ਪਾਵਰਕਾਮ ਬਿਜਲੀ ਚੋਰੀ ਰੋਕਣ ''ਚ ਅਸਫਲ

Sunday, Jul 16, 2017 - 12:04 PM (IST)

ਅੰਮ੍ਰਿਤਸਰ - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਬਿਜਲੀ ਚੋਰੀ ਰੋਕਣ ਦੀ ਮੁਹਿੰਮ ਠੰਡੀ ਪਈ ਹੋਈ ਹੈ। ਉਧਰ ਬਿਜਲੀ ਚੋਰ ਬਿਜਲੀ ਚੋਰੀ ਕਰਨ ਦੇ ਨਵੇਂ-ਨਵੇਂ ਤਰੀਕੇ ਲੱਭ ਰਹੇ ਹਨ। ਬਿਜਲੀ ਚੋਰ ਮੀਟਰ ਦੇਖ ਕੇ ਖਪਤਕਾਰ ਨੂੰ ਮੀਟਰ ਰੋਕਣ ਬਾਰੇ ਦੱਸਦੇ ਹਨ। ਪਾਵਰਕਾਮ ਦਾ ਬਿਜਲੀ ਚੋਰੀ ਰੋਕਣ ਲਈ ਬਣਾਇਆ ਗਿਆ ਮਾਸਟਰ ਪਲਾਨ ਮੀਟਰ ਪਿੱਲਰ ਬਾਕਸ 'ਚੋਂ ਵੀ ਹੁਣ ਬਿਜਲੀ ਚੋਰੀ ਸ਼ੁਰੂ ਹੋਣ ਲੱਗੀ ਹੈ। ਬਿਜਲੀ ਚੋਰਾਂ ਲਈ ਹੁਣ ਬਿਜਲੀ ਚੋਰੀ ਕਰਨਾ ਹੋਰ ਵੀ ਆਸਾਨ ਹੋ ਗਿਆ ਹੈ। ਇਸ ਤੋਂ ਅਧਿਕਾਰੀ ਵੀ ਪ੍ਰੇਸ਼ਾਨ ਹਨ। ਬਿਜਲੀ ਚੋਰੀ ਕਰਨ ਲਈ ਲੋਕ ਪਿੱਲਰ ਬਾਕਸ ਵਿਚ ਮੀਟਰ ਟੈਂਪਰ ਕਰਵਾ ਕੇ ਬਿਜਲੀ ਚੋਰੀ ਕਰ ਰਹੇ ਹਨ। ਪਾਵਰਕਾਮ ਦੀਆਂ ਇਨਫੋਰਸਮੈਂਟ ਟੀਮਾਂ ਵੀ ਚੈਕਿੰਗ ਦੌਰਾਨ ਬਿਜਲੀ ਚੋਰੀ ਦੇ ਨਵੇਂ-ਨਵੇਂ ਤਰੀਕੇ ਦੇਖ ਕੇ ਹੈਰਾਨ ਹੁੰਦੀਆਂ ਹਨ, ਜਦ ਚੈਕਿੰਗ ਹੁੰਦੀ ਤਾਂ ਵਿਭਾਗ ਨੂੰ ਪਤਾ ਲੱਗਦਾ ਹੈ ਕਿ ਮੀਟਰ ਨਾਲ ਛੇੜਛਾੜ ਹੋਈ ਹੈ।  ਪਾਵਰਕਾਮ ਵੱਲੋਂ ਪਿੱਲਰ ਬਕਸਿਆਂ ਵਿਚ ਤਾਲੇ ਨਹੀਂ ਲਾਏ ਗਏ, ਜਿਸ ਕਾਰਨ ਪਿੱਲਰ ਬਾਕਸ ਵਿਚ ਜਦ ਚਾਹੇ ਕੋਈ ਵੀ ਛੇੜਛਾੜ ਕਰ ਸਕਦਾ ਹੈ, ਜੇ ਪਿੱਲਰ ਬਾਕਸ ਨੂੰ ਤਾਲਾ ਲੱਗ ਜਾਵੇ ਤਾਂ ਪਤਾ ਲੱਗ ਜਾਵੇਗਾ ਕਿ ਪਿੱਲਰ ਬਾਕਸ ਖੋਲ੍ਹਿਆ ਗਿਆ ਹੈ। ਪਾਵਰਕਾਮ ਦੇ ਉੱਚ ਅਧਿਕਾਰੀ ਬਿਜਲੀ ਚੋਰੀ ਰੋਕਣ ਲਈ ਮੁਹਿੰਮ ਤਾਂ ਚਲਾਉਂਦੇ ਹਨ ਪਰ ਹੇਠਲੇ ਪੱਧਰ 'ਤੇ ਕਰਮਚਾਰੀ ਉਨ੍ਹਾਂ ਦੇ ਪਲਾਨ ਦੀਆਂ ਧੱਜੀਆਂ ਉਡਾ ਦਿੰਦੇ ਹਨ। ਬਿਜਲੀ ਚੋਰੀ ਕਰਨ ਵਾਲੇ ਪਾਵਰਕਾਮ ਦੇ ਸਿਸਟਮ ਤੋਂ ਵੀ ਅੱਗੇ ਹੈ, ਉਹ ਸ਼ਰੇਆਮ ਬਿਜਲੀ ਚੋਰੀ ਕਰ ਰਹੇ ਹਨ। ਜ਼ਿਆਦਾਤਰ ਨੇਤਾ ਲੋਕ ਬਿਜਲੀ ਚੋਰੀ ਕਰਦੇ ਤੇ ਕਰਵਾਉਂਦੇ ਹਨ, ਜਿਸ ਨਾਲ ਪਾਵਰਕਾਮ ਨੂੰ ਹਰ ਰੋਜ਼ ਲੱਖਾਂ ਦਾ ਚੂਨਾ ਲੱਗ ਰਿਹਾ ਹੈ। ਪਾਵਰਕਾਮ ਦੀਆਂ ਕੁਝ ਕਾਲੀਆਂ ਭੇਡਾਂ ਕਾਰਨ ਵੀ ਬਿਜਲੀ ਚੋਰੀ ਹੋ ਰਹੀ ਹੈ। ਹਰ ਰੋਜ਼ ਬਿਜਲੀ ਚੋਰੀ ਕਰਵਾਉਣ ਵਾਲੇ ਬਿਜਲੀ ਚੋਰੀ ਲਈ ਨਵੇਂ-ਨਵੇਂ ਹੱਥਕੰਡੇ ਅਪਣਾ ਰਹੇ ਹਨ। ਪਾਵਰਕਾਮ ਦੇ ਅਧਿਕਾਰੀਆਂ ਮੁਤਾਬਕ ਹੁਣ ਮਾਰਕੀਟ ਵਿਚ ਬਿਜਲੀ ਚੋਰੀ ਕਰਵਾਉਣ ਵਾਲਾ ਗਿਰੋਹ ਕੰਪਿਊਟਰ ਨਾਲ ਮੀਟਰਾਂ ਨੂੰ ਹੈਕ ਕਰ ਰਿਹਾ ਹੈ।  ਪਾਵਰਕਾਮ ਦੇ ਕੁਝ ਬਿਜਲੀ ਮੀਟਰ ਇਕ ਯੰਤਰ ਲਾਉਣ ਨਾਲ ਰੁਕ ਜਾਂਦੇ ਹਨ, ਜਿਸ ਨੂੰ ਫੜਨਾ ਪਾਵਰਕਾਮ ਦੇ ਅਧਿਕਾਰੀਆਂ ਦੇ ਹੱਥ ਵਿਚ ਵੀ ਨਹੀਂ ਹੈ। ਇਹ ਟਿਫਨ ਨੁਮਾ ਯੰਤਰ ਸ਼ਹਿਰ ਦੇ ਪ੍ਰਾਈਵੇਟ ਬਿਜਲੀ ਕਰਮਚਾਰੀਆਂ ਦੀ ਦੇਣ ਹੈ, ਜਿਸ ਨੂੰ ਘਰ ਦੇ ਕਿਸੇ ਵੀ ਸਵਿਚ ਵਿਚ ਲਾ ਦਿੱਤਾ ਜਾਵੇ ਤਾਂ ਮੀਟਰ ਰੁਕ ਜਾਂਦਾ ਹੈ। ਇਸ ਯੰਤਰ ਦੇ ਬਾਜ਼ਾਰ ਵਿਚ 3 ਹਜ਼ਾਰ ਤੋਂ 10 ਹਜ਼ਾਰ ਰੁਪਏ ਲਏ ਜਾ ਰਹੇ ਹਨ। ਜ਼ਿਆਦਾਤਰ ਲੋਕ ਅੱਜਕਲ ਇਸ ਦਾ ਇਸਤੇਮਾਲ ਕਰ ਰਹੇ ਹਨ, ਜੇ ਕੋਈ ਬਿਜਲੀ ਕਰਮਚਾਰੀ ਚੈਕਿੰਗ ਲਈ ਆਉਂਦਾ ਹੈ ਤਾਂ ਇਸ ਯੰਤਰ ਨੂੰ ਨਹੀਂ ਫੜ ਪਾਉਂਦਾ।
