PU ਦੇ ਨਵੇਂ ਵੀ. ਸੀ. ਬਣੇ ਰੇਣੂ ਚੀਮਾ ਵਿਜ, ਪਹਿਲੀ ਵਾਰ ਮਹਿਲਾ ਪ੍ਰੋਫੈਸਰ ਦੀ ਹੋਈ ਨਿਯੁਕਤੀ

Wednesday, Mar 29, 2023 - 11:44 PM (IST)

PU ਦੇ ਨਵੇਂ ਵੀ. ਸੀ. ਬਣੇ ਰੇਣੂ ਚੀਮਾ ਵਿਜ, ਪਹਿਲੀ ਵਾਰ ਮਹਿਲਾ ਪ੍ਰੋਫੈਸਰ ਦੀ ਹੋਈ ਨਿਯੁਕਤੀ

ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ (ਪੀ. ਯੂ.) ਵਿੱਚ ਨਵੇਂ ਵਾਇਸ ਚਾਂਸਲਰ (ਵੀ. ਸੀ.) ਵਜੋਂ ਪਹਿਲੀ ਵਾਰ ਮਹਿਲਾ ਪ੍ਰੋਫੈਸਰ ਰੇਣੂ ਚੀਮਾ ਵਿਜ ਨੂੰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਹ ਨਿਯੁਕਤੀ ਅਪਲਾਈ ਕਰਨ ਦੀ ਪ੍ਰਕਿਰਿਆ ਦੇ ਖ਼ਤਮ ਹੋਣ ਤੋਂ ਪੰਜ ਦਿਨਾਂ ਦੇ ਅੰਦਰ ਹੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਉਹ 16 ਜਨਵਰੀ ਤੋਂ ਕਾਰਜਕਾਰੀ ਵੀ. ਸੀ. ਦਾ ਚਾਰਜ ਸੰਭਾਲ ਰਹੇ ਸਨ।

ਪਹਿਲਾਂ ਉਹ ਡੀਨ ਯੂਨੀਵਰਸਿਟੀ ਇੰਸਟ੍ਰਕਸ਼ਨ (ਡੀ. ਯੂ. ਆਈ.) ਦਾ ਚਾਰਜ ਸੰਭਾਲ ਰਹੇ ਸਨ। ਪ੍ਰੋ. ਰੇਣੂ ਵਿਜ ਨੂੰ ਦੇਸ਼ ਦੇ ਉੱਪ-ਰਾਸ਼ਟਰਪਤੀ ਅਤੇ ਪੀ. ਯੂ. ਦੇ ਚਾਂਸਲਰ ਜਗਦੀਪ ਧਨਖੜ ਨੇ ਨਿਯੁਕਤ ਕੀਤਾ ਹੈ। ਉਂਝ ਚਾਂਸਲਰ ਵੱਲੋਂ ਬਣਾਈ ਗਈ ਸਰਚ ਕਮੇਟੀ ਵਲੋਂ ਅਰਜ਼ੀ ਦੀ ਪ੍ਰਕਿਰਿਆ ਤੋਂ ਲੈ ਕੇ ਵੀ. ਸੀ. ਦੀ ਨਿਯੁਕਤੀ ਤਕ ਤਿੰਨ ਮਹੀਨਿਆਂ ਦਾ ਸਮਾਂ ਲੱਗਦਾ ਹੈ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਅਰਜ਼ੀ ਦੀ ਪ੍ਰਕਿਰਿਆ ਦੇ ਖ਼ਤਮ ਹੁੰਦਿਆਂ ਹੀ ਸਿਰਫ਼ ਪੰਜ ਦਿਨਾਂ ਵਿਚ ਹੀ ਨਵੇਂ ਵੀ. ਸੀ. ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਪ੍ਰੋ. ਵਿਜ ਦੀ ਨਿਯੁਕਤੀ ਤਿੰਨ ਸਾਲ ਲਈ ਕੀਤੀ ਗਈ ਹੈ। ਪੀ. ਯੂ. ਵਿੱਚ ਵੀ. ਸੀ. ਦੇ ਅਹੁਦੇ ਲਈ 100 ਤੋਂ ਜ਼ਿਆਦਾ ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਸਨ। ਇਨ੍ਹਾਂ ਵਿੱਚ ਕਈ ਸੀਨੇਟਰ ਅਤੇ ਪੀ. ਯੂ. ਦੇ ਕਈ ਪ੍ਰੋਫੈਸਰਾਂ ਦੇ ਨਾਂ ਸਨ।

