ਇਲਾਜ ਲਈ ਗਰਭਵਤੀ ਔਰਤਾਂ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ

Wednesday, Dec 20, 2017 - 06:46 AM (IST)

ਇਲਾਜ ਲਈ ਗਰਭਵਤੀ ਔਰਤਾਂ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ

 ਅੰਮ੍ਰਿਤਸਰ,(ਦਲਜੀਤ)- ਸਿਹਤ ਵਿਭਾਗ ਦੇ ਚਹੇਤੇ ਸਰਕਾਰੀ ਸਿਵਲ ਹਸਪਤਾਲ 'ਚ ਅੱਜ ਗਰਭਵਤੀ ਔਰਤਾਂ ਇਲਾਜ ਲਈ ਦਰ-ਦਰ ਧੱਕੇ ਖਾਂਦੀਆਂ ਰਹੀਆਂ। ਹਸਪਤਾਲ ਦੀ ਓ. ਪੀ. ਡੀ. 'ਚ ਕੋਈ ਵੀ ਗਾਇਨੀ ਡਾਕਟਰ ਨਾ ਹੋਣ ਕਾਰਨ ਸੈਂਕੜੇ ਗਰਭਵਤੀ ਔਰਤਾਂ ਦਾ ਇਲਾਜ ਨਹੀਂ ਹੋ ਸਕਿਆ। ਹਸਪਤਾਲ ਪ੍ਰਸ਼ਾਸਨ ਡਾਕਟਰਾਂ ਦੀ ਘਾਟ ਕਾਰਨ ਜਿਥੇ ਬੇਬਸ ਹੈ ਉਥੇ ਹੀ ਸਿਹਤ ਵਿਭਾਗ ਮਾਮਲੇ ਸਬੰਧੀ ਜਾਣੂ ਹੋਣ ਦੇ ਬਾਵਜੂਦ ਵੀ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।  ਜਾਣਕਾਰੀ ਅਨੁਸਾਰ ਜ਼ਿਲਾ ਪੱਧਰੀ ਸਿਵਲ ਹਸਪਤਾਲ ਨੂੰ ਪੰਜਾਬ 'ਚ ਸਭ ਤੋਂ ਵੱਧ ਜਣੇਪੇ ਕਰਨ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਹਸਪਤਾਲ ਦੀ ਕਾਰਗੁਜ਼ਾਰੀ ਨੂੰ ਵੇਖ ਕੇ ਸਿਹਤ ਵਿਭਾਗ ਉਕਤ ਹਸਪਤਾਲ ਨੂੰ ਦੂਸਰੇ ਹਸਪਤਾਲਾਂ ਦਾ ਆਦਰਸ਼ ਕਹਿੰਦਾ ਨਹੀਂ ਥੱਕਦਾ। ਅੱਜ ਜਦੋਂ ਜਗ ਬਾਣੀ ਦੀ ਟੀਮ ਵੱਲੋਂ ਹਸਪਤਾਲ ਦਾ ਦੌਰਾ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਥੇ ਗਾਇਨੀ ਦੀਆਂ 3 ਪੋਸਟਾਂ ਹਨ ਜਦਕਿ ਇਕ ਡਾਕਟਰ ਛੁੱਟੀ 'ਤੇ ਸੀ। ਇਕ ਲੇਬਰ ਰੂਮ 'ਚ ਸੀ ਅਤੇ ਇਕ ਪੋਸਟ ਖਾਲੀ ਪਈ ਹੋਈ ਹੈ। ਹਸਪਤਾਲ ਦੀ ਓ. ਪੀ. ਡੀ. ਵਿਚ ਰੋਜ਼ਾਨਾ 200 ਤੋਂ ਵਧੇਰੇ ਗਰਭਵਤੀ ਔਰਤਾਂ ਜਾਂਚ ਲਈ ਆਉਂਦੀਆਂ ਹਨ। ਓ. ਪੀ. ਡੀ. 'ਚ ਅੱਜ ਗਾਇਨੀ ਡਾਕਟਰ ਨਾ ਹੋਣ ਕਾਰਨ ਗਰਭਵਤੀ ਔਰਤਾਂ ਦਰ ਦਰ ਭਟਕਦੀਆਂ ਰਹੀਆਂ। ਕਈ ਗਰਭਵਤੀਆਂ ਦੀ ਹਾਲਤ ਵੀ ਖਰਾਬ ਹੋ ਗਈ। ਮਰੀਜ਼ਾਂ ਦੇ ਵਾਰਿਸ ਹਸਪਤਾਲ ਦੇ ਡਾਕਟਰਾਂ ਨੂੰ ਕੋਸਦੇ ਰਹੇ ਜਦਕਿ ਹਸਪਤਾਲ ਪ੍ਰਸ਼ਾਸਨ ਡਾਕਟਰਾਂ ਦੀ ਘਾਟ ਅੱਗੇ ਬੇਬਸ ਹੋਇਆ ਦਿਖਾਈ ਦੇ ਰਿਹਾ ਸੀ। ਉਕਤ ਹਸਪਤਾਲ 'ਚ ਪੰਜਾਬ 'ਚ ਸਾਰੇ ਹਸਪਤਾਲਾਂ ਤੋਂ ਜ਼ਿਆਦਾ ਜਣੇਪੇ ਹੁੰਦੇ ਹਨ ਪਰ ਫਿਰ ਵੀ ਵਿਭਾਗ ਡਾਕਟਰਾਂ ਦੀ ਘਾਟ ਨੂੰ ਪੂਰਾ ਨਹੀਂ ਕਰ ਰਿਹਾ ਹੈ। ਡਾਕਟਰਾਂ ਉੱਪਰ ਕੰਮ ਦਾ ਇੰਨਾ ਬੋਝ ਹੈ ਕਿ ਕੋਈ ਵੀ ਮਹਿਲਾ ਡਾਕਟਰ ਉਕਤ ਡਿਊਟੀ ਕਰਨ ਤੋਂ ਕੰਨੀ ਕਤਰਾਉਂਦੀਆਂ ਰਹਿੰਦੀਆਂ ਹਨ।


Related News