ਕੰਪਿਊਟਰ ਸਿਸਟਮ ਤੋਂ ਹੋ ਰਹੀ ਹੈ ਚੋਰੀ
ਹਰ ਰੋਜ਼ ਬਿਜਲੀ ਚੋਰੀ ਕਰਵਾਉਣ ਵਾਲੇ ਲੋਕ ਬਿਜਲੀ ਚੋਰੀ ਕਰਵਾਉਣ ਲਈ ਹੱਥਕੰਡੇ ਅਪਣਾ ਰਹੇ ਹਨ। ਪਾਵਰਕਾਮ ਦੇ ਅਧਿਕਾਰੀਆਂ ਅਨੁਸਾਰ ਹੁਣ ਮਾਰਕੀਟ ਵਿਚ ਬਿਜਲੀ ਚੋਰੀ ਕਰਵਾਉਣ ਵਾਲਾ ਗਿਰੋਹ ਕੰਪਿਊਟਰ ਨਲ ਬਿਜਲੀ ਮੀਟਰ ਨੂੰ ਹੈਕ ਕਰ ਰਿਹਾ ਹੈ, ਜਿਸ ਨਾਲ ਪਾਵਰਕਾਮ ਦੀ ਇਕ ਟੀਮ ਇਸ ਗਿਰੋਹ ਦੇ ਪਿੱਛੇ ਲੱਗੀ ਹੋਈ ਹੈ।
ਬਿਨਾਂ ਮੀਟਰ ਜਗਦੀ ਹੈ ਲਾਈਟ
ਸ਼ਹਿਰ ਦੇ ਕਈ ਸਲੱਮ ਇਲਾਕਿਆਂ ਵਿਚ ਲੋਕਾਂ ਦੇ ਘਰਾਂ ਵਿਚ ਬਿਜਲੀ ਮੀਟਰ ਨਹੀਂ ਲੱਗੇ ਹਨ, ਇਸ ਦਾ ਪਤਾ ਖੁਦ ਵਿਭਾਗ ਨੂੰ ਵੀ ਹੈ ਪਰ ਪਾਵਰਕਾਮ ਦੇ ਹੇਠਲੇ ਪੱਧਰ 'ਤੇ ਮਿਲੇ ਹੋਏ ਕਰਮਚਾਰੀਆਂ ਕਾਰਨ ਹੀ ਬਿਜਲੀ ਦੀ ਚੋਰੀ ਹੁੰਦੀ ਹੈ। ਲੋਕ ਫਰਿੱਜ, ਹੀਟਰ, ਏ. ਸੀ. ਤੱਕ ਘਰਾਂ ਵਿਚ ਚਲਾਉਂਦੇ ਹਨ, ਜਿਸ ਨਾਲ ਪਾਵਰਕਾਮ ਨੂੰ ਲੱਖਾਂ ਦਾ ਘਾਟਾ ਪੈ ਰਿਹਾ ਹੈ। ਕਈ ਇਲਾਕਿਆਂ ਵਿਚ ਲੋਕਾਂ ਨੇ ਦਿਖਾਵੇ ਲਈ ਸਟ੍ਰੀਟ ਲਾਈ ਹੋਈ ਹੈ ਪਰ ਉਹ ਰਾਤ ਦੇ ਸਮੇਂ ਜਗਦੀ ਨਹੀਂ ਬਲਕਿ ਉਸ ਵੱਲੋਂ ਲੋਕ ਮੀਟਰ ਬਾਈਪਾਸ ਕਰ ਕੇ ਬਿਜਲੀ ਚੋਰੀ ਕਰਦੇ ਹਨ।
25 ਫੀਸਦੀ ਰੁਕ ਜਾਂਦਾ ਹੈ ਮੀਟਰ
