ਤਿੱਖੀ ਧੁੱਪ, ਹੁੰਮਸ ਤੇ ਭਾਰੀ ਗਰਮੀ ’ਚ ਬਿਜਲੀ ਦੇ ਕੱਟ, ਕੱਢਦੇ ਨੇ ਵੱਟ
Tuesday, Jun 30, 2026 - 10:29 AM (IST)
ਮੁੱਦਕੀ/ਘੱਲਖੁਰਦ (ਰੰਮੀ ਗਿੱਲ) : ਭਾਰੀ ਗਰਮੀ, ਤਿੱਖੀ ਧੁੱਪ ਦੌਰਾਨ ਹੁੰਮਸ ਭਰੇ ਵਾਤਾਵਰਣ 'ਚ ਬਿਜਲੀ ਵਿਭਾਗ ਵੱਲੋਂ ਮੁੱਦਕੀ ਸ਼ਹਿਰੀ ਇਲਾਕੇ 'ਚ ਲਾਏ ਵੱਡੇ ਅਤੇ ਬੇ-ਤਰਤੀਬੇ ਬਿਜਲੀ ਕੱਟ ਕਾਰਨ ਮੁੱਦਕੀ ਵਾਸੀਆਂ ਦਾ ਭਾਰੀ ਗਰਮੀ ਕਾਰਨ ਜਿਊਣਾ ਮੁਹਾਲ ਹੋ ਗਿਆ। ਜਦੋਂ ਲੋਕਾਂ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਸਬ-ਡਵੀਜ਼ਨ ਦਫ਼ਤਰ ਮੁੱਦਕੀ ਵਿਖੇ ਬਿਜਲੀ ਦੀ ਸਪਲਾਈ ਬਹਾਲ ਹੋਣ ਸਬੰਧੀ ਅਧਿਕਾਰੀਆਂ ਨੂੰ ਪੁੱਛਿਆ ਦਾ ਅਧਿਕਾਰੀ ਕਹਿੰਦੇ ਕਿ ਅਗਲੇ ਹੁਕਮਾਂ ਤੱਕ ਕੱਟ ਹੈ, ਤਾਂ ਲੋਕ ਨਿਰਾਸ਼ ਹੋ ਜਾਂਦੇ ਹਨ। ਅਸਲ ’ਚ ਬੀਤੀ ਦੁਪਹਿਰ ਬਾਅਦ ਤਕਰੀਬਨ 4 ਵਜੇ ਜਦੋਂ ਕੜਾਕੇ ਦੀ ਧੁੱਪ, ਹੁੰਮਸ ਅਤੇ ਭਾਰੀ ਗਰਮੀ ਦੇ ਚੱਲਦਿਆਂ ਪੀ. ਐੱਸ. ਪੀ. ਸੀ. ਐੱਲ ਸ/ਡ ਦਫ਼ਤਰ ਮੁੱਦਕੀ ਵੱਲੋਂ ਇਤਿਹਾਸਕ ਕਸਬੇ ਮੁੱਦਕੀ ਦੀ ਸ਼ਹਿਰੀ ਬਿਜਲੀ ਸਪਲਾਈ ਉੱਪਰ ਇਕ ਵੱਡਾ ਲੰਬਾ ਤੇ ਬੇਤਰਤੀਬਾ ਬਿਜਲੀ ਕੱਟ ਲਗਾ ਦਿੱਤਾ, ਜਿਸ ਕਾਰਨ ਭਾਰੀ ਗਰਮੀ ਦੇ ਚੱਲਦਿਆਂ ਸ਼ਹਿਰ ਵਾਸੀਆਂ ’ਚ ਹਾਹਾਕਾਰ ਮੱਚ ਗਈ।
ਇੰਨੀ ਜ਼ਿਆਦਾ ਗਰਮੀ ਦੇ ਕਾਰਨ ਬੱਚਿਆਂ ਤੇ ਬਜ਼ੁਰਗਾਂ ਦੇ ਨਾਲ-ਨਾਲ ਤੇ ਆਮ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆl ਲੋਕਾਂ ਨੂੰ ਉਦੋਂ ਸੁੱਖ ਦਾ ਸਾਹ ਆਇਆ, ਜਦੋਂ ਰਾਤ ਨੂੰ 8 ਵਜੇ ਮੁੱਦਕੀ ਸ਼ਹਿਰੀ ਇਲਾਕੇ ਦੀ ਬਿਜਲੀ ਸਪਲਾਈ ਬਹਾਲ ਹੋ ਗਈ ਅਤੇ ਬਿਜਲੀ ਸਪਲਾਈ ਚਾਲੂ ਹੋਣ ਕਾਰਨ ਲੋਕਾਂ ਨੂੰ ਰਾਹਤ ਮਿਲੀ। ਪ੍ਰੈੱਸ ਵੱਲੋਂ ਜਦੋਂ ਇਸ ਸਬੰਧੀ ਜਾਣਕਾਰੀ ਲੈਣ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਸਬ -ਡਵੀਜ਼ਨ ਮੁੱਦਕੀ ਦੇ ਉੱਪ ਮੰਡਲ ਅਫ਼ਸਰ (ਐੱਸ. ਡੀ. ਓ.) ਨਾਲ ਵਾਰ-ਵਾਰ ਫੋਨ ਕਰ ਕੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਆਪਣਾ ਫੋਨ ਅਟੈਂਡ ਕਰਨਾ ਮੁਨਾਸਬ ਨਾ ਸਮਝਿਆ। ਇਸੇ ਸਬੰਧੀ ਸਬੰਧਤ ਐਕਸੀਅਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਵੀ ਸੰਪਰਕ ਨਹੀਂ ਹੋ ਸਕਿਆ।
