ਪ੍ਰਾਈਵੇਟ ਹਸਪਤਾਲ ਦੇ ਫਾਰਮਾਸਿਸਟ ਨੇ ਕੀਤਾ ਸਰਕਾਰੀ ਰਿਹਾਇਸ਼ 'ਤੇ ਕਬਜ਼ਾ

Saturday, Jun 16, 2018 - 07:41 AM (IST)

ਪ੍ਰਾਈਵੇਟ ਹਸਪਤਾਲ ਦੇ ਫਾਰਮਾਸਿਸਟ ਨੇ ਕੀਤਾ ਸਰਕਾਰੀ ਰਿਹਾਇਸ਼ 'ਤੇ ਕਬਜ਼ਾ

ਜਲੰਧਰ, (ਮਹੇਸ਼)- ਸ਼ਹੀਦ ਬਾਬਾ ਨਿਹਾਲ ਸਿੰਘ ਚੈਰੀਟੇਬਲ ਹਸਪਤਾਲ ਤੱਲ੍ਹਣ ਵਿਚ ਬਤੌਰ ਫਾਰਮਾਸਿਸਟ ਤਾਇਨਾਤ ਰਤਨ ਮਨਜੀਤ ਨਾਮਕ ਵਿਅਕਤੀ ਵਲੋਂ ਜ਼ਿਲਾ ਪ੍ਰੀਸ਼ਦ ਦੇ ਅਧੀਨ ਤੱਲ੍ਹਣ ਵਿਚ ਹੀ ਬਣੀ ਹੋਈ ਸਰਕਾਰੀ ਰਿਹਾਇਸ਼ 'ਤੇ ਕਬਜ਼ੇ ਦੀ ਸ਼ਿਕਾਇਤ ਅਡੀਸ਼ਨਲ ਡੀ. ਸੀ. ਵਿਕਾਸ ਦਾ ਕੰਮਕਾਜ ਦੇਖ ਰਹੇ ਏ. ਡੀ. ਸੀ. ਜਨਰਲ ਜਸਬੀਰ ਸਿੰਘ ਕੋਲ ਪਹੁੰਚੀ ਹੈ। ਏ. ਡੀ. ਸੀ. ਵਲੋਂ ਰਾਕੇਸ਼ ਕੌਲ, ਪਰਮਜੀਤ ਕੁਮਾਰ, ਪਰਵੇਸ਼ ਕੁਮਾਰ ਤੇ ਗੁੰਜਨ ਸ਼ਰਮਾ ਵਲੋਂ ਦਿੱਤੀ ਗਈ ਇਸ ਲਿਖਤੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਐੈੱਸ. ਡੀ. ਐੈੱਮ. ਜਲੰਧਰ-1 ਰਾਜੀਵ ਵਰਮਾ ਨੂੰ ਭੇਜ ਦਿੱਤੀ ਗਈ ਹੈ ਤੇ ਉਨ੍ਹਾਂ ਮਾਮਲੇ ਦੀ ਪੂਰੀ ਸੱਚਾਈ ਜਾਨਣ ਲਈ ਸ਼ਿਕਾਇਤ ਬੀ. ਡੀ. ਪੀ. ਓ. ਮਹੇਸ਼ ਕੁਮਾਰ ਕੰਡਾ ਨੂੰ ਸੌਂਪੀ ਹੈ ਜੋ ਕਿ ਡੂੰਘਾਈ ਨਾਲ ਇਸਦੀ ਜਾਂਚ ਕਰਨ ਤੋਂ ਬਾਅਦ ਰਿਪੋਰਟ ਏ. ਡੀ. ਸੀ. ਡੀ. ਤੇ ਐੱਸ. ਡੀ. ਐੱਮ.-1 ਨੂੰ ਸੌਂਪ ਦੇਣਗੇ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਰਤਨ ਮਨਜੀਤ ਇਕ ਪ੍ਰਾਈਵੇਟ ਹਸਪਤਾਲ ਵਿਚ ਕੰਮ ਕਰਦਿਆਂ ਕਰੀਬ 10 ਸਾਲ ਤੋਂ ਸਰਕਾਰ ਨੂੰ ਚੂਨਾ ਲਾ ਰਿਹਾ ਹੈ। ਉਹ ਆਪਣੇ ਪਰਿਵਾਰ ਸਣੇ ਇਥੇ ਰਹਿ ਰਿਹਾ ਹੈ। ਫਾਰਮਾਸਿਸਟ ਵਲੋਂ ਘਰ ਵਿਚ ਬਿਜਲੀ ਦੀ ਸਪਲਾਈ ਕੁੰਡੀ ਲਾ ਕੇ ਲਈ ਜਾ ਰਹੀ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਤੇ ਇਹ ਵੀ ਪਤਾ ਲਾਇਆ ਜਾਵੇ ਕਿ ਉਸਨੂੰ ਇਥੇ ਰਿਹਾਇਸ਼ ਰੱਖਣ ਪਿੱਛੇ ਕਿਸ ਅਧਿਕਾਰੀ ਦੀ ਸ਼ਹਿ ਹੈ।
