ਜੇਲ ਤੋਂ ਪੈਰੋਲ ''ਤੇ ਆਏ ਕੈਦੀ ਨੇ ਦੋਮੋਰੀਆ ਪੁਲ ਤੋਂ ਮਾਰੀ ਛਾਲ, ਮੌਤ

Friday, Jul 07, 2017 - 07:58 AM (IST)

ਜੇਲ ਤੋਂ ਪੈਰੋਲ ''ਤੇ ਆਏ ਕੈਦੀ ਨੇ ਦੋਮੋਰੀਆ ਪੁਲ ਤੋਂ ਮਾਰੀ ਛਾਲ, ਮੌਤ

ਜਲੰਧਰ, (ਮਹੇਸ਼)- ਨਸ਼ਾ ਸਮੱਗਲਿੰਗ ਦੇ ਮਾਮਲੇ 'ਚ 10 ਸਾਲ ਦੀ ਕਪੂਰਥਲਾ ਜੇਲ ਵਿਚ ਸਜ਼ਾ ਕੱਟ ਰਹੇ ਇਕ ਕੈਦੀ ਨੇ ਵੀਰਵਾਰ ਨੂੰ ਸਵੇਰੇ ਦੋਮੋਰੀਆ ਪੁਲ ਤੋਂ ਛਾਲ ਮਾਰ ਕੇ ਜੀਵਨ ਲੀਲਾ ਖਤਮ ਕਰ ਲਈ। ਮ੍ਰਿਤਕ ਕੈਦੀ ਦੀ ਪਛਾਣ ਗੌਰਵ ਕੁਮਾਰ ਗੋਸਾਈਂ (28) ਪੁੱਤਰ ਸਤੀਸ਼ ਕੁਮਾਰ ਗੋਸਾਈਂ ਵਾਸੀ ਬਸਤੀ ਦਾਨਿਸ਼ਮੰਦਾਂ ਦੇ ਤੌਰ 'ਤੇ ਹੋਈ ਹੈ। ਇਸ ਕੈਦੀ ਦੇ ਦੋਮੋਰੀਆ ਪੁਲ 'ਤੇ ਸੁਸਾਈਡ ਕੀਤੇ ਜਾਣ ਦੀ ਸੂਚਨਾ ਮਿਲਦਿਆਂ ਹੀ ਐੱਸ. ਐੱਚ. ਓ. ਰਾਮਾ ਮੰਡੀ ਇੰਸਪੈਕਟਰ ਰਾਜੇਸ਼ ਠਾਕੁਰ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਚੁੱਕ ਕੇ ਸਿਵਲ ਹਸਪਤਾਲ ਪਹੁੰਚਾਇਆ।  ਐੱਸ. ਐੱਚ. ਓ. ਮੁਤਾਬਕ ਮ੍ਰਿਤਕ ਕੈਦੀ ਗੌਰਵ ਗੋਸਾਈਂ ਦੀ ਪਤਨੀ ਕਸ਼ਿਸ਼ ਗੋਸਾਈਂ ਨੇ ਦੱਸਿਆ ਕਿ ਉਸ ਦਾ ਪਤੀ ਕਪੂਰਥਲਾ ਜੇਲ ਵਿਚ ਸਜ਼ਾ ਕੱਟ ਰਿਹਾ ਸੀ ਅਤੇ 45 ਦਿਨਾਂ ਦੀ ਪੈਰੋਲ 'ਤੇ ਘਰ ਆਇਆ ਸੀ। ਆਪਣੀ ਛੁੱਟੀ ਖਤਮ ਹੋਣ 'ਤੇ ਉਸ ਨੇ 4 ਜੁਲਾਈ ਨੂੰ ਜੇਲ ਲਈ ਘਰ ਤੋਂ ਵਾਪਸੀ ਕੀਤੀ ਸੀ ਪਰ ਜੇਲ ਤੋਂ ਫੋਨ ਆਇਆ ਕਿ ਗੌਰਵ ਨਹੀਂ ਪਹੁੰਚਿਆ ਹੈ, ਜਿਸ 'ਤੇ ਉਨ੍ਹਾਂ ਨੇ ਉਸ ਦੀ ਤਲਾਸ਼ ਸ਼ੁਰੂ ਕੀਤੀ ਪਰ ਕਿਤੇ ਕੁਝ ਪਤਾ ਨਹੀਂ ਲੱਗਾ। ਘਰੋਂ ਜਾਂਦੇ ਸਮੇਂ ਗੌਰਵ ਨੇ ਕਿਹਾ ਸੀ ਕਿ ਉਹ ਜੇਲ ਜਾ ਰਿਹਾ ਹੈ। ਉਸ ਨੇ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਜ਼ਿਕਰ ਨਹੀਂ ਕੀਤਾ ਸੀ। ਪਤਨੀ ਕਸ਼ਿਸ਼ ਦੇ ਮੁਤਾਬਿਕ ਅੱਜ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਗੌਰਵ ਨੇ ਆਤਮਹੱਤਿਆ ਕਰ ਲਈ ਹੈ। ਐੱਸ. ਐੱਚ. ਓ. ਰਜੇਸ਼ ਠਾਕੁਰ ਨੇ ਕਿਹਾ ਕਿ ਪੁਲਸ ਗੌਰਵ ਦੇ ਖੁਦਕੁਸ਼ੀ ਕੀਤੇ ਜਾਣ ਦੇ ਕਾਰਨਾਂ ਦਾ ਪਤਾ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਪੁਲਸ ਨੇ 174 ਦੀ ਕਾਰਵਾਈ ਕਰ ਕੇ ਗੌਰਵ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।


Related News