Punjab: ਰਜਿਸਟਰੀ ਕਰਵਾਉਣ ਵਾਲੇ ਦੇਣ ਧਿਆਨ! ਝਲਣੀ ਪਵੇਗੀ ਇਹ ਵੱਡੀ ਮੁਸੀਬਤ
Wednesday, Apr 22, 2026 - 12:54 PM (IST)
ਜਲੰਧਰ (ਚੋਪੜਾ)- ਰਜਿਸਟਰੀ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਜਨਤਾ ਦੀ ਸਹੂਲਤ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਦਾਅਵਿਆਂ ਨਾਲ ਸ਼ੁਰੂ ਕੀਤਾ ਗਿਆ 'ਈਜ਼ੀ ਰਜਿਸਟ੍ਰੇਸ਼ਨ ਸਿਸਟਮ' ਲੋਕਾਂ ਲਈ ਪ੍ਰੇਸ਼ਾਨੀ ਦਾ ਵੱਡਾ ਕਾਰਨ ਬਣਦਾ ਜਾ ਰਿਹਾ ਹੈ। ਤਕਨੀਕੀ ਖ਼ਾਮੀਆਂ ਅਤੇ ਵਾਰ-ਵਾਰ ਠੱਪ ਹੋਣ ਵਾਲੀ ਵੈੱਬਸਾਈਟ ਕਾਰਨ ਰਜਿਸਟਰੀ ਦਾ ਕੰਮ ਆਏ ਦਿਨ ਪ੍ਰਭਾਵਿਤ ਹੋ ਰਿਹਾ ਹੈ। ਮੰਗਲਵਾਰ ਨੂੰ ਵੀ ਸਬ-ਰਜਿਸਟਰਾਰ ਦਫ਼ਤਰਾਂ ਵਿਚ ਇਹੀ ਹਾਲ ਵੇਖਣ ਨੂੰ ਮਿਲਿਆ, ਜਦੋਂ ਦੁਪਹਿਰ ਵੇਲੇ ਈਜ਼ੀ ਰਜਿਸਟ੍ਰੇਸ਼ਨ ਸਿਸਟਮ ਦੀ ਸਾਈਟ ਅਚਾਨਕ ਬੰਦ ਹੋ ਗਈ, ਜਿਸ ਕਾਰਨ ਪੂਰੇ ਸੂਬੇ ਵਿਚ ਰਜਿਸਟਰੀ ਅਤੇ ਦਸਤਾਵੇਜ਼ਾਂ ਦੀ ਪ੍ਰਵਾਨਗੀ ਦਾ ਕੰਮ ਠੱਪ ਹੋ ਗਿਆ।
ਇਹ ਵੀ ਪੜ੍ਹੋ: ਜਲੰਧਰ 'ਚ ਹੈਰਾਨੀਜਨਕ ਮਾਮਲਾ! 9ਵੀਂ ਜਮਾਤ ਦੀ ਕੁੜੀ ਨੇ ਮੁੰਡੇ ਨੂੰ ਦਿੱਤਾ ਜਨਮ, ਇੰਝ ਖੁੱਲ੍ਹਿਆ ਭੇਤ

ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਸਥਿਤ ਸਬ-ਰਜਿਸਟਰਾਰ-1 ਅਤੇ ਸਬ-ਰਜਿਸਟਰਾਰ-2 ਦਫ਼ਤਰਾਂ ਵਿਚ ਵੱਡੀ ਗਿਣਤੀ ਵਿਚ ਲੋਕ ਸਵੇਰ ਤੋਂ ਹੀ ਰਜਿਸਟਰੀ ਕਰਵਾਉਣ ਪਹੁੰਚੇ ਹੋਏ ਸਨ ਪਰ ਦੁਪਹਿਰ ਨੂੰ ਸਾਈਟ ਬੰਦ ਹੁੰਦੇ ਹੀ ਸਾਰੇ ਕੰਮ ਰੁਕ ਗਏ ਅਤੇ ਲੋਕਾਂ ਨੂੰ ਘੰਟਿਆਂਬੱਧੀ ਉਡੀਕ ਕਰਨੀ ਪਈ। ਖ਼ਾਸ ਕਰਕੇ ਬਜ਼ੁਰਗਾਂ, ਔਰਤਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇੰਨਾ ਹੀ ਨਹੀਂ, ਜਿਹੜੇ ਲੋਕਾਂ ਨੇ ਪਹਿਲਾਂ ਹੀ ਪ੍ਰਾਪਰਟੀ ਦੀ ਖ਼ਰੀਦੋ-ਫ਼ਰੋਖਤ ਲਈ ਭਾਰੀ ਰਕਮ ਦਾ ਲੈਣ-ਦੇਣ ਕਰ ਲਿਆ ਸੀ ਅਤੇ ਰਜਿਸਟਰੀ ਦੀ ਪ੍ਰਕਿਰਿਆ ਪੂਰੀ ਕਰਨ ਲਈ ਦਫ਼ਤਰ ਪਹੁੰਚੇ ਸਨ, ਉਨ੍ਹਾਂ ਦੇ ਚਿਹਰਿਆਂ ’ਤੇ ਚਿੰਤਾ ਸਾਫ਼ ਝਲਕ ਰਹੀ ਸੀ, ਕਿਉਂਕਿ ਦੇਰੀ ਕਾਰਨ ਉਨ੍ਹਾਂ ਦਾ ਸੌਦਾ ਪ੍ਰਭਾਵਿਤ ਹੋ ਸਕਦਾ ਸੀ।
ਲਗਭਗ ਦੋ ਘੰਟੇ ਤੋਂ ਵੱਧ ਸਮਾਂ ਸਿਸਟਮ ਬੰਦ ਰਹਿਣ ਤੋਂ ਬਾਅਦ ਸ਼ਾਮ 5.30 ਵਜੇ ਸਾਈਟ ਦੋਬਾਰਾ ਚਾਲੂ ਹੋਈ ਪਰ ਉਦੋਂ ਤੱਕ ਹਾਲਾਤ ਹੋਰ ਵਿਗੜ ਚੁੱਕੇ ਸਨ। ਸਾਈਟ ਚਾਲੂ ਹੋਣ ਦੇ ਬਾਅਦ ਵੀ ਸਿਰਫ਼ ਉਨ੍ਹਾਂ ਲੋਕਾਂ ਦੇ ਦਸਤਾਵੇਜ਼ਾਂ ਨੂੰ ਪ੍ਰਵਾਨਗੀ ਮਿਲ ਸਕੀ, ਜਿਨ੍ਹਾਂ ਦੇ ਟੋਕਨ ਪਹਿਲਾਂ ਹੀ ਲੱਗ ਚੁੱਕੇ ਸਨ। ਜਿਹੜੇ ਲੋਕਾਂ ਨੂੰ ਟੋਕਨ ਨਹੀਂ ਮਿਲ ਸਕੇ ਸਨ, ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ।
ਇਹ ਵੀ ਪੜ੍ਹੋ: ਪੰਜਾਬ 'ਚ 21, 22, 23, 24 ਤਾਰੀਖ਼ ਲਈ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ! 16 ਜ਼ਿਲ੍ਹਿਆਂ 'ਚ Alert ਜਾਰੀ'
ਸਬ-ਰਜਿਸਟਰਾਰ-1 ਗੁਰਪ੍ਰੀਤ ਸਿੰਘ, ਜੁਆਇੰਟ ਸਬ-ਰਜਿਸਟਰਾਰ-2 ਜਗਤਾਰ ਸਿੰਘ ਅਤੇ ਜੁਆਇੰਟ ਸਬ-ਰਜਿਸਟਰਾਰ ਰਵਨੀਤ ਕੌਰ ਵੀ ਇਸ ਸਥਿਤੀ ਵਿਚ ਬੇਵੱਸ ਨਜ਼ਰ ਆਏ। ਅਧਿਕਾਰੀਆਂ ਕੋਲ ਸਿਸਟਮ ਕਦੋਂ ਚਾਲੂ ਹੋਵੇਗਾ, ਇਸ ਦਾ ਕੋਈ ਸਪੱਸ਼ਟ ਜਵਾਬ ਨਹੀਂ ਸੀ, ਜਿਸ ਨਾਲ ਲੋਕਾਂ ਦੀ ਨਾਰਾਜ਼ਗੀ ਹੋਰ ਵਧ ਗਈ। ਲੋਕਾਂ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਡਿਜੀਟਲ ਸਿਸਟਮ ਲਾਗੂ ਤਾਂ ਕਰ ਦਿੱਤਾ ਗਿਆ ਹੈ, ਪਰ ਇਸ ਦੀ ਤਕਨੀਕੀ ਮਜ਼ਬੂਤੀ ਵੱਲ ਧਿਆਨ ਨਹੀਂ ਦਿੱਤਾ ਗਿਆ।

22 ਅਪ੍ਰੈਲ ਦੇ ਸਲਾਟ ਪਹਿਲਾਂ ਹੀ ਫੁੱਲ, ਬਿਨੈਕਾਰਾਂ ਲਈ ਹੁਣ 2 ਦਿਨ ਐਪੁਆਇੰਟਮੈਂਟ ਰੀ-ਸ਼ਡਿਊਲ ਕਰਵਾਉਣਾ ਬਣੇਗੀ ਨਵੀਂ ਮੁਸੀਬਤ
ਈ. ਜ਼ੀ. ਰਜਿਸਟ੍ਰੇਸ਼ਨ ਸਿਸਟਮ ਦੇ ਠੱਪ ਰਹਿਣ ਦਾ ਅਸਰ ਸਿਰਫ਼ ਇਕ ਦਿਨ ਦੀ ਪ੍ਰੇਸ਼ਾਨੀ ਤੱਕ ਸੀਮਤ ਨਹੀਂ ਰਿਹਾ, ਸਗੋਂ ਹੁਣ ਇਹ ਬਿਨੈਕਾਰਾਂ ਲਈ ਅਗਲੇ ਕੁਝ ਦਿਨਾਂ ਦੀ ਮੁਸ਼ਕਿਲ ਦਾ ਕਾਰਨ ਬਣ ਗਿਆ ਹੈ। 21 ਅਪ੍ਰੈਲ ਨੂੰ ਜਿਹੜੇ ਲੋਕਾਂ ਦੀ ਪ੍ਰਾਪਰਟੀ ਰਜਿਸਟਰੀ ਜਾਂ ਹੋਰ ਦਸਤਾਵੇਜ਼ਾਂ ਨੂੰ ਆਨਲਾਈਨ ਪ੍ਰਵਾਨਗੀ ਨਹੀਂ ਮਿਲ ਸਕੀ, ਉਨ੍ਹਾਂ ਨੂੰ ਹੁਣ ਘੱਟੋ-ਘੱਟ ਦੋ ਦਿਨਾਂ ਦੀ ਵਾਧੂ ਉਡੀਕ ਕਰਨੀ ਪਵੇਗੀ।
ਜਾਣਕਾਰੀ ਅਨੁਸਾਰ 22 ਅਪ੍ਰੈਲ ਲਈ ਸਬ-ਰਜਿਸਟਰਾਰ-1 ਦਫ਼ਤਰ ਵਿਚ ਆਨਲਾਈਨ ਐਪੁਆਇੰਟਮੈਂਟ ਸਲਾਟ ਪਹਿਲਾਂ ਹੀ ਪੂਰੀ ਤਰ੍ਹਾਂ ਭਰੇ ਹੋਏ ਹਨ। ਅਜਿਹੀ ਸਥਿਤੀ ਵਿਚ 21 ਅਪ੍ਰੈਲ ਨੂੰ ਪ੍ਰਭਾਵਿਤ ਹੋਏ ਬਿਨੈਕਾਰਾਂ ਨੂੰ ਅਰਜ਼ੀ-ਨਵੀਸਾਂ ਰਾਹੀਂ ਆਪਣੀ ਐਪੁਆਇੰਟਮੈਂਟ ਦੋਬਾਰਾ ਰੀ-ਸ਼ਡਿਊਲ ਕਰਵਾਉਣ ਲਈ ਨਵੀਂ ਤਾਰੀਖ਼ ਵਜੋਂ 23 ਅਪ੍ਰੈਲ ਦਾ ਬਦਲ ਦਿੱਤਾ ਜਾ ਰਿਹਾ ਹੈ ਪਰ ਇਥੇ ਵੀ ਸਥਿਤੀ ਆਸਾਨ ਨਹੀਂ ਹੈ। ਬਿਨੈਕਾਰਾਂ ਦਾ ਕਹਿਣਾ ਹੈ ਕਿ ਇਕ ਦਿਨ ਸਿਸਟਮ ਬੰਦ ਰਹਿਣ ਨਾਲ ਉਨ੍ਹਾਂ ਦਾ ਪੂਰਾ ਸ਼ਡਿਊਲ ਵਿਗੜ ਗਿਆ ਹੈ।
