ਸਦਕੇ ਜਾਈਏ ਪਾਵਰਕਾਮ ਵਿਭਾਗ ਦੇ 2 ਰਾਤਾਂ ਤੋਂ ਲਗਦੇ ਕੱਟਾਂ ਨੇ ਲੋਕਾਂ ਦੀ ਨੀਂਦ ਉਡਾਈ

Friday, Jun 08, 2018 - 04:29 AM (IST)

ਦੋਰਾਹਾ (ਸੂਦ)-ਪਿਛਲੇ ਦਿਨੀਂ ਬਿਜਲੀ ਦੇ ਕੱਟਾਂ ਤੋਂ ਦੁਖੀ ਹੋ ਕੇ ਸ਼ਹਿਰ ਦੇ ਲੋਕਾਂ ਵੱਲੋਂ ਬਿਜਲੀ ਬੋਰਡ ਦੇ ਬਾਜ਼ਾਰ 'ਚ ਪੈਂਦੇ ਦਫਤਰ ਦੇ ਬਾਹਰ ਧਰਨਾ ਲਾ ਕੇ ਸਰਕਾਰ ਅਤੇ ਪਾਵਰਕਾਮ ਦੇ ਅਫਸਰਾਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਸੀ, ਜਿਸ ਤੋਂ ਬਾਅਦ ਪਾਵਰਕਾਮ ਵਿਭਾਗ ਦੇ ਐੱਸ. ਡੀ. ਓ. ਨੇ ਲੋਕਾਂ ਨੂੰ ਆਉਣ ਵਾਲੇ ਸਮੇਂ ਵਿਚ ਅਜਿਹੇ ਕੱਟ ਨਾ ਲਾਉਣ ਦਾ ਭਰੋਸਾ ਦਿੱਤਾ ਸੀ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਪਾਵਰਕਾਮ ਵਿਭਾਗ ਵੱਲੋਂ ਹੁਣ ਫਿਰ ਤੋਂ ਪਿਛਲੇ 2 ਦਿਨਾਂ ਤੋਂ ਪੂਰੀ-ਪੂਰੀ ਰਾਤ ਬਿਜਲੀ ਦੇ ਕੱਟ ਲਾਏ ਜਾ ਰਹੇ ਹਨ, ਜਿਸ ਨਾਲ ਸ਼ਹਿਰ ਦੇ ਲੋਕਾਂ ਦਾ ਕੰਚੂਮਰ ਨਿੱਕਲਿਆ ਪਿਆ ਹੈ ਤੇ ਲੋਕ ਗਰਮੀ ਕਾਰਨ ਬਿਨਾਂ ਬਿਜਲੀ ਦੇ ਪੂਰੀ-ਪੂਰੀ ਰਾਤ ਜਾਗ ਕੇ ਕੱਟ ਰਹੇ ਹਨ। ਇੱਥੇ ਇਹ ਦੱਸਣਯੋਗ ਹੈ ਕਿ ਪਾਵਰਕਾਮ ਵਿਭਾਗ ਕੋਲ ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਲੋਕਾਂ ਨੂੰ ਅਕਸਰ ਮੁਸ਼ਕਿਲਾਂ ਆਉਂਦੀਆਂ ਰਹਿੰਦੀਆਂ ਹਨ, ਜਿਸ ਕਰਕੇ ਸ਼ਹਿਰ ਦੇ ਲੋਕਾਂ ਦਾ ਕਹਿਣਾ ਕਿ ਸਰਕਾਰ ਨੇ ਬਿਜਲੀ ਦੇ ਰੇਟਾਂ ਵਿਚ ਭਾਰੀ ਵਾਧਾ ਕਰਕੇ ਲੋਕਾਂ ਦੀਆਂ ਜੇਬਾਂ 'ਤੇ ਡਾਕਾ ਤਾਂ ਮਾਰ ਦਿੱਤਾ ਹੈ ਪਰ ਇਸਦੇ ਬਾਵਜੂਦ ਵੀ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਬਿਜਲੀ ਬੋਰਡ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ, ਜਿਸ ਕਰਕੇ ਲੋਕਾਂ ਨੇ ਸਰਕਾਰ ਅਤੇ ਬਿਜਲੀ ਵਿਭਾਗ ਦੇ ਅਫਸਰਾਂ ਤੇ ਮੁਲਾਜ਼ਮਾਂ ਦੀ ਕਮੀ ਨੂੰ ਦੂਰ ਕਰਕੇ ਅਜਿਹੇ ਕੱਟ ਨਾ ਲਾਉਣ ਦੀ ਮੰਗ ਕੀਤੀ ਹੈ। ਲੋਕਾਂ ਨੇ ਘਰਾਂ ਦੇ ਬਾਹਰ ਤੇ ਛੱਤ ਉਪਰ ਬੈਠ ਕੇ ਗੁਜ਼ਾਰੀ ਰਾਤ-ਪਾਵਰਕਾਮ ਵੱਲੋਂ ਪਿਛਲੇ 2 ਦਿਨਾਂ ਤੋਂ ਪੂਰੀ-ਪੂਰੀ ਰਾਤ ਲਾਏ ਜਾ ਰਹੇ ਲਾਈਟ ਦੇ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਦੱਸਿਆ ਕਿ ਉਹ ਰਾਤ ਦੇ ਭੋਜਨ ਤੋਂ ਬਾਅਦ ਜਦ ਸੌਣ ਦੀ ਤਿਆਰੀ ਕਰਨ ਲਗਦੇ ਹਨ ਤਾਂ ਲਾਈਟ ਚਲੀ ਜਾਂਦੀ ਹੈ ਤੇ ਜੋ ਕਾਫੀ ਸਮਾਂ ਨਹੀਂ ਆਉਂਦੀ, ਤਾਂ ਉਹ ਆਪਣੇ ਛੋਟੇ-ਛੋਟੇ ਬੱਚੇ ਤੇ ਬਜ਼ੁਰਗ ਪੂਰੀ-ਪੂਰੀ ਰਾਤ ਜਾਗ ਕੇ ਬਿਤਾਉਂਦੇ ਹਨ। ਇਸ ਤੋਂ ਇਲਾਵਾ ਰੋਜ਼ਾਨਾ ਕੰਮਾਂ 'ਤੇ ਜਾਣ ਵਾਲਿਆਂ ਨੇ ਕਿਹਾ ਕਿ ਉਹ ਰਾਤ ਸਮੇਂ ਲਾਈਟ ਨਾ ਆਉਣ ਕਾਰਨ ਖੱਜਲ-ਖੁਆਰ ਹੋਣ ਤੋਂ ਬਾਅਦ ਜਦ ਸਵੇਰ ਦੇ ਸਮੇਂ ਆਪਣੇ ਕੰਮਾਂ 'ਤੇ ਜਾਣ ਲਗਦੇ ਹਨ ਤਾਂ ਥਕਾਵਟ ਕਾਰਨ ਉਨ੍ਹਾਂ ਦਾ ਕੰੰਮਾਂ ਉਪਰ ਜਾਣ ਨੂੰ ਦਿਲ ਨਹੀਂ ਕਰਦਾ ਪਰ ਪਰਿਵਾਰਾਂ ਦਾ ਪੇਟ ਭਰਨ ਲਈ ਮਜਬੂਰੀ ਵੱਸ ਉਨ੍ਹਾਂ ਨੂੰ ਆਪਣੀਆਂ ਡਿਊਟੀਆਂ ਆਦਿ 'ਤੇ 
ਜਾਣਾ ਪੈਂਦਾ ਹੈ ।
ਜਨਰੇਟਰਾਂ ਦਾ ਧੂੰਆਂ ਵਾਤਾਵਰਣ ਨੂੰ ਕਰਦਾ ਹੈ ਖਰਾਬ- ਬਿਜਲੀ ਵਿਭਾਗ ਵੱਲੋਂ ਜਦ ਪੂਰੀ-ਪੂਰੀ ਰਾਤ ਲਾਈਟ ਦਾ ਕੱਟ ਲਾ ਦਿੱਤਾ ਜਾਂਦਾ ਹੈ ਤਾਂ ਕਈ ਲੋਕ ਆਪਣੇ ਘਰਾਂ ਦੇ ਬਾਹਰ ਅਤੇ ਛੱਤ 'ਤੇ ਰੱਖੇ ਜਨਰੇਟਰਾਂ ਨੂੰ ਚਲਾ ਲੈਂਦੇ ਹਨ, ਜਿਸ ਨਾਲ ਜਨਰੇਟਰਾਂ 'ਚ ਡੀਜ਼ਲ ਬਗੈਰਾਂ ਫੂਕਣ ਨਾਲ ਜਿਥੇ ਲੋਕਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ ,ਉਥੇ ਇਸ ਨਾਲ ਨਿੱਕਲਿਆ ਧੂੰਆਂ ਵੀ ਵਾਤਾਵਰਣ ਨੂੰ ਖਰਾਬ ਕਰਦਾ ਹੈ ਤੇ ਇਸ ਨਾਲ ਬਾਹਰ ਦੀ ਹਵਾ ਵਿਚ ਜ਼ਿਆਦਾ ਗਰਮੀ ਵੀ ਪੈਦਾ ਹੋ ਜਾਂਦੀ ਹੈ। 