। ਸੁਨੀਲ ਕੁਮਾਰ ਇਨ੍ਹਾਂ ਨਸ਼ੀਲੀਆਂ ਗੋਲੀਆਂ ਨੂੰ ਆਪਣੇ ਕਬਜ਼ੇ ’ਚ ਰੱਖਣ ਸਬੰਧੀ ਕੋਈ ਲਾਈਸੈਂਸ ਜਾਂ ਪਰਮਿਟ ਪੇਸ਼ ਨਹੀਂ ਕਰ ਸਕਿਆ। ਇਸ ਤੋਂ ਬਾਅਦ ਥਾਣਾ ਸਦਰ ਕੁਰਾਲੀ ਪੁਲਸ ਨੇ ਉਸ ਖ਼ਿਲਾਫ਼ ਐੱਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਹੁਣ ਅਦਾਲਤ ਨੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਉਸ ਨੂੰ ਦੋਸ਼ੀ ਕਰਾਰ ਦਿੰਦਿਆਂ 3 ਸਾਲ ਦੀ ਕੈਦ ਤੇ 3 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
