ਪੰਜਾਬ ਸਰਕਾਰ ਤੋਂ ਨਾਰਾਜ਼ ਹੋਏ ਪ੍ਰਾਈਵੇਟ ਤੇ ਮਾਨਤਾ ਪ੍ਰਾਪਤ ਸਕੂਲ

Wednesday, Aug 02, 2017 - 05:43 AM (IST)

ਪੰਜਾਬ ਸਰਕਾਰ ਤੋਂ ਨਾਰਾਜ਼ ਹੋਏ ਪ੍ਰਾਈਵੇਟ ਤੇ ਮਾਨਤਾ ਪ੍ਰਾਪਤ ਸਕੂਲ

ਅੰਮ੍ਰਿਤਸਰ,   (ਦਲਜੀਤ)-  ਰਾਜ ਦੇ ਪ੍ਰਾਈਵੇਟ ਅਤੇ ਮਾਨਤਾ ਪ੍ਰਾਪਤ ਸਕੂਲ ਪੰਜਾਬ ਸਰਕਾਰ ਤੋਂ ਕਾਫੀ ਨਾਰਾਜ਼ ਹਨ। ਸਕੂਲਾਂ ਦੀ ਸਿਰਮੌਰ ਜਥੇਬੰਦੀ ਮਾਨਤਾ ਪ੍ਰਾਪਤ ਅਤੇ ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ ਰਾਸਾ ਪੰਜਾਬ ਨੇ ਸੂਬਾ ਸਰਕਾਰ ਤੇ ਸਕੂਲਾਂ ਦੀਆਂ ਅਹਿਮ ਮੰਗਾਂ ਨੂੰ ਅਣਗੌਲਿਆਂ ਕਰਨ ਦਾ ਦੋਸ਼ ਲਾਇਆ ਹੈ। ਰਾਸਾ ਨੇ ਐਲਾਨ ਕੀਤਾ ਹੈ ਕਿ ਸੂਬੇ 'ਚ ਹੋਣ ਵਾਲੀਆਂ ਨਿਗਮ ਚੋਣਾਂ 'ਚ ਕਾਂਗਰਸੀ ਉਮੀਦਵਾਰਾਂ ਦਾ ਬਾਈਕਾਟ ਕੀਤਾ ਜਾਵੇਗਾ।
ਰਾਸਾ ਦੀ ਰਾਜ ਪੱਧਰੀ ਮੀਟਿੰਗ ਅੱਜ ਅੰਮ੍ਰਿਤਸਰ ਵਿਖੇ ਸੂਬਾਈ ਜਨਰਲ ਸਕੱਤਰ ਪੰਡਿਤ ਕੁਲਵੰਤ ਰਾਏ ਸ਼ਰਮਾ ਦੀ ਅਗਵਾਈ 'ਚ ਹੋਈ, ਜਿਸ ਵਿਚ ਰਾਸਾ ਦੇ ਪੰਜਾਬ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ। ਸ਼ਰਮਾ ਨੇ ਮੀਟਿੰਗ 'ਚ ਲਏ ਫੈਸਲਿਆਂ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਆਿਂ ਦੱਸਿਆ ਕਿ ਸਿੱਖਿਆ ਵਿਭਾਗ ਦਾ ਪੰਜਾਬ ਦੇ ਪ੍ਰਾਈਵੇਟ ਅਤੇ ਮਾਨਤਾ ਪ੍ਰਾਪਤ ਸਕੂਲਾਂ ਨਾਲ ਕੋਈ ਸੰਬੰਧ ਨਹੀਂ ਹੈ। ਉਕਤ ਸਕੂਲ ਪੰਜਾਬ ਐਜੂਕੇਸ਼ਨ ਬੋਰਡ ਅਧੀਨ ਆਉਂਦੇ ਹਨ ਪਰ ਫਿਰ ਵੀ ਸਿੱਖਿਆ ਵਿਭਾਗ ਦੇ ਅਧਿਕਾਰੀ ਸਮੇਂ-ਸਮੇਂ 'ਤੇ ਬੇਲੋੜੇ ਪੱਤਰ ਵਿਹਾਰ ਕਰ ਕੇ ਰਾਜ ਦੇ ਸਕੂਲਾਂ ਨੂੰ ਤੰਗ-ਪ੍ਰੇਸ਼ਾਨ ਕਰਦੇ ਹਨ। ਪ੍ਰਾਈਵੇਟ ਤੇ ਮਾਨਤਾ ਪ੍ਰਾਪਤ ਸਕੂਲਾਂ ਨੂੰ ਪੰਜਾਬ ਸਰਕਾਰ ਵੱਲੋਂ ਨਾ ਤਾਂ ਕਦੇ ਸਰਕਾਰੀ ਗ੍ਰਾਂਟ ਜਾਂ ਬੱਚਿਆਂ ਨੂੰ ਵਜ਼ੀਫਾ ਜਾਂ ਹੋਰ ਸੁਵਿਧਾ ਦਿੱਤੀ ਜਾਂਦੀ ਹੈ ਪਰ ਵਿਭਾਗ ਦੇ ਅਧਿਕਾਰੀ ਸਕੂਲਾਂ ਨੂੰ ਇੰਝ ਅੱਖਾਂ ਵਿਖਾਉਂਦੇ ਹਨ, ਜਿਵੇਂ ਸਕੂਲਾਂ ਨੇ ਕੋਈ ਵੱਡਾ ਜੁਰਮ ਕੀਤਾ ਹੋਵੇ।
