ਪੰਜਾਬ ''ਚ ਕਣਕ ਦੀ ਪ੍ਰਾਈਵੇਟ ਖ਼ਰੀਦ ''ਚ ਵੱਡੀ ਗਿਰਾਵਟ, ਵਪਾਰੀਆਂ ਨੇ ਮੋੜਿਆ ਮੂੰਹ

Thursday, Apr 23, 2026 - 05:09 PM (IST)

ਪੰਜਾਬ ''ਚ ਕਣਕ ਦੀ ਪ੍ਰਾਈਵੇਟ ਖ਼ਰੀਦ ''ਚ ਵੱਡੀ ਗਿਰਾਵਟ, ਵਪਾਰੀਆਂ ਨੇ ਮੋੜਿਆ ਮੂੰਹ

ਚੰਡੀਗੜ੍ਹ : ਪੰਜਾਬ 'ਚ ਇਸ ਵਾਰ ਕਣਕ ਦੀ ਪ੍ਰਾਈਵੇਟ ਖ਼ਰੀਦ 'ਚ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਸਾਲ ਜਿੱਥੇ ਪ੍ਰਾਈਵੇਟ ਖ਼ਰੀਦ ਨੇ ਨਵੇਂ ਰਿਕਾਰਡ ਕਾਇਮ ਕੀਤੇ ਸਨ, ਉੱਥੇ ਹੀ ਇਸ ਸਾਲ ਵਪਾਰੀ ਫ਼ਸਲ ਖਰੀਦਣ ਤੋਂ ਹੱਥ ਪਿੱਛੇ ਖਿੱਚ ਰਹੇ ਹਨ। ਵੇਰਵਿਆਂ ਅਨੁਸਾਰ ਪੰਜਾਬ 'ਚ ਹੁਣ ਤੱਕ ਹੋਈ ਕੁੱਲ 67.34 ਲੱਖ ਟਨ ਕਣਕ ਦੀ ਖਰੀਦ ਵਿੱਚੋਂ ਪ੍ਰਾਈਵੇਟ ਵਪਾਰੀਆਂ ਨੇ ਸਿਰਫ਼ 15340.65 ਟਨ ਹੀ ਖਰੀਦੀ ਹੈ, ਜਦੋਂ ਕਿ ਪਿਛਲੇ ਸਾਲ ਇਹ ਅੰਕੜਾ 10.80 ਲੱਖ ਟਨ ਸੀ ਵਪਾਰੀਆਂ ਦੇ ਇਸ ਬਦਲੇ ਰੁਖ਼ ਦਾ ਮੁੱਖ ਕਾਰਨ ਆਰਥਿਕ ਘਾਟਾ ਅਤੇ ਹੋਰਨਾਂ ਸੂਬਿਆਂ 'ਚ ਕਣਕ ਦਾ ਸਸਤਾ ਹੋਣਾ ਹੈ। ਪੰਜਾਬ ਦੇ ਵਪਾਰੀ ਹੁਣ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਸੂਬਿਆਂ ਵੱਲ ਰੁਖ਼ ਕਰ ਰਹੇ ਹਨ ਕਿਉਂਕਿ ਉੱਥੇ ਸਾਰੇ ਖ਼ਰਚਿਆਂ ਸਮੇਤ ਕਣਕ 2550 ਰੁਪਏ ਪ੍ਰਤੀ ਕੁਇੰਟਲ ਪੈ ਰਹੀ ਹੈ, ਜਦੋਂ ਕਿ ਪੰਜਾਬ 'ਚ ਇਹ ਲਾਗਤ 2700 ਰੁਪਏ ਤੱਕ ਪਹੁੰਚ ਜਾਂਦੀ ਹੈ।

ਇਸ ਤੋਂ ਇਲਾਵਾ ਰਾਜਸਥਾਨ ਅਤੇ ਮੱਧ ਪ੍ਰਦੇਸ਼ ਸਰਕਾਰਾਂ ਵੱਲੋਂ ਦਿੱਤੇ ਗਏ ਬੋਨਸ (ਕ੍ਰਮਵਾਰ 150 ਅਤੇ 175 ਰੁਪਏ) ਨੇ ਵੀ ਵਪਾਰੀਆਂ ਲਈ ਪੰਜਾਬ ਦੀ ਕਣਕ ਦੇ ਮੁਕਾਬਲੇ ਦੂਜੇ ਸੂਬਿਆਂ ਨੂੰ ਵੱਧ ਖਿੱਚ ਦਾ ਕੇਂਦਰ ਬਣਾਇਆ ਹੈ। ਮਾਰਕੀਟ ਮਾਹਰਾਂ ਅਤੇ ਵਪਾਰੀਆਂ ਅਨੁਸਾਰ ਪਿਛਲੇ ਸਾਲ ਯੂਕਰੇਨ ਜੰਗ ਕਾਰਨ ਭਾਅ ਵੱਧਣ ਦੀ ਉਮੀਦ 'ਚ ਵਪਾਰੀਆਂ ਨੇ ਵੱਡੀ ਖ਼ਰੀਦ ਕੀਤੀ ਸੀ ਪਰ ਅਖ਼ੀਰ 'ਚ ਭਾਅ ਡਿੱਗਣ ਕਾਰਨ ਉਨ੍ਹਾਂ ਨੂੰ ਭਾਰੀ ਘਾਟਾ ਸਹਿਣਾ ਪਿਆ। ਮੌੜ ਮੰਡੀ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਉਸੇ ਡਰ ਕਾਰਨ ਇਸ ਵਾਰ ਕੋਈ ਵੀ ਵਪਾਰੀ ਖੁੱਲ੍ਹ ਕੇ ਖ਼ਰੀਦ ਕਰਨ ਲਈ ਤਿਆਰ ਨਹੀਂ ਹੈ। ਸੂਬੇ 'ਚ ਆਟਾ ਮਿੱਲਾਂ ਦੀ ਸਲਾਨਾ ਖ਼ਪਤ 15 ਤੋਂ 18 ਲੱਖ ਟਨ ਹੈ, ਪਰ ਮੌਜੂਦਾ ਹਾਲਾਤਾਂ 'ਚ ਸਥਾਨਕ ਖ਼ਰੀਦ ਮਾਮੂਲੀ ਰਹਿ ਗਈ ਹੈ।
 


author

Babita

Content Editor

Related News