ਸਿੱਖਿਆ ਦੇ ਖੇਤਰ ’ਚ 35 ਸਾਲਾਂ ਤੋਂ ਵੱਧ ਦਾ ਹੈ ਤਜ਼ਰਬਾ

ਪ੍ਰੋ. ਰੇਣੂ ਵਿਜ ਪੰਜਾਬ ਦੇ ਸਿੱਖ ਪਰਿਵਾਰ ਤੋਂ ਹਨ। ਉਹ ਪੀ. ਯੂ. ਅਤੇ ਪੈਕ ਦੇ ਵਿਦਆਰਥੀ ਰਹੇ ਹਨ। ਉਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਨਿਊਰੇਲ ਨੈੱਟਵਰਕ ਵਿੱਚ ਪੀ. ਐੱਚ.ਡੀ. ਕੀਤੀ ਹੈ। ਉਨ੍ਹਾਂ ਨੂੰ ਸਿੱਖਿਆ ਦੇ ਖੇਤਰ ਵਿੱਚ 35 ਸਾਲਾਂ ਤੋਂ ਜ਼ਿਆਦਾ ਦਾ ਤਜ਼ਰਬਾ ਹੈ। ਪ੍ਰੋ. ਰੇਣੂ ਵਿਜ ਦੇ ਕੰਮ ਕਰਨ ਦੇ ਢੰਗ ਅਤੇ ਉਨ੍ਹਾਂ ਵਲੋਂ ਲਏ ਜਾਣ ਵਾਲੇ ਫੈਸਲਿਆਂ ਨੂੰ ਵੇਖ ਕੇ ਹੀ ਵੀ. ਸੀ. ਵਜੋਂ ਉਨ੍ਹਾਂ ਦੀ ਨਿਯੁਕਤੀ ਹੋਈ ਹੈ।

ਜ਼ਮੀਨ ਨਾਲ ਜੁੜੇ ਹੋਏ ਹਨ ਨਵੇਂ ਵੀ. ਸੀ. : ਸੀਨੇਟਰ ਮੁਕੇਸ਼ ਅਰੋੜਾ

ਸੀਨੇਟਰ ਮੁਕੇਸ਼ ਅਰੋੜਾ ਨੇ ਨਵੀਂ ਵੀ. ਸੀ. ਪ੍ਰੋ. ਰੇਣੂ ਵਿਜ ਦੀ ਨਿਯੁਕਤੀ ’ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਵੀ. ਸੀ. ਪ੍ਰੋ. ਰੇਣੂ ਵਿਜ ਜ਼ਮੀਨ ਨਾਲ ਜੁੜੇ ਹੋਏ ਮਹਿਲਾ ਹਨ। ਉਹ ਪੀ. ਯੂ. ਦੇ ਪਹਿਲੇ ਮਹਿਲਾ ਵੀ. ਸੀ. ਹਨ ਅਤੇ ਕਾਬਿਲ ਹਨ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਪਹਿਲਾਂ ਵੀ ਸਪੋਰਟ ਕਰਦੇ ਰਹੇ ਹਾਂ ਅਤੇ ਅੱਗੇ ਵੀ ਕਰਦੇ ਰਹਾਂਗੇ। ਨਵੇਂ ਵੀ. ਸੀ. ਵਜੋਂ ਪ੍ਰੋ. ਰੇਣੂ ਵਿਜ ਦੀ ਨਿਯੁਕਤੀ ਪੰਜਾਬ ਵਾਸੀਆਂ ਲਈ ਖੁਸ਼ਕਿਸਮਤੀ ਦੀ ਗੱਲ ਹੈ।

ਪੀ. ਯੂ. ਦੀਆਂ ਸਮੱਸਿਆਵਾਂ ਚੰਗੀ ਤਰ੍ਹਾਂ ਜਾਣਦੇ ਹਨ ਪ੍ਰੋ. ਰੇਣੂ : ਪ੍ਰੋ. ਨਿਰੇਸ਼

ਪ੍ਰੋ. ਨਿਰੇਸ਼ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਪ੍ਰੋ. ਰੇਣੂ ਵਿਜ ਨੂੰ ਪੀ. ਯੂ. ਦੇ ਨਵੇਂ ਵੀ. ਸੀ. ਵਜੋਂ ਨਿਯੁਕਤ ਕੀਤਾ ਗਿਆ ਹੈ। ਉਹ ਯੂਨੀਵਰਸਿਟੀ ਇੰਸਟੀਚਿਊਟ ਐਂਡ ਇੰਜੀਨੀਅਰਿੰਗ ਟੈਕਨੋਲਾਜੀ (ਯੂ. ਆਈ. ਈ. ਟੀ.) ਤੋਂ ਹਨ। ਇਸਤੋਂ ਪਹਿਲਾਂ ਉਹ ਯੂ. ਆਈ. ਈ. ਟੀ. ਵਿਚ ਵੀ ਡਾਇਰੈਕਟਰ ਦਾ ਚਾਰਜ ਕਈ ਸਾਲ ਸੰਭਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਪੀ. ਯੂ. ਤੋਂ ਹੀ ਹਨ, ਇਸ ਲਈ ਪੀ. ਯੂ. ਦੇ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨਾਲ ਜੁੜੀਆਂ ਸਮੱਸਿਆਵਾਂ ਉਹ ਚੰਗੀ ਤਰ੍ਹਾਂ ਜਾਣਦੇ ਹਨ, ਜਿਸ ਕਾਰਨ ਉਹ ਉਨ੍ਹਾਂ ਸਮੱਸਿਆਵਾਂ ਨੂੰ ਬਿਹਤਰੀ ਨਾਲ ਨਿਪਟਾ ਲੈਣਗੇ।

ਨਵੇਂ ਵੀ. ਸੀ. ਨੂੰ ਵਧਾਈ

ਪ੍ਰੋ. ਰੇਣੂ ਵਿਜ ਦੀ ਨਿਯੁਕਤੀ ’ਤੇ ਪ੍ਰੋ. ਪ੍ਰਿਆਤੋਸ਼ ਨੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਮਹਿਲਾ ਵੀ. ਸੀ. ਵਜੋਂ ਹੁਣ ਤਕ ਉਨ੍ਹਾਂ ਨੇ ਵਧੀਆ ਕੰਮ ਕੀਤਾ ਹੈ। ਸਾਨੂੰ ਉਮੀਦ ਹੈ ਕਿ ਪੀ. ਯੂ. ਉਨ੍ਹਾਂ ਦੀ ਲੀਡਰਸ਼ਿਪ ਵਿਚ ਨਵੀਂਆਂ ਉਚਾਈਆਂ ’ਤੇ ਪਹੁੰਚੇਗਾ।

ਪੀ. ਯੂ. ਅਤੇ ਕਾਲਜਾਂ ਲਈ ਲਿਆ ਗਿਆ ਠੀਕ ਫ਼ੈਸਲਾ : ਸਿੱਧੂ

ਸੀਨੇਟਰ ਇੰਦਰਪਾਲ ਸਿੱਧੂ ਨੇ ਪੀ. ਯੂ. ਵਿੱਚ ਪਿਛਲੇ ਮਹੀਨੇ ਹੋਈ ਸੀਨੇਟ ਦੀ ਬੈਠਕ ਵਿਚ ਪ੍ਰੋ. ਰੇਣੂ ਵਿਜ ਨੂੰ ਪੀ. ਯੂ. ਮਾਂ ਦਰਜਾ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰੋ. ਰੇਣੂ ਵਿਜ ਦੀ ਛੇਤੀ ਫ਼ੈਸਲਾ ਲੈਣ ਦੀ ਸਮਰੱਥਾ ਅਤੇ ਕਾਰਜਪ੍ਰਣਾਲੀ ਤੋਂ ਪੀ. ਯੂ. ਅਤੇ ਕਾਲਜਾਂ ਨੂੰ ਕਾਫ਼ੀ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮੈਂ ਜੋ ਸੀਨੇਟ ਦੀ ਬੈਠਕ ਵਿਚ ਕਿਹਾ ਸੀ ਮੈਨੂੰ ਉਮੀਦ ਹੈ ਕਿ ਉਹ ਉਸ ’ਤੇ ਖਰ੍ਹਾ ਉਤਰਨਗੇ।


author

Mandeep Singh

Content Editor

Related News