ਪ੍ਰਿੰਸੀਪਲ ਦੇ ਵਿਰੋਧ ''ਚ ਵਿਦਿਆਰਥੀਆਂ ਤੇ ਸਟਾਫ ਨੇ ਸਕੂਲ ਨੂੰ ਜੜਿਆ ਤਾਲਾ

07/24/2019 12:53:42 PM

ਮਮਦੋਟ (ਸੰਜੀਵ ਮਦਾਨ) : ਬੁੱਧਵਾਰ ਸਵੇਰੇ ਮਮਦੋਟ ਦੇ ਸ਼ਹੀਦ ਆਰ. ਕੇ. ਵਧਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ ਜਦੋਂ ਇੱਥੇ ਪਹਿਲਾਂ ਰਹਿ ਚੁੱਕੇ ਪ੍ਰਿੰਸੀਪਲ ਐਚ. ਕੇ. ਚੋਪੜਾ ਦੀ ਦੁਬਾਰਾ ਆਮਦ ਨੂੰ ਲੈ ਕੇ ਸਕੂਲ ਦੇ ਸਮੂਹ ਸਟਾਫ਼ ਅਤੇ ਸਮੂਹ ਵਿਦਿਆਰਥੀਆਂ ਨੇ ਮੁੱਖ ਗੇਟ ਨੂੰ ਤਾਲਾ ਜੜ ਕੇ ਧਰਨਾ ਲਾ ਦਿੱਤਾ। ਇਸ ਦੌਰਾਨ ਵਿਦਿਆਰਥੀਆਂ ਨੇ 'ਵਾਪਸ ਜਾਓ' ਅਤੇ 'ਚੋਪੜਾ ਭਜਾਓ' ਦੇ ਬੈਨਰ ਫੜ ਕੇ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ।

PunjabKesari

ਇਸ ਮੌਕੇ ਵਿਦਿਆਰਥੀਆਂ ਨੇ ਕਿਹਾ ਕਿ ਜੇਕਰ 'ਰੋਲ ਮਾਡਲ' ਕਹਾਉਣ ਵਾਲਾ ਸਕੂਲ ਮੁਖੀ ਹੀ ਜੇਕਰ ਮਾਣ ਮਰਿਆਦਾ ਦੇ ਉਲਟ ਕਦਮ ਰੱਖੇਗਾ ਤਾਂ ਸਮਾਜ ਦੇ ਭਵਿੱਖ ਕਹੇ ਜਾਣ ਵਾਲੇ ਵਿਦਿਆਰਥੀ ਵਰਗ 'ਤੇ ਕਿਸ ਤਰ੍ਹਾਂ ਅਸਰ ਚੰਗਾ ਪਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਉਕਤ ਪ੍ਰਿੰਸੀਪਲ ਬੀੜੀ ਸਿਗਰਟ ਆਦਿ ਵਰਗੇ ਨਸ਼ੇ ਦਾ ਸੇਵਨ ਕਰਨ ਦਾ ਆਦੀ ਹੈ ਅਤੇ ਇਸ ਤੋਂ ਇਲਾਵਾ ਉਹ ਮਹਿਲਾ ਅਧਿਆਪਕਾਂ ਦੇ ਆਚਰਨ, ਉਨ੍ਹਾਂ ਦੇ ਕੱਪੜਿਆਂ ਉੱਪਰ ਅਤੇ ਸਰੀਰਕ ਬਣਤਰ ਉੱਪਰ ਤਰ੍ਹਾਂ-ਤਰ੍ਹਾਂ ਦੇ ਵਿਅੰਗ ਤੇ ਟਿੱਪਣੀਆਂ ਕੱਸਦਾ ਰਹਿੰਦਾ ਹੈ। ਇਕ ਰੋਲ ਮਾਡਲ ਕਹਾਉਣ ਵਾਲੇ ਅਧਿਆਪਕ ਆਗੂ ਜੇਕਰ ਅਜਿਹੀਆਂ ਹਰਕਤਾਂ ਕਰਨਗੇ ਤਾਂ ਵਿਦਿਆਰਥੀ ਵਰਗ ਨੂੰ ਅਤੇ ਸਮਾਜ ਨੂੰ ਕੀ ਸੇਧ ਮਿਲੇਗੀ। ਕੁਰਾਹੇ ਪਾਉਣ ਵਾਲੇ ਅਜਿਹੇ ਅਧਿਆਪਕ ਆਗੂ ਨੂੰ ਇਸ ਸਕੂਲ ਵਿਚ ਕਦੇ ਵੀ ਦੁਬਾਰਾ ਤਾਇਨਾਤ ਨਹੀਂ ਕੀਤਾ ਜਾਣਾ ਚਾਹੀਦਾ। ਮਹਿਲਾ ਅਧਿਆਪਕ ਮਨਜੀਤ ਕੌਰ ਅਤੇ ਹਰਜਿੰਦਰ ਕੌਰ ਨੇ ਦੋਸ਼ ਲਾਉਂਦੇ ਕਿਹਾ ਕਿ ਮਹਿਲਾ ਅਧਿਆਪਕਾਂ ਪ੍ਰਤੀ ਇਸ ਪ੍ਰਿੰਸੀਪਲ ਦਾ ਵਤੀਰਾ ਸਹੀ ਨਾ ਹੋਣ ਕਰਕੇ ਇਸ ਨੂੰ ਸਕੂਲ ਵਿਚ ਦੁਬਾਰਾ ਨਿਯੁਕਤ ਨਹੀਂ ਕੀਤਾ ਜਾਣਾ ਚਾਹੀਦਾ। 

