ਜਲੰਧਰ ਰੇਲਵੇ ਸਟੇਸ਼ਨ ''ਤੇ ਭਿਆਨਕ ਹਾਦਸਾ! ਧੀ ਨੂੰ ਬਚਾਉਣ ਲਈ ਦੌੜੇ ਪਿਤਾ ਦੀ ਮੌਤ, ਵਿਆਹ ''ਚ ਹੋਣਾ ਸੀ ਸ਼ਾਮਲ

Thursday, Sep 17, 2026 - 07:20 PM (IST)

ਜਲੰਧਰ ਰੇਲਵੇ ਸਟੇਸ਼ਨ ''ਤੇ ਭਿਆਨਕ ਹਾਦਸਾ! ਧੀ ਨੂੰ ਬਚਾਉਣ ਲਈ ਦੌੜੇ ਪਿਤਾ ਦੀ ਮੌਤ, ਵਿਆਹ ''ਚ ਹੋਣਾ ਸੀ ਸ਼ਾਮਲ

ਜਲੰਧਰ (ਪੁਨੀਤ)-ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ’ਤੇ ਬੁੱਧਵਾਰ ਦੁਪਹਿਰ ਉਸ ਸਮੇਂ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਸ਼ਾਨ-ਏ-ਪੰਜਾਬ ਟਰੇਨ ਦੀ ਲਪੇਟ ’ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸ ਦੀ ਬੇਟੀ ਜ਼ਖ਼ਮੀ ਹੋ ਗਈ। ਹਾਦਸੇ ਕਾਰਨ ਵਿਆਹ ਸਮਾਗਮ ’ਚ ਸ਼ਾਮਲ ਹੋਣ ਜਾ ਰਹੇ ਪਰਿਵਾਰ ਦੀਆਂ ਖ਼ੁਸ਼ੀਆਂ ਮਾਤਮ ’ਚ ਬਦਲ ਗਈਆਂ। ਮ੍ਰਿਤਕ ਦੀ ਪਛਾਣ ਸ਼ਮਸ਼ੇਰ ਸਿੰਘ ਪੁੱਤਰ ਲਖਬੀਰ ਸਿੰਘ ਨਿਵਾਸੀ ਵਿਸ਼ਨੂੰ ਗਾਰਡਨ, ਖਿਆਲਾ, ਨਵੀਂ ਦਿੱਲੀ ਵਜੋਂ ਹੋਈ ਹੈ। ਸ਼ਮਸ਼ੇਰ ਸਿੰਘ ਆਪਣੀ ਮਾਤਾ ਪਪਿੰਦਰ ਕੌਰ ਅਤੇ ਬੇਟੀ ਨੀਲਮ ਕੌਰ ਨਾਲ ਦਿੱਲੀ ਤੋਂ ਅੰਮ੍ਰਿਤਸਰ ਵਿਆਹ ਸਮਾਗਮ ’ਚ ਸ਼ਾਮਲ ਹੋਣ ਜਾ ਰਹੇ ਸਨ।

ਇਹ ਵੀ ਪੜ੍ਹੋ- ਪੰਜਾਬ 'ਚ 5 ਦਿਨ ਮੌਸਮ ਰਹੇਗਾ ਖ਼ਰਾਬ! ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, ਸਾਵਧਾਨ ਰਹਿਣ ਇਹ ਜ਼ਿਲ੍ਹੇ