ਉਨ੍ਹਾਂ ਫਾਰਮਾਸਿਸਟ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਇਹ ਵੀ ਕਿਹਾ ਹੈ ਕਿ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਹੈ।  ਇਹ ਵੀ ਪਤਾ ਲੱਗਾ ਹੈ ਕਿ ਰਤਨ ਮਨਜੀਤ ਪਹਿਲਾਂ ਜ਼ਿਲਾ ਪ੍ਰੀਸ਼ਦ ਵਿਚ ਫਾਰਮਾਸਿਸਟ ਦੇ ਤੌਰ 'ਤੇ ਭਰਤੀ ਹੋਇਆ ਸੀ ਪਰ ਬਾਅਦ ਵਿਚ ਉਸਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਉਸਨੇ ਤੱਲ੍ਹਣ ਵਿਚ ਹੀ ਚੈਰੀਟੇਬਲ ਹਸਪਤਾਲ ਵਿਚ ਜੌਬ ਹਾਸਿਲ ਕਰ ਲਈ। 
ਤਹਿਸੀਲਦਾਰ ਭੁੱਲਰ ਵੀ ਕਰ ਚੁੱਕੇ ਹਨ ਸ਼ਿਕਾਇਤ
ਫਾਰਮਾਸਿਸਟ ਰਤਨ ਮਨਜੀਤ ਵਲੋਂ ਸਰਕਾਰੀ ਰਿਹਾਇਸ਼ 'ਤੇ ਕੀਤੇ ਕਬਜ਼ੇ ਦੀ ਸ਼ਿਕਾਇਤ 'ਤੇ ਮੇਨ ਸਪਲਾਈ ਤੋਂ ਕੁੰਡੀ ਪਾ ਕੇ ਕੀਤੀ ਜਾ ਰਹੀ ਬਿਜਲੀ ਚੋਰੀ ਦੀ ਸ਼ਿਕਾਇਤ ਤਹਿਸੀਲਦਾਰ -1 ਕਮ ਰਿਸੀਵਰ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਕੋਲ ਵੀ ਪਹੁੰਚੀ ਸੀ। ਉਨ੍ਹਾਂ ਇਸ ਸਬੰਧ ਵਿਚ ਜ਼ਿਲਾ ਪ੍ਰੀਸ਼ਦ ਤੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਕਿਹਾ ਸੀ ਪਰ ਅਜੇ ਤੱਕ ਕੁਝ ਨਹੀਂ ਹੋਇਆ।
ਤੱਲ੍ਹਣ ਦੀ ਪੰਚਾਇਤ ਦੇ ਧਿਆਨ 'ਚ ਵੀ ਹੈ ਮਾਮਲਾ
ਤੱਲ੍ਹਣ ਦੀ ਸਰਪੰਚ ਸੁਨੀਤਾ ਰਾਣੀ ਦੇ ਪਤੀ ਬਲਵਿੰਦਰਜੀਤ ਬਿੱਟੂ ਨੇ ਕਿਹਾ ਕਿ ਫਾਰਮਾਸਿਸਟ ਵਲੋਂ ਧੱਕੇਸ਼ਾਹੀ ਨਾਲ ਸਰਕਾਰੀ ਰਿਹਾਇਸ਼ 'ਤੇ ਕੀਤੇ ਕਬਜ਼ੇ ਬਾਰੇ ਤੱਲ੍ਹਣ ਦੀ ਪੰਚਾਇਤ ਨੂੰ ਵੀ ਜਾਣਕਾਰੀ ਹੈ। ਇਸ ਸਬੰਧ ਵਿਚ ਉਹ ਪ੍ਰਸ਼ਾਸਨ ਤੇ ਜ਼ਿਲਾ ਪ੍ਰੀਸ਼ਦ ਨੂੰ ਵੀ ਸੂਚਿਤ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਫਾਰਮਾਸਿਸਟ ਨੇ ਤਿੰਨ ਮਹੀਨੇ ਵਿਚ ਮਕਾਨ ਖਾਲੀ ਕਰਨ ਦੀ ਗੱਲ ਕਹੀ ਸੀ ਪਰ ਨਹੀਂ ਕੀਤਾ। ਪੁੱਛਿਆ ਤਾਂ ਉਸਨੇ ਕਿਹਾ ਕਿ ਉਸ ਕੋਲੋਂ ਅਜੇ ਆਪਣੇ ਮਕਾਨ ਦਾ ਪ੍ਰਬੰਧ ਨਹੀਂ ਹੋਇਆ, ਹੁੰਦਿਆਂ ਹੀ ਛੱਡ ਦੇਵੇਗਾ।


Related News