ਪ੍ਰਸ਼ਾਂਤ ਕਿਸ਼ੋਰ ਦੀ ਨਿਯੁਕਤੀ 'ਤੇ ਜ਼ੀਰਾ ਨੇ ਜਤਾਇਆ ਰੋਸ, ਕਿਹਾ ਪਿਛਲੀਆਂ ਚੋਣਾਂ 'ਚ ਪੰਜਾਬੀਆਂ ਨਾਲ ਕੀਤਾ ਸੀ ਧੋਖਾ
Tuesday, Mar 02, 2021 - 01:56 PM (IST)
ਜ਼ੀਰਾ (ਅਕਾਲੀਆਂਵਾਲਾ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਮੁੱਖ ਸਲਾਹਕਾਰ ਨਿਯੁਕਤ ਕਰ ਕੇ ਪੰਜਾਬੀਆਂ ਨੂੰ ਇਕ ਵਾਰ ਹੀ ਸਾਬਤ ਕਰਵਾ ਦਿੱਤਾ ਹੈ ਕਿ ਲੋਕਾਂ ਦੀਆਂ ਨਜ਼ਰਾਂ ਵਿਚੋਂ ਗਿਰੇ ਆਗੂ ਕਿਵੇਂ ਕਾਂਗਰਸ ਪਾਰਟੀ ਨੂੰ ਫਿੱਟ ਬੈਠ ਰਹੇ ਹਨ ਕਿਉਂਕਿ ਪ੍ਰਸ਼ਾਂਤ ਕਿਸ਼ੋਰ ਜੋ ਕਿ ਨੀਤੀ ਘਾੜੇ ਹਨ ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਭਲੇ ਲਈ ਨੌ ਨੁਕਾਤੀ ਪ੍ਰੋਗਰਾਮ ਘੜਿਆ ਸੀ ਜਿਸ ਚੋਂ ਇਕ ਵੀ ਨੁਕਤਾ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਪੂਰਾ ਨਹੀਂ ਕੀਤਾ। ਭਾਵ ਕੋਈ ਵੀ ਵਾਅਦਾ ਜਨਤਾ ਨਾਲ ਨਹੀਂ ਨਿਭਾਇਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇ. ਅਵਤਾਰ ਸਿੰਘ ਜ਼ੀਰਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੱਦੇ ''ਤੇ ਸਾਥੀ ਵਰਕਰਾਂ ਨਾਲ ਵਿਧਾਨ ਸਭਾ ਘਿਰਾਓ ਤੋਂ ਵਾਪਸ ਆਉਂਦਿਆਂ ਇਸ ਪ੍ਰਤੀਨਿਧੀ ਨਾਲ ਸਾਂਝੇ ਕੀਤੇ।
ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਕਾਂਗਰਸ ਪਾਰਟੀ ਹੁਣ ਲੋਕਾਂ ਨੂੰ ਫਿਰ ਤੋਂ ਮੂਰਖ ਬਣਾਉਣ ਵਾਸਤੇ ਮੁੜ ਝੂਠ ਦੇ ਪੁਲੰਦਿਆਂ ’ਤੇ ਨਿਰਭਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਐਲਾਨ ਨਾਲ ਰਾਜਨੀਤੀ ਨੂੰ ਇਕ ਨਵੇਂ ਨਿਵਾਣ ਵੱਲ ਧੱਕਿਆ ਹੈ। ਉਨ੍ਹਾਂ ਕਿਹਾ ਕਿ ਇਹ ਹੋਰ ਵੀ ਕੁੜੱਤਣ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਬੜੇ ਚਾਅ ਨਾਲ ਇਹ ਐਲਾਨ ਕਰ ਰਹੇ ਹਨ ਕਿ ਅਜਿਹਾ ਕਦਮ ਪੰਜਾਬ ਦੇ ਭਲੇ ਲਈ ਪੁੱਟਿਆ ਗਿਆ ਹੈ ਜਦੋਂ ਕਿ ਸੱਚਾਈ ਕਿਧਰੇ ਵੀ ਨਹੀਂ ਝਲਕਦੀ।
ਇਸ ਮੌਕੇ ਉਨ੍ਹਾਂ ਨਾਲ ਸੁਖਦੇਵ ਸਿੰਘ ਲਹੁਕਾ ਸਰਕਲ ਪ੍ਰਧਾਨ ਮੱਲਾਂਵਾਲਾ, ਪ੍ਰਧਾਨ ਕਾਰਜ ਸਿੰਘ ਆਹਲਾਂ,ਪ੍ਰਧਾਨ ਬਲਦੇਵ ਸਿੰਘ ਸਰਹਾਲੀ,ਕੁਲਦੀਪ ਸਿੰਘ ਵਿਰਕ ਪ੍ਰਧਾਨ, ਨੰਬਰਦਾਰ ਜਸਵੰਤ ਸਿੰਘ ਸੋਭਾ ਰਸੂਲਪੁਰ ਮੀਤ ਪ੍ਰਧਾਨ, ਜਿਉਣ ਸਿੰਘ ਲੱਲੇ ਮੈਂਬਰ ਕੋਰ ਕਮੇਟੀ, ਸਰਬਜੀਤ ਸਿੰਘ ਬੂਹ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਤਲਵੰਡੀ ਨਿਪਾਲਾਂ ਸਾਬਕਾ ਸਰਪੰਚ, ਮੀਤ ਪ੍ਰਧਾਨ ਰਛਪਾਲ ਸਿੰਘ ਲਾਡਾ, ਗੁਰਸੇਵਕ ਸਿੰਘ ਸੱਧਰਵਾਲਾ ਵੀ ਹਾਜ਼ਰ ਸਨ।