ਕਿੱਲ ਲੈਣ ਗਏ ਮੁੰਡੇ ਦੀ ਭੇਤਭਰੀ ਹਾਲਤ ''ਚ ਮੌਤ! ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ
Wednesday, Jul 15, 2026 - 06:21 PM (IST)
ਫਾਜ਼ਿਲਕਾ (ਸੁਨੀਲ): ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਹਜ਼ਾਰਾ ਰਾਮ ਸਿੰਘ ਵਾਲਾ ਤੋਂ ਸ਼ੱਕੀ ਹਾਲਾਤ ਵਿਚ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿਚ ਰਖਵਾਇਆ ਹੈ। ਪਰਿਵਾਰ ਵੱਲੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪੁੱਤ ਦਾ ਕਤਲ ਕੀਤਾ ਗਿਆ ਹੈ, ਜਦਕਿ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੋਸਟਮਾਰਟਮ ਮਗਰੋਂ ਅੱਗੇ ਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤਾ ਸਿੰਘ ਨੇ ਦੱਸਿਆ ਕਿ ਉਹ ਪਿੰਡ ਚੱਕ ਖੀਵਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਘਰ ਲੱਕੜ ਮਿਸਤਰੀ ਲੱਗੇ ਹੋਏ ਹਨ ਤੇ ਉਨ੍ਹਆਂ ਦਾ ਪੁੱਤਰ ਗੁਰਮੀਤ ਸਿੰਘ (28 ਸਾਲ) ਮਿਸਤਰੀ ਦੇ ਕਹਿਣ 'ਤੇ ਕਿੱਲ ਲੈਣ ਲਈ ਘੁਬਾਇਆ ਪਿੰਡ ਗਿਆ ਸੀ, ਪਰ ਵਾਪਸ ਨਹੀਂ ਪਰਤਿਆ। ਸ਼ਾਮ ਨੂੰ ਉਸ ਦੀ ਲਾਸ਼ ਪਿੰਡ ਹਜ਼ਾਰਾ ਰਾਮ ਸਿੰਘ ਵਾਲਾ ਵਿਚ ਝਾੜੀਆਂ ਵਿਚੋਂ ਮਿਲਿਆ। ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਗੁਰਮੀਤ ਸਿੰਘ ਨਾਲ ਕੁੱਟਮਾਰ ਹੋਈ ਹੈ ਤੇ ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਹਨ। ਗੁਰਮੀਤ ਆਪਣੇ ਪਿੱਛੇ 2 ਬੱਚਿਆਂ ਨੂੰ ਰੋਂਦਿਆਂ ਛੱਡ ਗਿਆ ਹੈ। ਪਰਿਵਾਰ ਨੇ ਖਦਸ਼ਾ ਜਤਾਇਆ ਹੈ ਕਿ ਗੁਰਮੀਤ ਸਿੰਘ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਨੇ ਮਾਮਲੇ ਵਿਚ ਇਨਸਾਫ਼ ਦੀ ਗੁਹਾਰ ਲਗਾਈ ਹੈ।
ਦੂਜੇ ਪਾਸੇ, ਪੁਲਸ ਮੁਲਾਜ਼ਮ ਰਾਮ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਤੋਂ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰਮੀਤ ਸ਼ਰਾਬ ਦਾ ਆਦੀ ਸੀ। ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਵੀ ਹਨ, ਪਰ ਇਸ ਬਾਬਤ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ। ਫ਼ਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।
