ਪੰਜਾਬ ਦੇ ਮੁੰਡਿਆਂ ਦਾ ਰਾਜਸਥਾਨ ਪੁਲਸ ਨੇ ਕੀਤਾ ਐਨਕਾਊਂਟਰ! ਵੱਡੀ ਸਾਜ਼ਿਸ਼ ਨਾਕਾਮ
Saturday, Jul 18, 2026 - 10:36 AM (IST)
ਫਾਜ਼ਿਲਕਾ (ਸੁਨੀਲ ਨਾਗਪਾਲ): ਬੱਲੂਆਣਾ ਹਲਕੇ ਤੋਂ ਰਾਜਸਥਾਨ ਵਿਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਬਦਮਾਸ਼ਾਂ ਦਾ ਪੰਜਾਬ-ਰਾਜਸਥਾਨ ਸਰਹੱਦ 'ਤੇ ਪੁਲਸ ਨਾਲ ਮੁਕਾਬਲਾ ਹੋ ਗਿਆ। ਜਾਣਕਾਰੀ ਅਨੁਸਾਰ ਬੱਲੂਆਣਾ ਹਲਕੇ ਦੇ ਪਿੰਡ ਕੁਲਾਰ ਰਾਹੀਂ ਧੀਂਗਤਾਨੀਆ ਪੁਲ ਤੋਂ ਲੰਘਦੇ ਹੋਏ ਕੁਝ ਬਦਮਾਸ਼ ਰਾਜਸਥਾਨ ਵਿਚ ਕਿਸੇ ਵੱਡੀ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸਨ। ਇਸ ਦੌਰਾਨ ਰਾਜਸਥਾਨ ਪੁਲਸ ਨੇ ਪੰਜਾਬ-ਰਾਜਸਥਾਨ ਬਾਰਡਰ 'ਤੇ ਸਖ਼ਤ ਨਾਕਾਬੰਦੀ ਕੀਤੀ ਹੋਈ ਸੀ। ਜਿਵੇਂ ਹੀ ਬਦਮਾਸ਼ ਨਾਕਾਬੰਦੀ ਵਾਲੇ ਸਥਾਨ 'ਤੇ ਪਹੁੰਚੇ ਤਾਂ ਪੁਲਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋ ਗਿਆ। ਪੁਲਸ ਤੋਂ ਬਚ ਕੇ ਭੱਜਣ ਦੀ ਕੋਸ਼ਿਸ਼ ਦੌਰਾਨ ਪੰਜੇ ਬਦਮਾਸ਼ ਧੀਂਗਤਾਨੀਆ ਪੁਲ਼ ਤੋਂ ਹੇਠਾਂ ਡਿੱਗ ਪਏ ਅਤੇ ਜ਼ਖ਼ਮੀ ਹੋ ਗਏ।
ਜ਼ਖ਼ਮੀ ਬਦਮਾਸ਼ਾਂ ਨੂੰ ਤੁਰੰਤ ਸਾਦੁਲਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪੁਲਸ ਨੇ ਬਦਮਾਸ਼ਾਂ ਦੇ ਕਬਜ਼ੇ ਵਿਚੋਂ 3 ਪਿਸਤੌਲ, ਕਰੀਬ ਇਕ ਦਰਜਨ ਜ਼ਿੰਦਾ ਕਾਰਤੂਸ ਅਤੇ ਇਕ ਕਾਰ ਬਰਾਮਦ ਕੀਤੀ ਹੈ। ਪੁਲਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਬਦਮਾਸ਼ਾਂ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ ਸਮੇਤ ਕਈ ਗੰਭੀਰ ਮਾਮਲੇ ਪਹਿਲਾਂ ਤੋਂ ਦਰਜ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਕੁਝ ਦਿਨ ਪਹਿਲਾਂ ਖੇਰੂਵਾਲਾ ਅਤੇ ਛਾਪਾਵਾਲੀ ਇਲਾਕੇ ਵਿਚ ਹੋਈ ਫਾਇਰਿੰਗ ਦੀ ਘਟਨਾ ਵਿਚ ਵੀ ਇਨ੍ਹਾਂ ਦਾ ਨਾਂ ਸਾਹਮਣੇ ਆਇਆ ਸੀ। ਫ਼ਿਲਹਾਲ ਪੁਲਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਬਦਮਾਸ਼ਾਂ ਤੋਂ ਪੁੱਛਗਿੱਛ ਜਾਰੀ ਹੈ।
