ਸੈਕਟਰ-49 ’ਚ ਗੋਲੀ ਚਲਾਉਣ ਵਾਲੇ ਦੋ ਹਮਲਾਵਰ ਗ੍ਰਿਫ਼ਤਾਰ

Saturday, Sep 12, 2026 - 01:32 PM (IST)

ਸੈਕਟਰ-49 ’ਚ ਗੋਲੀ ਚਲਾਉਣ ਵਾਲੇ ਦੋ ਹਮਲਾਵਰ ਗ੍ਰਿਫ਼ਤਾਰ

ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-49 ਦੀ ਈ. ਡਬਲਯੂ. ਐੱਸ. ਕਾਲੋਨੀ ਦੇ ਪ੍ਰਧਾਨ ’ਤੇ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਸ਼ੁੱਕਰਵਾਰ ਦੁਪਹਿਰ ਫਾਇਰਿੰਗ ਕਰ ਦਿੱਤੀ। ਗੋਲੀ ਚੱਲਣ ਤੋਂ ਬਾਅਦ ਕਾਲੋਨੀ ਦੇ ਨੌਜਵਾਨਾਂ ਨੇ ਹਮਲਾਵਰਾਂ ’ਤੇ ਪੱਥਰ ਮਾਰ ਕੇ ਭਜਾ ਦਿੱਤਾ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਪ੍ਰਧਾਨ ਰਾਜਕੁਮਾਰ ਦੇ ਬਿਆਨ ਦਰਜ ਕਰਕੇ ਅਜੈ ਉਰਫ਼ ਅੱਜੂ, ਵਿਜੈ, ਸੰਜੀਵ ਉਰਫ਼ ਨੋਨੀ, ਰਿਤੇਸ਼ ਉਰਫ਼ ਹੱਡੀ, ਜੈਕਾਂਤ ਤੇ ਸ਼੍ਰੀਕਾਂਤ ਸਮੇਤ ਹੋਰਨਾਂ ਖ਼ਿਲਾਫ਼ ਆਰਮਜ਼ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਪੁਲਸ ਨੇ 5 ਘੰਟਿਆਂ ’ਚ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਰਿਤੇਸ਼ ਉਰਫ਼ ਹੱਡੀ ਤੇ ਅੱਜੂ ਵਜੋਂ ਹੋਈ ਹੈ।

ਪੁਲਸ ਨੇ ਉਨ੍ਹਾਂ ਕੋਲੋਂ ਦੇਸੀ ਕੱਟਾ ਤੇ ਹੋਰ ਹਥਿਆਰ ਬਰਾਮਦ ਕੀਤੇ ਹਨ। ਸੈਕਟਰ-49 ਥਾਣਾ ਪੁਲਸ ਦੋਵਾਂ ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰੇਗੀ। ਸੈਕਟਰ-49 ਸਥਿਤ ਈ.ਡਬਲਯੂ.ਐੱਸ. ਕਾਲੋਨੀ ਨਿਵਾਸੀ ਰਾਜਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਦੁਪਹਿਰ ਸਮੇਂ ਰਿਤੇਸ਼ ਉਰਫ਼ ਹੱਡੀ ਨੇ 10-12 ਲੋਕਾਂ ਦੇ ਗਰੁੱਪ ਨਾਲ ਮਿਲ ਕੇ ਉਸ ’ਤੇ ਅਚਾਨਕ ਹਮਲਾ ਕਰ ਦਿੱਤਾ। ਇਸ ਦੌਰਾਨ ਅਜੈ ਨੇ ਪਿਸਤੌਲ ਕੱਢ ਕੇ ਉਸ ’ਤੇ ਤਾਣ ਦਿੱਤੀ ਤੇ ਲਾਠੀਆਂ ਨਾਲ ਉਸ ’ਤੇ ਹਮਲਾ ਕੀਤਾ। ਇਸ ਦੌਰਾਨ ਕਾਲੋਨੀ ਦੇ ਲੋਕਾਂ ਨੇ ਹਮਲਾਵਰਾਂ ’ਤੇ ਪਥਰਾਅ ਕਰ ਦਿੱਤਾ। ਅਜੈ ਨੇ ਪਿਸਤੌਲ ਕੱਢ ਕੇ ਹਵਾ ’ਚ ਫਾਇਰ ਕੀਤਾ ਤੇ ਮੌਕੇ ਤੋਂ ਫ਼ਰਾਰ ਹੋ ਗਿਆ।

ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਸੈਕਟਰ-49 ਥਾਣਾ ਇੰਚਾਰਜ ਇੰਸਪੈਕਟਰ ਸ਼ੇਰ ਸਿੰਘ ਪੁਲਸ ਟੀਮ ਸਣੇ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ। ਰਾਜਕੁਮਾਰ ਨੇ ਦੱਸਿਆ ਕਿ ਉਸ ’ਤੇ ਅਜੈ ਉਰਫ਼ ਅੱਜੂ, ਵਿਜੈ, ਸੰਜੀਵ ਉਰਫ਼ ਨੋਨੀ, ਰਿਤੇਸ਼ ਉਰਫ਼ ਹੱਡੀ, ਜੈਕਾਂਤ ਤੇ ਸ਼੍ਰੀਕਾਂਤ ਨੇ ਹਮਲਾ ਕੀਤਾ ਸੀ। ਸੈਕਟਰ-49 ਥਾਣਾ ਪੁਲਸ ਨੇ ਉਕਤ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਜੈ ਅਤੇ ਰਿਤੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਪਿਸਤੌਲ ਵੀ ਬਰਾਮਦ ਕਰ ਲਈ। ਸੈਕਟਰ-49 ਥਾਣਾ ਪੁਲਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹਨ।


author

Babita

Content Editor

Related News