ਪਾਵਰਕਾਮ ਬਿਜਲੀ ਚੋਰੀ ਨੂੰ ਰੋਕਣ ਲਈ ਤਰ੍ਹਾਂ-ਤਰ੍ਹਾਂ ਦੇ ਯਤਨ ਕਰ ਰਿਹਾ ਹੈ ਪਰ ਬਿਜਲੀ ਚੋਰੀ ਰੁਕਣ ਦਾ ਨਾਂ ਨਹੀਂ ਲੈ ਰਹੀ। ਬਿਜਲੀ ਚੋਰੀ ਲਈ ਨਵੇਂ-ਨਵੇਂ ਯੰਤਰਾਂ ਨਾਲ ਪਾਵਰਕਾਮ ਦੇ ਅਧਿਕਾਰੀ ਵੀ ਪ੍ਰੇਸ਼ਾਨ ਹਨ। ਆਏ ਦਿਨ ਬਿਜਲੀ ਚੋਰ ਨਵੇਂ-ਨਵੇਂ ਯੰਤਰਾਂ ਨਾਲ ਲੋਕਾਂ ਤੋਂ ਪੈਸੇ ਠੱਗ ਕੇ ਬਿਜਲੀ ਚੋਰੀ ਕਰਵਾ ਰਹੇ ਹਨ। ਦੇਖਣ 'ਚ ਆਇਆ ਹੈ ਕਿ ਸੀਲ ਤੋੜ ਕੇ ਕਈ ਲੋਕਾਂ ਨੇ ਮੀਟਰ ਦੇ ਅੰਦਰ ਸਕਰਿਟ ਅਤੇ ਰਜਿਸਟੈਂਸ ਸਾਫਟਵੇਅਰ ਫਿਟ ਕੀਤੇ ਹੋਏ ਹਨ। ਉਕਤ ਸਰਕਿਟ ਰਿਮੋਟ ਨਾਲ ਵਰਕਿੰਗ ਸ਼ੁਰੂ ਕਰਦੇ ਹਨ ਅਤੇ ਬਿਜਲੀ ਚੋਰੀ ਕਰਨ ਵਾਲੇ ਮੀਟਰ ਦੀ ਸਪੀਡ ਨੂੰ ਘੱਟ ਕਰ ਦਿੰਦੇ ਹਨ। ਰਜਿਸਟੈਂਸ ਤੋਂ ਸਿੰਗਲ ਫੇਜ਼ ਮੀਟਰ ਵਿਚ 25 ਫੀਸਦੀ ਮੀਟਰ ਘੱਟ ਰਫਤਾਰ ਨਾਲ ਚੱਲਦਾ ਹੈ ਜੋ ਕਿ ਆਮ ਤੌਰ 'ਤੇ ਕਿਸੇ ਨੂੰ ਦਿਖਾਈ ਵੀ ਨਹੀਂ ਦਿੰਦਾ।
ਅਧਿਕਾਰੀ ਦੱਸਦੇ ਹਨ ਕਿ ਪਾਵਰਕਾਮ ਵੱਲੋਂ ਚੈਕਿੰਗ ਕਰਨ 'ਤੇ ਉਕਤ ਕੇਸ ਸਾਹਮਣੇ ਆ ਜਾਂਦੇ ਹਨ ਅਤੇ ਖਪਤਕਾਰ 'ਤੇ ਭਾਰੀ ਜੁਰਮਾਨਾ ਵੀ ਪੈਂਦਾ ਹੈ। ਪਿੱਲਰ ਬਾਕਸ ਵਿਚ ਮੀਟਰ ਲੱਗਣ ਤੋਂ ਬਾਅਦ ਸ਼ਹਿਰ ਵਿਚ ਜ਼ਿਆਦਾਤਰ ਲੋਕ ਸਟ੍ਰੀਟ ਲਾਈਟ ਵਿਚ ਕੁੰਡੀ ਪਾ ਕੇ ਬਿਜਲੀ ਚੋਰੀ ਕਰ ਰਹੇ ਹਨ। ਗਲੀ-ਮੁਹੱਲਿਆਂ ਵਿਚ ਲੱਗੀਆਂ ਸਟ੍ਰੀਟ ਲਾਈਟਾਂ ਨਾਲ ਰੋਜ਼ਾਨਾ ਲੋਕ ਬਿਜਲੀ ਚੋਰੀ ਕਰ ਰਹੇ ਹਨ, ਜਦ ਉਹ ਫੜੇ ਜਾਂਦੇ ਹਨ ਤਾਂ ਅਗਲਾ-ਪਿਛਲਾ ਸਾਰਾ ਹਿਸਾਬ ਪੂਰਾ ਕਰ ਲਿਆ ਜਾਂਦਾ ਹੈ।


Related News