PunjabKesari

ਜਾਣਕਾਰੀ ਮੁਤਾਬਕ ਟ੍ਰੇਨ ਨੰਬਰ 12497 ਸ਼ਾਨ-ਏ-ਪੰਜਾਬ ਕਰੀਬ 12.51 ਵਜੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ’ਤੇ ਪਹੁੰਚੀ ਸੀ। ਟਰੇਨ ਦਾ ਇਥੇ ਕਰੀਬ 5 ਮਿੰਟ ਦਾ ਠਹਿਰਾਅ ਸੀ। ਇਸੇ ਦੌਰਾਨ ਸ਼ਮਸ਼ੇਰ ਸਿੰਘ ਪਾਣੀ ਲੈਣ ਲਈ ਟਰੇਨ ਤੋਂ ਹੇਠਾਂ ਉਤਰ ਗਏ। ਕੁਝ ਦੇਰ ਬਾਅਦ ਟਰੇਨ ਚੱਲਣ ਲੱਗੀ ਤਾਂ ਉਨ੍ਹਾਂ ਦੀ ਬੇਟੀ ਨੀਲਮ ਕੌਰ ਨੇ ਦਰਵਾਜ਼ੇ ਤੋਂ ਪਿਤਾ ਨੂੰ ਆਵਾਜ਼ ਲਗਾਈ ਕਿ ਟਰੇਨ ਚੱਲ ਪਈ ਹੈ। ਇਸੇ ਦੌਰਾਨ ਨੀਲਮ ਦਾ ਪੈਰ ਫਿਸਲ ਗਿਆ ਅਤੇ ਉਹ ਟਰੇਨ ਦੀ ਲਪੇਟ ’ਚ ਆਉਣ ਲੱਗੀ।

ਜੀ. ਆਰ. ਪੀ. ਥਾਣੇ ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਬੇਟੀ ਨੂੰ ਟਰੇਨ ਦੀ ਲਪੇਟ ’ਚ ਆਉਂਦੇ ਵੇਖ ਸ਼ਮਸ਼ੇਰ ਸਿੰਘ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਉਹ ਖ਼ੁਦ ਟਰੇਨ ਦੀ ਲਪੇਟ ’ਚ ਆ ਗਏ ਜਦਕਿ ਨੀਲਮ ਕੌਰ ਨੂੰ ਵੀ ਸੱਟਾਂ ਲੱਗੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਜੀ. ਆਰ. ਪੀ. ਥਾਣਾ ਪੁਲਸ ਨੇ ਐਂਬੂਲੈਂਸ ਬੁਲਾ ਕੇ ਦੋਵਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਹਸਪਤਾਲ ’ਚ ਡਾਕਟਰਾਂ ਨੇ ਸ਼ਮਸ਼ੇਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖ਼ਮੀ ਨੀਲਮ ਕੌਰ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ।

PunjabKesari

ਇਹ ਵੀ ਪੜ੍ਹੋ- ਮੀਰੀ-ਪੀਰੀ ਖਾਲਸਾ ਮਾਰਚ ਦਾ ਤੀਜਾ ਪੜਾਅ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ਨਾਲ ਹੋਇਆ ਰਵਾਨਾ

ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਅਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਨੂੰ ਲਾਸ਼ ਸੌਂਪ ਦਿੱਤੀ ਗਈ। ਪੁਲਸ ਵੱਲੋਂ ਮਾਮਲੇ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਹਾਦਸੇ ਕਾਰਨ ਸ਼ਾਨ-ਏ-ਪੰਜਾਬ ਟਰੇਨ ਕਰੀਬ ਇਕ ਵਜੇ ਅੰਮ੍ਰਿਤਸਰ ਲਈ ਰਵਾਨਾ ਹੋਈ।

ਦੇਰੀ ਨਾਲ ਪਹੁੰਚੀ ਐਂਬੂਲੈਂਸ, ਇੰਤਜ਼ਾਰ ਕਰਦੇ ਰਹੇ ਪੁਲਸ ਮੁਲਾਜ਼ਮ
ਹਾਦਸੇ ਤੋਂ ਬਾਅਦ ਪਿਤਾ ਅਤੇ ਜ਼ਖ਼ਮੀ ਲੜਕੀ ਨੂੰ ਇਲਾਜ ਲਈ ਲਿਜਾਣ ਵਾਸਤੇ ਐਂਬੂਲੈਂਸ ਦਾ ਕਾਫ਼ੀ ਦੇਰ ਤੱਕ ਇੰਤਜ਼ਾਰ ਕਰਨਾ ਪਿਆ। ਐਂਬੂਲੈਂਸ ਪਹੁੰਚਣ ਤੱਕ ਪੁਲਸ ਮੁਲਾਜ਼ਮ ਜ਼ਖ਼ਮੀ ਲੜਕੀ ਅਤੇ ਉਸ ਦੇ ਪਿਤਾ ਨੂੰ ਸਟੇਸ਼ਨ ਦੇ ਬਾਹਰ ਬਿਠਾ ਕੇ ਇੰਤਜ਼ਾਰ ਕਰਦੇ ਰਹੇ। ਉੱਥੇ ਹੀ, ਮੌਕੇ ’ਤੇ ਇਹ ਵੀ ਚਰਚਾ ਰਹੀ ਕਿ ਐਂਬੂਲੈਂਸ ਦਾ ਏ. ਸੀ. ਖ਼ਰਾਬ ਸੀ। ਹਾਲਾਂਕਿ, ਏ. ਸੀ. ਖ਼ਰਾਬ ਹੋਣ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ। ਉੱਥੇ ਹੀ, ਐਂਬੂਲੈਂਸ ਦੇ ਭੀੜ ਵਿਚ ਫਸਣ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਸਨ।

