ਪ੍ਰਾਪਰਟੀ ਕਾਰੋਬਾਰੀ ’ਤੇ ਧੋਖਾਧੜੀ ਕਰਨ ਦਾ ਮਾਮਲਾ ਦਰਜ, 35 ਲੱਖ ਰੁਪਏ ਠੱਗੇ
Friday, Dec 09, 2022 - 05:55 PM (IST)
ਮਾਛੀਵਾੜ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵਲੋਂ ਪ੍ਰਾਪਰਟੀ ਕਾਰੋਬਾਰੀ ਹਰਮਿੰਦਰ ਸਿੰਘ ਵਾਸੀ ਮਾਛੀਵਾੜਾ ’ਤੇ 35 ਲੱਖ ਰੁਪਏ ਦੀ ਕਥਿਤ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਹਨੇਵਾਲ ਦੇ ਵਾਸੀ ਹਨੀ ਸੰਧੂ ਨੇ ਪੁਲਸ ਜ਼ਿਲ੍ਹਾ ਖੰਨਾ ਦੇ ਉੱਚ ਅਧਿਕਾਰੀਆਂ ਨੂੰ ਦਰਖਾਸਤ ਦਿੱਤੀ ਕਿ ਉਹ ਇਕ ਜ਼ਮੀਨ ਖਰੀਦਣ ਦਾ ਚਾਹਵਾਨ ਸੀ ਜਿਸ ਸਬੰਧੀ ਸਤਨਾਮ ਸਿੰਘ ਵਾਸੀ ਤੱਖਰਾਂ ਅਤੇ ਗੁਰਮਿੰਦਰ ਸਿੰਘ ਵਾਸੀ ਮਾਛੀਵਾੜਾ ਨੇ ਮੈਨੂੰ ਹਰਮਿੰਦਰ ਸਿੰਘ ਨਾਲ ਮਿਲਾਇਆ। ਹਰਮਿੰਦਰ ਸਿੰਘ ਨੇ ਉਸ ਨੂੰ ਪਿੰਡ ਪ੍ਰਤਾਪਗੜ੍ਹ ਵਿਖੇ 42 ਕਨਾਲ 14 ਮਰਲੇ ਇਕ ਜ਼ਮੀਨ ਦਿਖਾਈ ਅਤੇ ਕਿਹਾ ਕਿ ਉਹ ਜ਼ਮੀਨ ਦਾ ਮਾਲਕ ਹੈ ਜਿਸ ’ਤੇ ਉਸਨੇ ਇਸ ਜ਼ਮੀਨ ਦਾ ਸੌਦਾ 30 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਲਿਆ। ਇਸ ਜ਼ਮੀਨ ਸਬੰਧੀ ਹੋਏ ਇਕਰਾਰਨਾਮੇ ਵਜੋਂ ਉਸਨੇ 20 ਲੱਖ ਰੁਪਏ ਦਾ ਚੈੱਕ ਹਰਮਿੰਦਰ ਸਿੰਘ ਨੂੰ ਦੇ ਦਿੱਤਾ ਅਤੇ 15 ਲੱਖ ਰੁਪਏ ਨਕਦ ਵਸੂਲ ਪਾ ਲਏ। ਇਸ ਜ਼ਮੀਨ ਦੀ ਰਜਿਸਟਰੀ ਕਰਵਾਉਣ ਦੀ ਮਿਤੀ 30-4-2022 ਨੂੰ ਮੁਕੱਰਰ ਹੋ ਗਈ।
ਰਜਿਸਟਰੀ ਵਾਲੀ ਮਿਤੀ ਦੌਰਾਨ ਜਦੋਂ ਉਸਨੇ ਤਹਿਸੀਲ ਕੂੰਮਕਲਾਂ ਵਿਖੇ ਜ਼ਮੀਨ ਦੀ ਫ਼ਰਦ ਕਢਵਾਈ ਤਾਂ ਉਹ ਹਰਮਿੰਦਰ ਸਿੰਘ ਦੀ ਮਾਲਕੀ ਦੀ ਬਜਾਏ ਉਹ ਨਸੀਬ ਕੌਰ ਤੇ ਜਸਵੀਰ ਸਿੰਘ ਦੇ ਨਾਮ ’ਤੇ ਮਾਲ ਵਿਭਾਗ ਵਿਚ ਦਰਜ ਸੀ। ਇਹ ਜ਼ਮੀਨ ਦੀ 2 ਮਹੀਨੇ ਪਹਿਲਾਂ ਹੀ ਕਿਸੇ ਹੋਰ ਨਾਮ ਰਜਿਸਟਰੀ ਵੀ ਹੋਈ ਸੀ। ਸ਼ਿਕਾਇਤਕਰਤਾ ਅਨੁਸਾਰ ਹਰਮਿੰਦਰ ਸਿੰਘ ਤੇ ਉਸਦੇ ਸਾਥੀਆਂ ਨੇ ਮੈਨੂੰ ਵਿਸ਼ਵਾਸ ਵਿਚ ਲੈ ਕੇ ਕਿਸੇ ਹੋਰ ਦੀ ਜ਼ਮੀਨ ਦਿਖਾ ਮੈਨੂੰ ਧੋਖੇ ਵਿਚ ਰੱਖ ਕੇ ਠੱਗੀ ਮਾਰੀ ਅਤੇ 35 ਲੱਖ ਰੁਪਏ ਦੀ ਰਕਮ ਹੜੱਪ ਲਈ। ਇਸ ਸ਼ਿਕਾਇਤ ਦੀ ਜਾਂਚ ਪੁਲਸ ਜ਼ਿਲ੍ਹਾ ਖੰਨਾ ਦੇ ਐੱਸ.ਪੀ. (ਡੀ) ਵਲੋਂ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਨੇ ਇਸ ਮਾਮਲੇ ਵਿਚ ਹਰਮਿੰਦਰ ਸਿੰਘ ਖ਼ਿਲਾਫ਼ ਧੋਖਾਧੜੀ ਕਰਨ ਦਾ ਮਾਮਲਾ ਦਰਜ ਕਰਨ ਦੀ ਮਾਛੀਵਾੜਾ ਪੁਲਸ ਨੂੰ ਨਿਰਦੇਸ਼ ਦਿੱਤੇ। ਪੁਲਸ ਵਲੋਂ ਹਰਮਿੰਦਰ ਸਿੰਘ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਧੋਖਾਧੜੀ ਦੇ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹਰਮਿੰਦਰ ਸਿੰਘ ਕੁਝ ਦਿਨ ਪਹਿਲਾਂ ਹੀ ਕੈਨੇਡਾ ਚਲਾ ਗਿਆ ਹੈ ਜਿਸ ਕਾਰਨ ਫਿਲਹਾਲ ਉਸਦੀ ਗ੍ਰਿਫ਼ਤਾਰੀ ਸੰਭਵ ਨਹੀਂ।