ਗੁਰੂ ਨਾਨਕ ਦੇਵ ਹਸਪਤਾਲ ’ਚੋਂ ਕੈਦੀ ਫਰਾਰ, ਦਾਜ ਦੀ ਮੰਗ ਨੂੰ ਲੈ ਕੇ 6 ਮਹੀਨਿਆਂ ਤੋਂ ਸੀ ਜੇਲ੍ਹ 'ਚ ਬੰਦ
Wednesday, Jun 08, 2022 - 03:53 PM (IST)
ਅੰਮ੍ਰਿਤਸਰ (ਜਸ਼ਨ): ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਬੇਹੱਦ ਚਿੰਤਾਜਨਕ ਬਣੀ ਹੋਈ ਹੈ। ਹੁਣ ਤਾਂ ਪੁਲਸ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਕੈਦੀ ਵੀ ਆਪਣੀ ਹਿਰਾਸਤ ਵਿਚੋਂ ਭੱਜਣ ਤੋਂ ਗੁਰੇਜ ਨਹੀਂ ਕਰ ਰਹੇ। ਅਜਿਹਾ ਹੀ ਇਕ ਮਾਮਲਾ ਮਜੀਠਾ ਰੋਡ ਸਥਿਤ ਗੁਰੂ ਨਾਨਕ ਦੇਵ ਹਸਪਤਾਲ ਵਿਚ ਉਸ ਸਮੇਂ ਸਾਹਮਣੇ ਆਇਆ ਜਦੋਂ ਦਾਜ ਦੀ ਮੰਗ ਕਰਨ ਵਾਲਾ ਇਕ ਕੈਦੀ ਹਸਪਤਾਲ ਵਿਚ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਦੇ ਬਾਵਜੂਦ ਫਰਾਰ ਹੋ ਗਿਆ।
ਇਹ ਵੀ ਪੜ੍ਹੋ- ਵੱਡਾ ਖ਼ੁਲਾਸਾ : ਮੁਕਤਸਰ ਵਿਖੇ 76 ਅਸਲਾਂ ਲਾਇਸੈਂਸ ਨੂੰ ਫਰਜ਼ੀ ਡੋਪ ਟੈਸਟ ਦੇ ਆਧਾਰ 'ਤੇ ਕੀਤਾ ਰੀਨਿਊ
ਇਸ ਮਾਮਲੇ ਵਿਚ ਗੋਇਦਵਾਲ ਸਾਹਿਬ ਸਥਿਤ ਕੇਂਦਰੀ ਜੇਲ ਦੇ ਸੁਪਰਡੈਂਟ ਲਲਕਿਤ ਕੁਮਾਰ ਕੋਹਲੀ ਦੀ ਸ਼ਿਕਾਇਤ ’ਤੇ ਥਾਣਾ ਮਜੀਠਾ ਰੋਡ ਦੀ ਪੁਲਸ ਨੇ ਮੁਲਜ਼ਮ ਕੈਦੀ ਮਨਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਜਦੋਂਕਿ ਦੂਜੇ ਪਾਸੇ ਆਪਣੀ ਡਿਊਟੀ ਵਿਚ ਕੁਤਾਹੀ ਵਰਤਣ ਦੇ ਦੋਸ਼ ਵਿਚ ਪੁਲਸ ਨੇ ਕੈਦੀ ਦੀ ਗਾਰਦ ਵਿਚ ਸ਼ਾਮਲ ਪੁਲਸ ਮੁਲਾਜ਼ਮ ਗੁਰਲਾਲ ਸਿੰਘ, ਜਸਵੰਤ ਸਿੰਘ ਅਤੇ ਕੁਲਦੀਪ ਸਿੰਘ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਸ ਦੀ ਗ੍ਰਿਫ਼ਤ ਵਿਚ ਹੋਣ ਦੇ ਬਾਵਜੂਦ ਦਿਨ-ਦਿਹਾੜੇ ਕੈਦੀਆਂ ਦਾ ਫਰਾਰ ਹੋ ਜਾਣਾ ਪੁਲਸ ਦੀ ਕਾਰਜਪ੍ਰਣਾਲੀ ’ਤੇ ਕਈ ਸਵਾਲੀਆ ਨਿਸ਼ਾਨ ਖੜੇ ਕਰ ਰਿਹਾ ਹੈ। ਦੱਸਣਯੋਗ ਹੈ ਕਿ ਕੈਦੀ ਮਨਪ੍ਰੀਤ ਸਿੰਘ ਆਪਣੀ ਪਤਨੀ ਦੀ ਕੁੱਟਮਾਰ ਕਰਨ ਅਤੇ ਦਾਜ ਦੀ ਮੰਗ ਕਰਨ ਦੇ ਦੋਸ਼ ਵਿਚ ਪਿਛਲੇ 6 ਮਹੀਨਿਆਂ ਤੋਂ ਜੇਲ੍ਹ ਵਿਚ ਬੰਦ ਸੀ। ਉਸ ਖ਼ਿਲਾਫ਼ ਥਾਣਾ ਸਦਰ, ਬੰਗਾ (ਨਵਾਂਸਹਿਰ) ਦੀ ਪੁਲਸ ਨੇ ਪਿਛਲੇ ਸਾਲ ਦਸੰਬਰ ਮਹੀਨੇ ਵਿਚ ਕੇਸ ਦਰਜ ਕੀਤਾ ਸੀ।
ਇਹ ਵੀ ਪੜ੍ਹੋ- ਸੰਗਰੂਰ ਤੋਂ ਲੋਕ ਸਭਾ ਵਿਚ ਪਹੁੰਚਣ ਲਈ ਦੋ ਸਾਬਕਾ ਵਿਧਾਇਕ ਮੈਦਾਨ ਵਿਚ
ਜਾਣਕਾਰੀ ਅਨੁਸਾਰ ਕੈਦੀ ਮਨਪ੍ਰੀਤ ਸਿੰਘ ਨੂੰ ਗੁਰਦਾਸਪੁਰ ਜੇਲ੍ਹ ਤੋਂ ਗੋਇੰਦਵਾਲ ਸਾਹਿਬ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਉਹ ਪਿਛਲੇ 3 ਮਹੀਨਿਆਂ ਤੋਂ ਗੋਇੰਦਵਾਲ ਸਾਹਿਬ ਜੇਲ੍ਹ ਵਿਚ ਕੈਦ ਸੀ। 31 ਮਈ ਨੂੰ ਉਸ ਨੇ ਛਾਤੀ ਵਿਚ ਦਰਦ ਦੀ ਸ਼ਿਕਾਇਤ ਕਰਨ ਤੋਂ ਬਾਅਦ ਗੋਇੰਦਵਾਲ ਸਾਹਿਬ ਦੀ ਜੇਲ੍ਹ ਪ੍ਰਸ਼ਾਸਨ ਉਸ ਨੂੰ ਸਿਵਲ ਹਸਪਤਾਲ ਤਰਨਤਾਰਨ ਲੈ ਗਿਆ, ਉਥੇ ਉਸ ਦੀ ਹਾਲਤ ਅਤੇ ਇਲਾਜ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ- ਸੰਗਰੂਰ ਜ਼ਿਮਨੀ ਚੋਣਾਂ ’ਚ ਕਾਂਗਰਸ ਕਰੇਗੀ ਸ਼ਾਨਦਾਰ ਜਿੱਤ ਦਰਜ : ਦਲਵੀਰ ਸਿੰਘ ਗੋਲਡੀ
ਇੱਥੇ ਆ ਕੇ ਉਸ ਦੀ ਹਾਲਤ ਵਿਚ ਸੁਧਾਰ ਹੋਣ ਲੱਗਾ। ਇਸ ਕਾਰਨ ਉਸ ਨੇ ਭੱਜਣ ਦੀ ਯੋਜਨਾ ਬਣਾਈ ਹੋਵੇਗੀ ਅਤੇ ਫਿਰ ਟਾਇਲਟ ਜਾਣ ਦੇ ਬਹਾਨੇ ਪਹਿਲਾਂ ਪੁਲਸ ਮੁਲਾਜ਼ਮਾਂ ਤੋਂ ਹੱਥਕਡ਼ੀ ਖੁਲਵਾਈ ਅਤੇ ਫਿਰ ਉਥੋਂ ਫਰਾਰ ਹੋ ਗਿਆ, ਜਿਸ ਤੋਂ ਬਾਅਦ ਉਸ ਦੀ ਸੁਰੱਖਿਆ ਵਿਚ ਤਾਇਨਾਤ ਤਿੰਨ ਪੁਲਸ ਮੁਲਾਜ਼ਮਾਂ ਨੇ ਪੁਲਸ ਨੂੰ ਸੂਚਿਤ ਕੀਤਾ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।