ਪੰਜਾਬ ਦੇ ਉਕਤ ਸਕੂਲ ਨਿਯਮਾਂ ਅਨੁਸਾਰ ਕੰਮ ਕਰਦੇ ਹੋਏ ਫੀਸਾਂ ਨੂੰ ਲੈ ਕੇ ਸੂਬੇ ਦੀ ਨਿਘਾਰ ਵੱਲ ਜਾ ਰਹੀ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਕਰਨ ਵਿਚ ਅਹਿਮ ਯੋਗਦਾਨ ਪਾ ਰਹੇ ਹਨ, ਹਰ ਸਾਲ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆਵਾਂ 'ਚ ਸਕੂਲਾਂ ਦੇ ਵਿਦਿਆਰਥੀ ਮੈਰਿਟ ਹਾਸਲ ਕਰ ਕੇ ਪੰਜਾਬ ਦਾ ਨਾਂ ਰੌਸ਼ਨ ਕਰ ਰਹੇ ਹਨ। ਅਕਾਲੀ ਸਰਕਾਰ ਵੇਲੇ ਵੀ ਬਣਾਈਆਂ ਗਲਤ ਨੀਤੀਆਂ ਕਾਰਨ ਸਿੱਖਿਆ ਦਾ ਬੇੜਾ ਗਰਕ ਹੋ ਗਿਆ ਸੀ। ਪ੍ਰਾਈਵੇਟ ਸਕੂਲਾਂ ਦੀ ਬਦੌਲਤ ਹੀ ਸਿੱਖਿਆ ਦਾ ਪੱਧਰ ਅਜੇ ਤੱਕ ਉੱਚਾ ਹੈ। ਸ਼ਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਸੱਤਾ 'ਚ ਆਏ ਕਈ ਮਹੀਨੇ ਹੋ ਗਏ ਹਨ। ਰਾਸਾ ਵੱਲੋਂ ਅਹਿਮ ਮੰਗਾਂ ਅਤੇ ਅਕਾਲੀ ਸਰਕਾਰ ਵੇਲੇ ਬਣਾਈਆਂ ਗਲਤ ਨੀਤੀਆਂ ਰੱਦ ਕਰਵਾਉਣ ਲਈ ਕਈ ਵਾਰ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਕੋਲੋਂ ਮੀਟਿੰਗ ਲਈ ਸਮਾਂ ਮੰਗਿਆ ਗਿਆ ਹੈ ਪਰ ਅਫਸੋਸ ਦੀ ਗੱਲ ਹੈ ਕਿ ਸਰਕਾਰ ਵੱਲੋਂ ਅੱਜ ਤੱਕ ਰਾਸਾ ਦੀਆਂ ਮੰਗਾਂ ਨੂੰ ਅਣਗੌਲਿਆਂ ਹੀ ਕੀਤਾ ਜਾ ਰਿਹਾ ਹੈ। ਰਾਸਾ ਨੇ ਫੈਸਲਾ ਲਿਆ ਹੈ ਕਿ ਆਉਣ ਵਾਲੀਆਂ ਨਿਗਮ ਚੋਣਾਂ 'ਚ ਕਾਂਗਰਸੀ ਉਮੀਦਵਾਰਾਂ ਦਾ ਬਾਈਕਾਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਾਲਵਾ ਖੇਤਰ 'ਚ ਰਾਸਾ ਦੇ ਵਿਸਥਾਰ ਲਈ ਸ਼ਾਮ ਲਾਲ ਅਰੋੜਾ ਨੂੰ ਸੂਬਾਈ ਸੀਨੀਅਰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਡਾ. ਵਿਨੋਦ ਕਪੂਰ, ਸੁਸ਼ੀਲ ਅਗਰਵਾਲ, ਡੀ. ਐੱਸ. ਪਠਾਣੀਆਂ, ਸਕੱਤਰ ਸਿੰਘ, ਜਗਤਪਾਲ ਮਹਾਜਨ, ਪ੍ਰੇਮ ਭਾਰਦਵਾਜ, ਸੋਹਣ ਸਿੰਘ, ਐੱਚ. ਐੱਸ. ਕਠਾਣੀਆ, ਸਲਿਲ ਅਰੋੜਾ, ਓਮ ਪ੍ਰ੍ਰਕਾਸ਼ ਸ਼ਰਮਾ ਆਦਿ ਮੌਜੂਦ ਸਨ।


Related News