ਲੁਧਿਆਣਾ ਦੀ ਸੈਂਟਰਲ ਜੇਲ੍ਹ 'ਚ ਹਵਾਲਾਤੀ ਦੀ ਮੌਤ, ਕਈ ਸਾਲਾਂ ਤੋਂ ਸੀ ਜੇਲ੍ਹ 'ਚ ਬੰਦ

04/24/2023 12:26:06 PM

ਲੁਧਿਆਣਾ (ਸਿਆਲ) : ਤਾਜਪੁਰ ਰੋਡ ਸਥਿਤ ਸੈਂਟਰਲ ਜੇਲ੍ਹ ਦੇ ਹਵਾਲਾਤੀ ਦੀ ਮੌਤ 'ਤੇ ਪਰਿਵਾਰ ਨੇ ਜੇਲ੍ਹ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਾਏ ਹਨ। ਸਿਵਲ ਹਸਪਤਾਲ 'ਚ ਪੁੱਜੇ ਹਵਾਲਾਤੀ ਦੇ ਪਰਿਵਾਰ ਵਾਲਿਆਂ ਨੇ ਮੀਡੀਆ ਨੂੰ ਦੱਸਿਆ ਕਿ ਮਲਕੀਤ ਸਿੰਘ ਪੁੱਤਰ ਕਸ਼ਮੀਰ ਸਿੰਘ 'ਤੇ ਅਪਰਾਧਿਕ ਮਾਮਲੇ ਦਰਜ ਹੋਣ ਦੇ ਚੱਲਦਿਆਂ ਕਈ ਸਾਲਾਂ ਤੋਂ ਸੈਂਟਰਲ ਜੇਲ੍ਹ 'ਚ ਬੰਦ ਸੀ। ਬੀਮਾਰ ਹੋਣ ਦੇ ਕਾਰਨ ਕਈ ਵਾਰ ਅਧਿਕਾਰੀਆਂ ਨਾਲ ਉਸ ਦੇ ਇਲਾਜ ਲਈ ਸੰਪਰਕ ਵੀ ਕੀਤਾ ਗਿਆ ਪਰ ਇਲਾਜ 'ਚ ਕਥਿਤ ਤੌਰ 'ਤੇ ਲਾਪਰਵਾਹੀ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਏਅਰਫੋਰਸ ਹੈਰੀਟੇਜ ਸੈਂਟਰ' ਦਾ ਉਦਘਾਟਨ ਕਰਨਗੇ ਰੱਖਿਆ ਮੰਤਰੀ, 6.22 ਲੱਖ ਰੁਪਏ ਹੋਣਗੇ ਖ਼ਰਚ

ਮ੍ਰਿਤਕ ਹਵਾਲਾਤੀ ਦੇ ਭਰਾ ਨੇ ਸਿਵਲ ਹਸਪਤਾਲ 'ਚ ਦੱਸਿਆ ਕਿ ਉਸ ਦੇ ਹਵਾਲਾਤੀ ਭਰਾ ਦਾ ਜਦੋਂ ਜੇਲ੍ਹ ਤੋਂ ਫੋਨ ਆਉਂਦਾ ਤਾਂ ਉਹ ਇਹੀ ਕਹਿੰਦਾ ਸੀ ਕਿ ਉਸ ਦੀ ਬੀਮਾਰੀ ਦਾ ਇਲਾਜ ਸਹੀ ਢੰਗ ਨਾਲ ਨਹੀਂ ਹੋ ਰਿਹਾ। ਸਿਰ, ਢਿੱਡ ਦਰਦ ਜਾਂ ਬੁਖ਼ਾਰ ਹੋਵੇ, ਇੱਕੋ ਤਰ੍ਹਾਂ ਦੀ ਗੋਲੀ ਦੇ ਕੇ ਭੇਜ ਦਿੱਤਾ ਜਾਂਦਾ ਹੈ। ਉਧਰ ਜੇਲ੍ਹ ਤੋਂ ਪੋਸਟ ਮਾਰਟਮ ਕਰਾਉਣ ਆਏ ਸਹਾਇਕ ਸੁਪਰੀਡੈਂਟ ਸੁਖਦੇਵ ਸਿੰਘ ਨੇ ਦੱਸਿਆ ਕਿ ਹਵਾਲਾਤੀ ਦਾ ਇਲਾਜ ਜੇਲ੍ਹ ਦੇ ਹਸਪਤਾਲ 'ਚ ਚੱਲ ਰਿਹਾ ਸੀ ਅਤੇ ਬੀਮਾਰ ਹੋਣ ਕਾਰਨ ਉਸ ਨੂੰ ਕਈ ਵਾਰ ਸਿਵਲ ਹਸਪਤਾਲ ਭੇਜਿਆ ਗਿਆ ਸੀ ਅਤੇ ਇਲਾਜ ਦਾ ਸਾਰਾ ਰਿਕਾਰਡ ਜੇਲ੍ਹ ਦੇ ਮੈਡੀਕਲ ਅਧਿਕਾਰੀ ਕੋਲ ਹੈ।

ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ ਡਿਪੂ ਹੋਲਡਰਾਂ ਦੀ ਬੈਠਕ 26 ਤਾਰੀਖ਼ ਨੂੰ, ਖੋਲ੍ਹਣਗੇ ਮੰਗਾਂ ਦਾ ਪਿਟਾਰਾ

ਉਸ ਨੇ ਪਰਿਵਾਰ ਵੱਲੋਂ ਲਾਏ ਦੋਸ਼ਾਂ ਨੂੰ ਬੇ-ਬੁਨਿਆਦ ਦੱਸਿਆ ਅਤੇ ਕਿਹਾ ਕਿ ਜੁਡੀਸ਼ੀਅਲ ਮੈਜੀਸਟ੍ਰੇਟ ਦੀ ਮੌਜੂਦਗੀ 'ਚ ਡਾਕਟਰਾਂ ਦੇ ਇਕ ਪੈਨਲ ਵੱਲੋਂ ਮ੍ਰਿਤਕ ਹਵਾਲਾਤੀ ਦਾ ਪੋਸਟਮਾਰਟਮ ਕਰ ਦਿੱਤਾ ਗਿਆ ਹੈ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News