70 ਸਾਲ ਬਾਅਦ ਮੰਤਰੀ ਬਣਨ ਦੀ ਉਮੀਦ ’ਤੇ ਪਾਣੀ ਕਿਉਂ ਫੇਰ ਦਿੱਤਾ, ਪੁੱਛਦੇ ਨੇ ਬੁਢਲਾਡੇ ਦੇ ਲੋਕ
Saturday, Mar 19, 2022 - 05:26 PM (IST)
ਬੁਢਲਾਡਾ (ਬਾਂਸਲ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਵੀਂ ਕੈਬਨਿਟ ਦੇ ਗਠਨ ’ਚ ਹਲਕਾ ਬੁਢਲਾਡਾ ਤੋਂ ਦੂਸਰੀ ਵਾਰ ਪਾਰਟੀ ਤੋਂ ਵਿਧਾਇਕ ਬਣੇ ਪ੍ਰਿੰਸੀਪਲ ਬੁੱਧ ਰਾਮ ਨੂੰ ਕੈਬਨਿਟ ’ਚ ਥਾਂ ਨਾ ਦੇਣਾ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹਲਕੇ ਦੇ ਹਰ ਗਲੀ ਮੁਹੱਲੇ, ਸੱਥਾਂ ਵਿਚ ਸਰਕਾਰ ਦੇ ਇਸ ਫ਼ੈਸਲੇ ’ਤੇ ਹੈਰਾਨਗੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਸੀਨੀਅਰ ਵਿਧਾਇਕ ਕੋਰ ਕਮੇਟੀ ਪੰਜਾਬ ਦੇ ਚੇਅਰਮੈਨ ਹੋਣ ਦੇ ਬਾਵਜੂਦ ਕੈਬਨਿਟ ਦਾ ਹਿੱਸਾ ਕਿਉਂ ਨਹੀਂ ਬਣਾਇਆ ਗਿਆ। 70 ਸਾਲਾਂ ਦੇ ਰਾਜ ਵਿਚ ਮੰਤਰੀ ਬਣਨ ਦੀ ਬੁਢਲਾਡਾ ਹਲਕੇ ਦੇ ਲੋਕਾਂ ਦੀ ਉਮੀਦ ’ਤੇ ਕਿਉਂ ਪਾਣੀ ਫੇਰ ਦਿੱਤਾ।
ਹਲਕੇ ਦੇ ਲੋਕ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੂੰ ਸੁਆਲ ਪੁੱਛਦੇ ਹਨ ਤੇ ਪੁੱਛਦੇ ਰਹਿਣਗੇ ਪਰ ਇਸ ਸੰਬਧੀ ਜਦੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਦੇ ਹਰ ਫ਼ੈਸਲੇ ਦਾ ਸਤਿਕਾਰ ਕਰਦਾ ਹਾਂ ਅਤੇ ਆਪਣੇ ਹਲਕੇ ਦੇ ਵਿਕਾਸ ਅਤੇ ਤਰੱਕੀ ਲਈ ਆਮ ਆਦਮੀ ਪਾਰਟੀ ਵੱਲੋਂ ਦਿੱਤੀਆਂ ਗਾਰੰਟੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਲਏ ਕੈਬਨਿਟ ਦੇ ਫ਼ੈਸਲੇ ਅਨੁਸਾਰ ਨਵੇਂ ਚੁਣੇ ਮੰਤਰੀਆਂ ਨੂੰ ਆਪਣੇ ਅਤੇ ਆਪਣੇ ਹਲਕੇ ਵੱਲੋਂ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਜਿੰਨੀਆਂ ਵੱਡੀਆਂ ਚਣੌਤੀਆਂ ਹੋਣਗੀਆਂ, ਉਨ੍ਹੇ ਹੀ ਵੱਡੇ ਮੌਕੇ ਮਿਲਣਗੇ। ਮੈਂ ਹਲਕੇ ਦੇ ਲੋਕਾਂ ਦੇ ਸਨੇਹ ਨਾਲ ਦੂਸਰੀ ਵਾਰ ਵਿਧਾਇਕ ਬਣਨ ਦਾ ਮਾਣ ਮਹਿਸੂਸ ਕਰਦਾ ਹਾਂ ਜਿਸਦਾ ਮੈਂ ਹਲਕੇ ਅਤੇ ਆਮ ਆਦਮੀ ਪਾਰਟੀ ਦਾ ਰਿਣੀ ਰਹਾਂਗਾ।