PunjabKesari

ਉਧਰ ਪ੍ਰਿੰਸੀਪਲ ਦਾ ਅਹੁਦਾ ਦੁਬਾਰਾ ਸੰਭਾਲਣ ਆਏ ਐੱਚ. ਕੇ. ਚੋਪੜਾ ਨੇ ਕਿਹਾ ਕਿ ਵਿਭਾਗੀ ਹਦਾਇਤਾਂ ਦੇ ਤਹਿਤ ਹੀ ਉਹ ਇੱਥੇ ਚਾਰਜ ਲੈਣ ਆਇਆ ਸੀ ਅਤੇ ਅੱਜ ਦੇ ਵਿਰੋਧ ਸੰਬੰਧੀ ਫ਼ਿਰੋਜ਼ਪੁਰ ਸਥਿਤ ਦਫ਼ਤਰ ਵਿਖੇ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਿੱਜੀ ਕਿੜਬਾਜ਼ੀ ਨੂੰ ਮੁੱਦਾ ਬਣਾ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਮੇਰਾ ਵਿਰੋਧ ਕੀਤਾ ਜਾ ਰਿਹਾ ਹੈ ਜੋ ਕਿ ਸਰਾਸਰ ਗਲਤ ਹੈ।
ਸਥਿਤੀ ਵਿਗੜਦਿਆਂ ਵੇਖ ਮੌਕੇ 'ਤੇ ਪੁੱਜੇ ਥਾਣਾ ਮੁਖੀ ਜਸਵੰਤ ਸਿੰਘ ਨੇ ਕਿਹਾ ਹੈ ਕਿ ਸਕੂਲ ਦੀ ਮਹਿਲਾ ਮੁਖੀ ਨੂੰ ਮਿਲ ਕੇ ਸਾਰੀ ਜਾਣਕਾਰੀ ਹਾਸਲ ਕੀਤੀ ਗਈ ਹੈ ਅਤੇ ਸਹਿਯੋਗ ਦੇ ਤੌਰ 'ਤੇ ਕਿਸੇ ਵੀ ਤਰ੍ਹਾਂ ਦੀ ਦਰਪੇਸ਼ ਆਉਣ ਵਾਲੀ ਮੁਸ਼ਕਲ ਨੂੰ ਨਿਪਟਾਉਣ ਲਈ ਤੁਰੰਤ ਪੁਲਸ ਨੂੰ ਸੂਚਿਤ ਕਰਨ ਲਈ ਕਿਹਾ ਗਿਆ ਹੈ।


Gurminder Singh

Content Editor

Related News