ਖੇਤੀ ਕਾਨੂੰਨ ਮਨਸੂਖ ਕਰਵਾਉਣ ਲਈ ਲੋਕ ਸਭਾ ’ਚ ਪ੍ਰਾਈਵੇਟ ਮੈਂਬਰਜ਼ ਬਿੱਲ ਲਿਆਂਦਾ ਜਾਵੇਗਾ : ਪ੍ਰਨੀਤ ਕੌਰ
Tuesday, Feb 09, 2021 - 06:09 PM (IST)
ਪਟਿਆਲਾ (ਰਾਜੇਸ਼ ਪੰਜੌਲਾ)- ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਕਿਹਾ ਕਿ ਤਿੰਨ ਕਾਲੇ ਖੇਤੀਬਾੜੀ ਕਾਨੂੰਨ ਮਨਸੂਖ ਕਰਵਾਉਣ ਲਈ ਲੋਕ ਸਭਾ ’ਚ ਪ੍ਰਾਈਵੇਟ ਮੈਂਬਰਜ਼ ਬਿੱਲ ਲਿਆਂਦਾ ਜਾਵੇਗਾ। ਉਹ ਅੱਜ ਪੰਜਾਬ ਭਵਨ ਦਿੱਲੀ ਵਿਖੇ ਪੰਜਾਬ ਤੋਂ ਕਾਂਗਰਸ ਪਾਰਟੀ ਦੇ ਬਾਕੀ ਸੰਸਦ ਮੈਂਬਰਾਂ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਪੰਜਾਬ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਕੇਂਦਰ ਸਰਕਾਰ ਦੇ ਕਿਸਾਨਾਂ ਤੇ ਆਮ ਲੋਕਾਂ ਲਈ ਲਈ ਮਾਰੂ ਕਾਨੂੰਨਾਂ ਵਿਰੁੱਧ ਨਿੱਜੀ ਤੇ ਸਾਂਝੇ ਤੌਰ ’ਤੇ ਇਕ ਬਿਲ ਲਿਆਂਦੇ ਜਾਣ ਦੀ ਤਜਵੀਜ਼ ਹੈ। ਪ੍ਰਨੀਤ ਕੌਰ ਨੇ ਅੱਗੇ ਕਿਹਾ ਕਿ ਕਾਂਗਰਸ ਦੇ ਪੰਜਾਬ ਤੋਂ ਸੰਸਦ ਮੈਂਬਰ ਲੋਕ ਸਭਾ ਦੇ ਸਪੀਕਰ ਨੂੰ ਵੀ ਮਿਲ ਕੇ ਇਸ ਸਬੰਧੀ ਬੇਨਤੀ ਕਰਨਗੇ ਕਿ ਉਨ੍ਹਾਂ ਨੂੰ ਇਸ ਇਹ ਬਿੱਲ ‘ਰਿਪਲੀਲਿੰਗ ਐਂਡ ਅਮੈਂਡਿੰਗ ਐਕਟ 2021’ ਲਿਆਉਣ ਅਤੇ ਇਸ ਉਪਰ ਚਰਚਾ ਕਰਨ ਦੀ ਪਹਿਲ ਦੇ ਅਧਾਰ ’ਤੇ ਆਗਿਆ ਦਿੱਤੀ ਜਾਵੇ।
ਇਹ ਵੀ ਪੜ੍ਹੋ : ਦਿੱਲੀ ਧਰਨੇ ਤੋਂ ਪਰਤੇ ਨੌਜਵਾਨ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿਧਾਨ ਸਭਾ ਨੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਐਕਟ ਪਾਸ ਕੀਤਾ ਹੈ, ਉਨ੍ਹਾਂ ਨੂੰ ਉਮੀਦ ਹੈ ਕਿ ਇਸ ਨੂੰ ਸਹਿਯੋਗ ਮਿਲੇਗਾ ਅਤੇ ਇਹ ਸੰਸਦ ’ਚ ਪਾਸ ਹੋ ਜਾਵੇਗਾ। ਪਟਿਆਲਾ ਤੋਂ ਸੰਸਦ ਮੈਂਬਰ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਸੰਵਿਧਾਨਿਕ ਕਦਰਾਂ ਕੀਮਤਾਂ ਤੇ ਮਾਨਤਾਵਾਂ ਨੂੰ ਖ਼ਤਮ ਕਰਨ ਲਈ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਸਾਡਾ ਸੰਵਿਧਾਨ ਆਪਣੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਇਹ ਬਿੱਲ ਇਸ ਲਈ ਲੈ ਕੇ ਆ ਰਹੇ ਹਨ ਤਾਂ ਕਿ ਸਾਡੇ ਸੰਵਿਧਾਨ ਨੂੰ ਕੁਚਲਿਆ ਨਾ ਜਾ ਸਕੇ ਅਤੇ ਅੰਦੋਲਨ ਕਰ ਰਹੇ ਸਾਡੇ ਕਿਸਾਨਾਂ ਨੂੰ ਆਪਣੀ ਹਮਾਇਤ ਦਿੱਤੀ ਜਾ ਸਕੇ, ਜਿਹੜੇ ਕਿ ਆਪਣੇ ਹੀ ਚੁਣੀ ਹੋਈ ਸਰਕਾਰ ਤੋਂ ਆਪਣੇ ਹੱਕ ਲੈਣ ਲਈ ਆਪਣੀ ਆਵਾਜ਼ ਬੁਲੰਦ ਕਰਨ ਲਈ ਸੜਕਾਂ ’ਤੇ ਉਤਰਨ ਲਈ ਮਜ਼ਬੂਰ ਹੋਏ ਹਨ।
ਇਹ ਵੀ ਪੜ੍ਹੋ : ਦਿੱਲੀ ਪੁਲਸ ਵਲੋਂ ਨੌਦੀਪ ਕੌਰ 'ਤੇ ਕੀਤੇ ਤਸ਼ੱਦਦ ਖ਼ਿਲਾਫ਼ ਲੋਕਾਂ 'ਚ ਭਖਣ ਲੱਗਾ ਰੋਹ
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਹਮਾਇਤ ਦੇਣ ਅਤੇ ਉਨ੍ਹਾਂ ਦੇ ਹੱਕ ’ਚ ਆਪਣੀ ਆਵਾਜ਼ ਉਠਾਉਣ ਲਈ ਸਾਡੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੇ ਵੀ ਦਿੱਲੀ ਵਿਖੇ ਕਰੀਬ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਧਰਨਾ ਲਗਾਇਆ ਹੋਇਆ ਹੈ ਪਰੰਤੂ ਕੇਂਦਰ ਸਰਕਾਰ ਕਿਸਾਨਾਂ ਨੂੰ ਅਣਦੇਖਿਆ ਕਰਨ ਦੀ ਤਰਜ਼ ’ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਪ੍ਰਤੀ ਵੀ ਅੰਨ੍ਹੀਂ ਤੇ ਬੋਲੀ ਬਣੀ ਹੋਈ ਹੈ। ਪ੍ਰਨੀਤ ਕੌਰ ਨੇ ਕਿਹਾ ਕਿ ਉਹ ਆਪਣੇ ਕਿਸਾਨਾਂ ਅਤੇ ਅਗਲੀਆਂ ਪੀੜੀਆਂ ਦਾ ਭਵਿੱਖ ਬਚਾਉਣ ਲਈ ਇਹ ਨਿਜੀ ਮੈਂਬਰਜ਼ ਬਿੱਲ ਲਿਆ ਰਹੇ ਹਨ।
ਇਹ ਵੀ ਪੜ੍ਹੋ : ਬਟਾਲਾ : ਭਾਜਪਾ ਆਗੂਆਂ ਨੂੰ ਚਿਤਾਵਨੀ, ਆਪਣੀ ਜ਼ਿੰਮੇਵਾਰੀ 'ਤੇ ਆਉਣਾ ਵੋਟ ਮੰਗਣ
ਨੋਟ - ਕਿਸਾਨ ਅੰਦੋਲਨ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਸੀਂ 'ਜਗ ਬਾਣੀ' ਦੀ ਐੱਪ, ਯੂ-ਟਿਊਬ, ਅਤੇ ਫੇਸਬੁੱਕ ਪੇਜ਼ 'ਤੇ ਦੇਖ ਸਕਦੇ ਹੋ।