ਪੇਸ਼ੀ ''ਤੇ ਆਇਆ ਕੈਦੀ 3 ਹੈੱਡ ਕਾਸਟੇਬਲਾਂ ਦੇ ਸਾਹਮਣੇ ਹੋਇਆ ਫਰਾਰ

Tuesday, Jun 07, 2016 - 11:44 AM (IST)

ਪੇਸ਼ੀ ''ਤੇ ਆਇਆ ਕੈਦੀ 3 ਹੈੱਡ ਕਾਸਟੇਬਲਾਂ ਦੇ ਸਾਹਮਣੇ ਹੋਇਆ ਫਰਾਰ

ਚੰਡੀਗੜ੍ਹ (ਸੰਦੀਪ)— ਬੁੜੈਲ ਜੇਲ ਤੋਂ ਪੇਸ਼ੀ ''ਤੇ ਲਿਆਂਦੇ ਜਾਣ ਵਾਲੇ ਅਪਰਾਧੀਆਂ ਦੀ ਸੁਰੱਖਿਆ ਵਿਵਸਥਾ ਮੁੜ ਸੁਆਲਾਂ ਦੇ ਘੇਰੇ ''ਚ ਆ ਗਈ ਹੈ। ਸੋਮਵਾਰ ਦੁਪਹਿਰ ਬੁੜੈਲ ਜੇਲ ਤੋਂ ਰਾਜਪੁਰਾ ਅਦਾਲਤ ''ਚ ਪੇਸ਼ੀ ''ਤੇ ਲਿਜਾਇਆ ਗਿਆ ਮੁਲਜ਼ਮ 3 ਹੈੱਡ ਕਾਂਸਟੇਬਲਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਫਰਾਰ ਮੁਲਜ਼ਮ ਗੁਰਜੰਟ ਖਿਲਾਫ ਪੰਜਾਬ ਤੇ ਚੰਡੀਗੜ੍ਹ ਪੁਲਸ ''ਚ ਲੁੱਟ ਤੇ ਡਕੈਤੀ ਵਰਗੇ ਕਈ ਸੰਗੀਨ ਮਾਮਲੇ ਦਰਜ ਹਨ। ਮਾਮਲੇ ਦਾ ਨੋਟਿਸ ਲੈਂਦੇ ਹੋਏ ਗੁਰਜੰਟ ਨੂੰ ਲਿਜਾਣ ਵਾਲੇ ਤਿੰਨੇ ਹੈੱਡ ਕਾਂਸਟੇਬਲਾਂ ਖਿਲਾਫ ਮਾਮਲਾ ਦਰਜ ਕਰਕੇ ਸੈਕਟਰ-49 ਥਾਣਾ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ ਸਮੇਂ ਗੁਰਜੰਟ ਫਰਾਰ ਹੋਇਆ, ਉਸਦੇ ਨਾਲ ਡਿਊਟੀ ''ਤੇ ਹੈੱਡਕਾਂਸਟੇਬਲ ਬਲਜਿੰਦਰ ਸਿੰਘ, ਜਗਬੀਰ ਸਿੰਘ ਤੇ ਪਵਨ ਕੁਮਾਰ ਤਾਇਨਾਤ ਸਨ। ਪੁਲਸ ਨੇ ਫਰਾਰ ਗੁਰਜੰਟ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਿਕ ਗੁਰਜੰਟ ਸਿੰਘ ''ਤੇ ਚੰਡੀਗੜ੍ਹ ਤੇ ਪੰਜਾਬ ਪੁਲਸ ਕੋਲ ਕਈ ਮਾਮਲੇ ਦਰਜ ਹਨ। ਫਿਲਹਾਲ ਉਹ ਚੰਡੀਗੜ੍ਹ ਪੁਲਸ ਕੋਲ ਦਰਜ ਮਾਮਲੇ ਤਹਿਤ ਬੁੜੈਲ ਜੇਲ ''ਚ ਬੰਦ ਹੈ। ਸੋਮਵਾਰ ਨੂੰ ਰਾਜਪੁਰਾ ਪੁਲਸ ਕੋਲ ਦਰਜ ਇਕ ਮਾਮਲੇ ਦੀ ਸੁਣਵਾਈ ਲਈ ਉਸਨੂੰ ਰਾਜਪੁਰਾ ਅਦਾਲਤ ''ਚ ਲਿਜਾਇਆ ਗਿਆ ਸੀ। ਪੇਸ਼ੀ ਦੇ ਬਾਅਦ ਉਸਦੇ ਨਾਲ ਸੁਰੱਖਿਆ ਵਜੋਂ ਤਾਇਨਾਤ ਪੁਲਸ ਕਰਮਚਾਰੀ ਉਸਨੂੰ ਲੈ ਕੇ ਹਰਿਆਣਾ ਰੋਡਵੇਜ਼ ਦੀ ਬੱਸ ''ਚ ਸਵਾਰ ਹੋ ਕੇ ਚੰਡੀਗੜ੍ਹ ਪਹੁੰਚੇ ਸਨ।
ਇਥੇ ਕਾਲੋਨੀ ਨੰਬਰ 5 ਦੀ ਮੇਨ ਰੋਡ ''ਤੇ ਉਸਦੇ ਨਾਲ ਗਏ ਤਿੰਨੇ ਹੈੱਡ ਕਾਂਸਟੇਬਲ ਉਸਨੂੰ ਲੈ ਕੇ ਬੱਸ ਤੋਂ ਹੇਠਾਂ ਉਤਰੇ ਸਨ, ਜਿਵੇਂ ਹੀ ਉਹ ਪੈਦਲ ਜੇਲ ਵੱਲ ਜਾਣ ਲੱਗੇ ਤਾਂ ਇਸੇ ਦੌਰਾਨ ਕੁਝ ਹੀ ਦੂਰੀ ''ਤੇ ਅਚਾਨਕ ਹੀ ਸਵਿਫਟ ਕਾਰ ਉਨ੍ਹਾਂ ਕੋਲ ਆ ਕੇ ਰੁਕੀ। ਕਾਰ ਦੇ ਰੁਕਦਿਆਂ ਹੀ ਅਚਾਨਕ ਗੁਰਜੰਟ ਭੱਜ ਕੇ ਕਾਰ ''ਚ ਬਹਿ ਗਿਆ। ਗੁਰਜੰਟ ਦੇ ਬੈਠਦਿਆਂ ਹੀ ਕਾਰ ''ਚ ਸਵਾਰ ਚਾਲਕ ਤੇ ਹੋਰ ਲੋਕ ਉਸਨੂੰ ਲੈ ਕੇ ਤੁਰੰਤ ਮੌਕੇ ਤੋਂ ਫਰਾਰ ਹੋ ਗਏ। ਇਸ ਗੱਲ ਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੇ ਜਾਣ ਦੇ ਬਾਅਦ ਸੈਕਟਰ-49 ਥਾਣਾ ਮੁਖੀ ਸਮੇਤ ਪੁਲਸ ਟੀਮ ਮੌਕੇ ''ਤੇ ਪਹੁੰਚੀ ਸੀ।


author

Gurminder Singh

Content Editor

Related News