ਪਰਨੀਤ ਕੌਰ ਨਾਲ ਠੱਗੀ ਮਾਰਨ ਵਾਲੇ ਕੋਲੋਂ ਜੇਲ ''ਚੋਂ ਮੋਬਾਈਲ ਬਰਾਮਦ

01/29/2020 6:53:53 PM

ਪਟਿਆਲਾ (ਇੰਦਰਜੀਤ ਬਕਸ਼ੀ) : ਪੰਜਾਬ ਦੀਆਂ ਜੇਲਾਂ ਵਿਚ ਕੈਦੀਆਂ ਪਾਸੋਂ ਮੋਬਾਈਲ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਪਟਿਆਲਾ ਦੀ ਕੇਂਦਰੀ ਜੇਲ ਦਾ ਹੈ, ਜਿੱਥੇ ਮੁੱਖ ਮੰਤਰੀ ਦੀ ਪਤਨੀ ਅਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨਾਲ ਇੰਟਰਨੈਟ ਜ਼ਰੀਏ 23 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਗਰੋਹ ਦੇ ਮੈਂਬਰ ਵਜੋਂ ਪਟਿਆਲਾ ਜੇਲ ਵਿਚ ਬੰਦ ਇਕ ਮੁਲਜ਼ਮ ਦੇ ਕਬਜ਼ੇ 'ਚੋਂ ਵੀ ਜੇਲ ਅਧਿਕਾਰੀਆਂ ਨੇ ਫੋਨ ਬਰਾਮਦ ਕੀਤਾ ਹੈ। ਅਫਸਰ ਅਲੀ ਪੁੱਤਰ ਸ਼ਮਸ਼ੇਰ ਅਲੀ ਨਾਂ ਦਾ ਇਹ ਮੁਲਜ਼ਮ ਜ਼ਿਲਾ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ, ਜਿਸ ਨੂੰ ਕੁਝ ਮਹੀਨੇ ਪਹਿਲਾਂ ਪ੍ਰਨੀਤ ਕੌਰ ਨਾਲ ਵੱਜੀ ਲੱਖਾਂ ਦੀ ਸਾਈਬਰ ਠੱਗੀ ਸਬੰਧੀ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਗਰੋਹ ਨੇ ਲੋਕ ਸਭਾ ਮੈਂਬਰ ਕੋਲੋਂ ਧੋਖੇ ਨਾਲ ਬੈਂਕ ਖਾਤੇ ਸਬੰਧੀ ਵੇਰਵੇ ਪੁੱਛ ਕੇ 23 ਲੱਖ ਰੁਪਏ ਕਢਵਾ ਲਏ ਸਨ। ਮਗਰੋਂ ਜਾਂਚ ਦੌਰਾਨ ਮੁਲਜ਼ਮਾਂ ਕੋਲੋਂ ਕਈ ਫੋਨ ਤੇ ਵੱਖ-ਵੱਖ ਕੰਪਨੀਆਂ ਦੇ ਸਿਮ ਕਾਰਡ ਬਰਾਮਦ ਕੀਤੇ ਗਏ ਸਨ।

ਇਸ ਦੌਰਾਨ ਹੀ ਜਦੋਂ ਜੇਲ ਦੇ ਸਹਾਇਕ ਸੁਪਰਡੈਂਟ ਜਗਜੀਤ ਸਿੰਘ ਦੀ ਅਗਵਾਈ ਹੇਠ ਜੇਲ ਦੇ ਸੁਰੱਖਿਆ ਮੁਲਾਜ਼ਮਾਂ ਨੇ ਉਸ ਦੀ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲਈ ਤਾਂ ਉਸ ਕੋਲੋਂ ਸਿਮ ਸਮੇਤ ਮੋਬਾਈਲ ਬਰਾਮਦ ਹੋਇਆ। ਇਸ ਸਬੰਧੀ ਸਹਾਇਕ ਸੁਪਰਡੈਂਟ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ। ਥਾਣਾ ਤ੍ਰਿਪੜੀ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਥਾਣਾ ਤ੍ਰਿਪੜੀ ਵਿਚ 52ਏ ਪਰਿਜ਼ਨ ਐਕਟ ਤਹਿਤ ਕੇਸ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਗਈ ਹੈ।


Gurminder Singh

Content Editor

Related News