ਪੀਣ ਵਾਲੇ ਪਾਣੀ ਦੀਆਂ ਫੈਕਟਰੀਆਂ ''ਤੇ ਛਾਪੇ

Tuesday, Aug 22, 2017 - 07:19 AM (IST)

ਪੀਣ ਵਾਲੇ ਪਾਣੀ ਦੀਆਂ ਫੈਕਟਰੀਆਂ ''ਤੇ ਛਾਪੇ

ਅੰਮ੍ਰਿਤਸਰ,  (ਦਲਜੀਤ)-  ਸਿਹਤ ਵਿਭਾਗ ਵੱਲੋਂ ਪੀਣ ਦਾ ਪਾਣੀ ਪੈਕ ਕਰਨ ਵਾਲੀਆਂ ਅੱਧਾ ਦਰਜਨ ਦੇ ਕਰੀਬ ਫੈਕਟਰੀਆਂ 'ਤੇ ਅੱਜ ਅਚਨਚੇਤ ਛਾਪਾਮਾਰੀ ਕੀਤੀ ਹੈ। ਛਾਪਾਮਾਰੀ ਦੌਰਾਨ ਛੇਹਰਟਾ ਸਥਿਤ ਜੀ ਐਕਵਾ ਕੰਪਨੀ ਦੀ ਫੈਕਟਰੀ 'ਚ ਬਿਨਾਂ ਲਾਇਸੈਂਸ ਅਤੇ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਦੇ ਮਾਪਦੰਡਾਂ ਤੋਂ ਉਲਟ ਕੰਮ ਕੀਤਾ ਜਾ ਰਿਹਾ ਸੀ। ਵਿਭਾਗ ਦੀ ਟੀਮ ਨੇ ਉਕਤ ਫੈਕਟਰੀ ਦੀ ਮਸ਼ੀਨਰੀ ਸਮੇਤ ਪਾਣੀ ਦੇ 400 ਡੱਬਿਆਂ ਨੂੰ ਸੀਲ ਕਰ ਕੇ ਅਗਲੇਰੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਰਿਪੋਰਟ ਕਰ ਦਿੱਤੀ ਹੈ। ਜ਼ਿਲਾ ਸਿਹਤ ਅਧਿਕਾਰੀ ਡਾ. ਲਖਬੀਰ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਵਿਭਾਗ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਜ਼ਿਲੇ 'ਚ ਕੁਝ ਪੀਣ ਵਾਲਾ ਪਾਣੀ ਪੈਕ ਵਾਲੀਆਂ ਫੈਕਟਰੀਆਂ ਨਿਯਮਾਂ ਤੋਂ ਉਲਟ ਚਲ ਰਹੀਆਂ ਹਨ। 
ਐਕਵਾ ਕੰਪਨੀ ਦੀ ਫੈਕਟਰੀ ਦੇ ਕੋਲ ਬਿਊਰੋ ਆਫ ਇੰਡੀਅਨ ਸਟੈਂਡਰਡ ਦਾ ਲਾਇਸੈਂਸ ਨਹੀਂ ਸੀ ਅਤੇ ਨਾ ਹੀ ਪਾਣੀ ਨੂੰ ਪੈਕ ਕਰਨ ਲਈ ਟੈਸਟਿੰਗ ਲੈਬਾਰਟਰੀ ਮੌਜੂਦ ਸੀ। ਨਗਰ ਨਿਗਮ ਵੱਲੋਂ ਆਉਣ ਵਾਲਾ ਪਾਣੀ ਫਿਲਟਰ ਕਰ ਕੇ ਸਿੱਧਾ ਗਲਾਸਾਂ ਅਤੇ ਬੋਤਲਾਂ 'ਚ ਪੈਕ ਕੀਤਾ ਜਾ ਰਿਹਾ ਸੀ। ਫੈਕਟਰੀ ਦੀ ਮਸ਼ੀਨਰੀ ਸੀਲ ਕਰਦੇ ਹੋਏ ਪਾਣੀ ਦੇ 400 ਡੱਬੇ ਸੀਲ ਕਰ ਦਿੱਤੇ ਗਏ ਹਨ। 
ਸਿਲਵਰ ਬੱਬਲ ਅਤੇ ਭਾਰਤੀ ਇੰਟਰਪ੍ਰਾਈਜ਼ਿਜ਼ ਵਿਚ ਵੀ ਅਚਨਚੇਤ ਛਾਪਾਮਾਰੀ ਕੀਤੀ ਗਈ। ਇਸ ਫੈਕਟਰੀ 'ਚ ਪੀਣ ਵਾਲਾ ਪਾਣੀ ਬੋਤਲਾਂ 'ਚ ਭਰਿਆ ਜਾ ਰਿਹਾ ਸੀ ਜੋ ਸ਼ਹਿਰ ਦੀਆਂ ਦੁਕਾਨਾਂ 'ਤੇ ਸਪਲਾਈ ਕੀਤਾ ਜਾਣਾ ਸੀ। ਡਾ. ਭਾਗੋਵਾਲੀਆ ਅਨੁਸਾਰ ਇਹ ਪਾਣੀ ਹਾਈਜੀਨਿਕ ਕੰਡੀਸ਼ਨ ਵਿਚ ਨਹੀਂ ਸੀ। 
