PGI ਦੀ ਲਾਂਡਰੀ ''ਚ 18 ਫੁੱਟ ਦਾ ਅਜਗਰ ਮਿਲਿਆ, ਕਰਮਚਾਰੀਆਂ ''ਚ ਮਚਿਆ ਹੜਕੰਪ
Friday, Sep 04, 2026 - 05:25 PM (IST)
ਚੰਡੀਗੜ੍ਹ (ਸ਼ੀਨਾ) : ਇੱਥੇ ਪੀ. ਜੀ. ਆਈ. ਦੀ ਲਾਂਡਰੀ 'ਚ ਸ਼ੁੱਕਰਵਾਰ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਧੋਣ ਲਈ ਲਿਆਂਦੇ ਕੱਪੜਿਆਂ ਦੇ ਢੇਰ 'ਚੋਂ ਕਰੀਬ 18 ਫੁੱਟ ਲੰਬਾ ਅਜਗਰ ਨਿਕਲ ਆਇਆ। ਅਚਾਨਕ ਇੰਨੇ ਵੱਡੇ ਸੱਪ ਨੂੰ ਦੇਖ ਕੇ ਮੁਲਾਜ਼ਮ ਘਬਰਾ ਗਏ ਅਤੇ ਕੁੱਝ ਸਮੇਂ ਲਈ ਕੰਮ ਰੋਕ ਦਿੱਤਾ ਗਿਆ। ਪੀ. ਜੀ. ਆਈ. ਦੇ ਕਰਮਚਾਰੀ ਨੇ ਦੱਸਿਆ ਕਿ ਜਿਵੇਂ ਹੀ ਕੱਪੜਿਆਂ ਦੀ ਛਾਂਟੀ ਕਰ ਰਹੇ ਸਨ, ਉਨ੍ਹਾਂ ਦੀ ਨਜ਼ਰ ਅਜਗਰ 'ਤੇ ਪਈ। ਮੌਕੇ 'ਤੇ ਮੌਜੂਦ ਕੁੱਝ ਲੋਕਾਂ ਨੇ ਆਪਣੇ ਮੋਬਾਇਲ ਫੋਨਾਂ ਨਾਲ ਇਸ ਦੀ ਵੀਡੀਓ ਵੀ ਬਣਾ ਲਈ, ਜੋ ਬਾਅਦ 'ਚ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੀ. ਜੀ. ਆਈ. ਦੇ ਸੁਰੱਖਿਆ ਕਰਮੀ ਅਤੇ ਅਧਿਕਾਰੀ ਮੌਕੇ 'ਤੇ ਪਹੁੰਚੇ। ਇਸ ਤੋਂ ਬਾਅਦ ਜੰਗਲਾਤ ਵਿਭਾਗ ਅਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਜੰਗਲਾਤ ਵਿਭਾਗ ਦੀ ਟੀਮ ਨੇ ਸਾਵਧਾਨੀ ਨਾਲ ਰੈਸਕਿਊ ਮੁਹਿੰਮ ਚਲਾਉਂਦਿਆਂ ਅਜਗਰ ਨੂੰ ਕਾਬੂ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਰੈਸਕਿਊ ਕੀਤੇ ਅਜਗਰ ਨੂੰ ਸੁਰੱਖਿਅਤ ਢੰਗ ਨਾਲ ਸੁਖਨਾ ਵਾਈਲਡ ਲਾਈਫ ਸੈਂਚੁਅਰੀ 'ਚ ਛੱਡ ਦਿੱਤਾ ਗਿਆ ਹੈ। ਕਿਸੇ ਵੀ ਕਰਮਚਾਰੀ ਜਾਂ ਮਰੀਜ਼ ਨੂੰ ਇਸ ਘਟਨਾ ਦੌਰਾਨ ਕੋਈ ਨੁਕਸਾਨ ਨਹੀਂ ਪਹੁੰਚਿਆ।