ਇਹ ਵੀ ਪੜ੍ਹੋ- ਵਿਵਾਦਾਂ 'ਚ ਘਿਰੇ ਗਾਇਕ ਨਿੱਝਰ! ਨਵੇਂ ਗਾਣੇ ਦੀ ਸ਼ੂਟਿੰਗ ਨੂੰ ਲੈ ਕੇ ਜਲੰਧਰ ਦੇ DAV ਕਾਲਜ 'ਚ ਹੰਗਾਮਾ

ਸਾਵਧਾਨੀ ਜ਼ਰੂਰੀ : ਟਰੇਨ ’ਚ ਚੜ੍ਹਦੇ-ਉੱਤਰਦੇ ਸਮੇਂ ਜਲਦਬਾਜ਼ੀ ਤੋਂ ਬਚੋ
ਰੇਲਵੇ ਸਟੇਸ਼ਨਾਂ ’ਤੇ ਟਰੇਨ ਵਿਚ ਚੜ੍ਹਦੇ ਅਤੇ ਉੱਤਰਦੇ ਸਮੇਂ ਜਲਦਬਾਜ਼ੀ ਕਾਰਨ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਕਈ ਵਾਰ ਯਾਤਰੀ ਚੱਲਦੀ ਟਰੇਨ ਵਿਚ ਚੜ੍ਹਨ ਜਾਂ ਉੱਤਰਨ ਦਾ ਯਤਨ ਕਰਦੇ ਹਨ ਅਤੇ ਸੰਤੁਲਨ ਵਿਗੜਨ ਨਾਲ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ਹਾਦਸਿਆਂ ਵਿਚ ਯਾਤਰੀਆਂ ਨੂੰ ਆਪਣੀ ਜਾਨ ਤੱਕ ਗਵਾਉਣੀ ਪੈਂਦੀ ਹੈ। ਯਾਤਰੀਆਂ ਨੂੰ ਚਾਹੀਦਾ ਹੈ ਕਿ ਟਰੇਨ ਪੂਰੀ ਤਰ੍ਹਾਂ ਰੁਕਣ ਤੋਂ ਬਾਅਦ ਹੀ ਹੇਠਾਂ ਉੱਤਰਨ ਅਤੇ ਟਰੇਨ ਵਿਚ ਚੜ੍ਹਦੇ ਸਮੇਂ ਵੀ ਜਲਦਬਾਜ਼ੀ ਨਾ ਕਰਨ। ਵਿਸ਼ੇਸ਼ ਤੌਰ ’ਤੇ ਘੱਟ ਠਹਿਰਾਅ ਵਾਲੀਆਂ ਟਰੇਨਾਂ ਵਿਚ ਜਲਦਬਾਜ਼ੀ ਕਰਨ ਦੀ ਬਜਾਏ ਆਪਣੀ ਸੁਰੱਖਿਆ ਨੂੰ ਪਹਿਲ ਦੇਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ- ਜੈਕਾਰਿਆਂ ਨਾਲ ਗੂੰਜਿਆ ਸੁਲਤਾਨਪੁਰ ਲੋਧੀ, 'ਬਾਬੇ ਨਾਨਕ' ਦੇ ਵਿਆਹ ਪੁਰਬ ਮੌਕੇ ਸਜਿਆ ਅਲੌਕਿਕ ਨਗਰ ਕੀਰਤਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

shivani attri

Content Editor

Related News