ਇਸੇ ਤਰ੍ਹਾਂ ਦਬੁਰਜੀ ਕੋਲ ਸਥਿਤ ਵੇਵ ਕੰਪਨੀ ਵੱਲੋਂ ਵੀ ਕੂਲਰਾਂ 'ਚ ਖੁੱਲ੍ਹਾ ਪਾਣੀ ਭਰਿਆ ਜਾ ਰਿਹਾ ਸੀ। ਇਹ ਪਾਣੀ ਸ਼ੁੱਧ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਘਾਲਾਮਾਲਾ ਚੌਕ ਸਥਿਤ ਹੈਲਦੀ ਸਿਪ ਫੈਕਟਰੀ 'ਤੇ ਛਾਪਾ ਮਾਰਿਆ ਗਿਆ ਜਿਥੇ 10-12 ਪਾਣੀ ਦੇ ਡੱਬੇ ਪਏ ਹੋਏ ਸਨ। ਫੈਕਟਰੀ ਬੰਦ ਸੀ। ਫੈਕਟਰੀ ਦੇ ਮਾਲਕ ਨੇ ਟੀਮ ਨੂੰ ਐਫੀਡੇਵਿਟ ਦੇ ਦਿੱਤਾ ਕਿ ਉਸ ਨੇ ਫੈਕਟਰੀ ਵੇਚ ਦਿੱਤੀ ਹੈ ਅਤੇ ਮਸ਼ੀਨਰੀ ਕਾਫੀ ਸਮੇਂ ਤੋਂ ਬੰਦ ਪਈ ਹੈ।
ਡਾ. ਭਾਗੋਵਾਲੀਆ ਨੇ ਦੱਸਿਆ ਕਿ ਜ਼ਿਲੇ 'ਚ ਪੀਣ ਵਾਲਾ ਪਾਣੀ ਬਣਾਉਣ ਵਾਲੀਆਂ ਸਾਰੀਆਂ ਫੈਕਟਰੀਆਂ 'ਤੇ ਅਚਨਚੇਤ ਛਾਪਾਮਾਰੀ ਕੀਤੀ ਜਾਵੇਗੀ ਅਤੇ ਮਾਪਦੰਡ ਪੂਰਾ ਨਾ ਕਰਨ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇਗੀ। ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ। ਦੂਸ਼ਿਤ ਪਾਣੀ ਪੀਣ ਨਾਲ ਲੋਕ ਕਈ ਬੀਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਨ। ਆਉਣ ਵਾਲੇ ਦਿਨਾਂ 'ਚ ਛਾਪਾਮਾਰੀ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ। 
ਜ਼ਿਕਰਯੋਗ ਹੈ ਕਿ ਜ਼ਿਲਾ ਸਿਹਤ ਅਫਸਰ ਡਾ. ਲਖਬੀਰ ਸਿੰਘ ਭਾਗੋਵਾਲੀਆ ਵੱਲੋਂ ਅੱਜ ਪੀਣ ਵਾਲਾ ਪਾਣੀ ਪੈਕ ਕਰਨ ਵਾਲੀਆਂ ਫੈਕਟਰੀਆਂ 'ਤੇ ਕੀਤੀ ਗਈ ਛਾਪਾਮਾਰੀ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। ਇਤਿਹਾਸ ਗਵਾਹ ਹੈ ਕਿ ਕਿਸੇ ਵੀ ਸਿਹਤ ਅਫਸਰ ਵੱਲੋਂ ਇੰਨੇ ਵੱਡੇ ਪੱਧਰ 'ਤੇ ਅੱਜ ਤਕ ਅਜਿਹੀ ਕਾਰਵਾਈ ਨਹੀਂ ਕੀਤੀ ਗਈ। 


Related News