ਇਹ ਵੀ ਪੜ੍ਹੋ: ED ਪੰਜਾਬ 'ਚ ਕਰ ਸਕਦੀ ਹੈ ਵੱਡੀ ਕਾਰਵਾਈ! ਮਿਲੇ ਕਈ ਸੰਕੇਤ, ਬੁੱਕੀਆਂ ਦੇ ਛੁੱਟੇ ਪਸੀਨੇ
ਵ੍ਹੀਲਚੇਅਰ ’ਤੇ ਪਹੁੰਚੇ 97 ਸਾਲਾ ਬਜ਼ੁਰਗ ਵੀ ਮੁੜੇ ਨਿਰਾਸ਼, ਸਿਸਟਮ ’ਤੇ ਭੜਕਿਆ ਗੁੱਸਾ
ਈ. ਜ਼ੀ. ਰਜਿਸਟ੍ਰੇਸ਼ਨ ਸਿਸਟਮ ਦੀਆਂ ਖ਼ਾਮੀਆਂ ਦਾ ਸਭ ਤੋਂ ਦਰਦਨਾਕ ਅਸਰ ਉਸ ਸਮੇਂ ਸਾਹਮਣੇ ਆਇਆ, ਜਦੋਂ 97 ਸਾਲਾ ਬਜ਼ੁਰਗ ਬਲਦੇਵ ਸਿੰਘ ਨੂੰ ਵੀ ਧੱਕੇ ਖਾਣੇ ਪਏ। ਆਪਣੇ ਪਰਿਵਾਰਕ ਮੈਂਬਰਾਂ ਨਾਲ ਵ੍ਹੀਲਚੇਅਰ ’ਤੇ ਸਬ-ਰਜਿਸਟਰਾਰ-1 ਦਫ਼ਤਰ ਪਹੁੰਚੇ ਬਲਦੇਵ ਸਿੰਘ ਕਦੇ ਅਧਿਕਾਰੀ ਅੱਗੇ ਆਪਣੀ ਸਮੱਸਿਆ ਰੱਖਣ ਦੀ ਕੋਸ਼ਿਸ਼ ਕਰਦੇ ਰਹੇ, ਤਾਂ ਕਦੇ ਵੇਟਿੰਗ ਹਾਲ ਵਿਚ ਲੰਮੀ ਉਡੀਕ ਕਰਦੇ ਰਹੇ। ਪਰ ਸਾਈਟ ਠੱਪ ਰਹਿਣ ਕਾਰਨ ਅਖ਼ੀਰ ਉਨ੍ਹਾਂ ਨੂੰ ਬਿਨਾਂ ਕੰਮ ਕਰਵਾਏ ਹੀ ਵਾਪਸ ਪਰਤਣਾ ਪਿਆ। ਇਸੇ ਤਰ੍ਹਾਂ ਸਬ-ਰਜਿਸਟਰਾਰ-2 ਦਫ਼ਤਰ ਵਿਚ ਇਕ 90 ਸਾਲਾ ਮਹਿਲਾ, ਜੋ ਆਪਣੀ ਵਸੀਅਤ ਨੂੰ ਪ੍ਰਵਾਨਗੀ ਦਿਵਾਉਣ ਆਈ ਸੀ, ਆਪਣੇ ਪਰਿਵਾਰਕ ਮੈਂਬਰਾਂ ਨਾਲ ਕਾਰ ਵਿਚ ਬੈਠ ਕੇ ਇੰਤਜ਼ਾਰ ਕਰਦੀ ਰਹੀ। ਸ਼ਾਮ 5 ਵਜੇ ਤੱਕ ਵੀ ਸਾਈਟ ਚਾਲੂ ਨਾ ਹੋਣ ’ਤੇ ਉਹ ਵੀ ਮਾਯੂਸ ਹੋ ਕੇ ਪਰਤ ਗਈ।
ਇਹ ਵੀ ਪੜ੍ਹੋ: ਪੰਜਾਬ: ਪ੍ਰੇਮ ਸੰਬੰਧਾਂ ਨੇ ਉਜਾੜਿਆ ਘਰ! ਪਿਤਾ ਦਾ ਬੇਰਹਿਮੀ ਨਾਲ ਕੀਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