'ਜਗ ਬਾਣੀ' ਨਾਲ ਗੱਲ ਕਰਦੇ ਹੋਏ ਸਮਾਜ ਸੇਵੀ ਰਾਜੇਸ਼ ਅਬਲਿਸ਼ ਨੇ ਦੱਸਿਆ ਕਿ ਉਹ ਬੀਤੀ ਰਾਤ ਲਾਈਟ ਦੇ ਜਾਣ ਤੋਂ ਬਾਅਦ ਹਵਾ ਦਾ ਆਨੰਦ ਲੈਣ ਲਈ ਆਪਣੀ ਛੱਤ ਉਪਰ ਚਲਿਆ ਗਿਆ ਪਰ ਉਨ੍ਹਾਂ ਦੇ ਘਰ ਨਾਲ ਕਈ ਜਨਰੇਟਰ ਚੱਲਣ ਕਾਰਨ ਉਸਦਾ ਛੱਤ 'ਤੇ ਖੜ੍ਹਨਾ ਮੁਸ਼ਕਿਲ ਹੋ ਗਿਆ ਤੇ ਉਸਦਾ ਸਾਹ ਵੀ ਘੁਟਣ ਲੱਗ ਪਿਆ, ਜਿਸ ਕਰਕੇ ਉਹ ਛੱਤ ਤੋਂ ਇੱਕਦਮ ਹੀ ਵਾਪਸ ਆ ਗਿਆ।
ਸ਼ਿਕਾਇਤ ਸੈਂਟਰ 'ਚ ਨਹੀਂ ਮਿਲਦਾ ਫੋਨ- ਸ਼ਹਿਰ ਅੰਦਰ ਜਦੋਂ ਲਾਈਟ ਚਲੀ ਜਾਂਦੀ ਹੈ ਤਾਂ ਸਥਾਨਕ ਲੋਕ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਪੈਂਦੇ ਬਿਜਲੀ ਬੋਰਡ ਦੇ ਸ਼ਿਕਾਇਤ ਸੈਂਟਰ ਵਿਖੇ ਫੋਨ ਕਰਕੇ ਬਿਜਲੀ ਦੇ ਆਉਣ ਬਾਰੇ ਜਾਨਣ ਲਈ ਕਾਫੀ -ਕਾਫੀ ਸਮਾਂ ਫੋਨ ਕਰਦੇ ਰਹਿੰਦੇ ਹਨ ਪਰ ਇਹ ਫੋਨ ਸ਼ਹਿਰ ਦੇ ਲੋਕਾਂ ਨੂੰ ਮਿਲਦਾ ਹੀ ਨਹੀਂ ਜਾਂ ਫਿਰ ਹੋਲਡ 'ਤੇ ਰਹਿੰਦਾ ਹੈ, ਜਿਸ ਨਾਲ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਆਉਂਦੀ ਹੈ। ਇਸ ਬਾਰੇ ਯੂਥ ਫੋਰਮ ਦੇ ਆਗੂ ਜਨਦੀਪ ਕੌਸ਼ਲ ਨੇ ਕਿਹਾ ਕਿ ਉਨ੍ਹਾਂ ਨੇ ਬੀਤੀ 5 ਜੂਨ ਦੀ ਰਾਤ ਨੂੰ ਲਾਈਟ ਜਾਣ ਤੋਂ ਬਾਅਦ  ਕਾਫੀ ਵਾਰ ਪਾਵਰਕਾਮ ਦੇ ਸ਼ਿਕਾਇਤ ਸੈਂਟਰ ਦਫਤਰ ਦਾ ਫੋਨ ਮਿਲਾਇਆ ਪਰ ਇਹ ਫੋਨ ਨਹੀਂ ਮਿਲਿਆ ।
ਫੀਡਰ ਖਰਾਬ ਹੋਣ 'ਤੇ ਮੀਂਹ-ਹਨੇਰੀ ਕਰਕੇ ਲੋਕਾਂ ਨੂੰ ਨਹੀਂ ਮਿਲੀ ਲਾਈਟ : ਐੱਸ. ਡੀ. ਓ.-ਪਿਛਲੇ 2 ਦਿਨਾਂ ਤੋਂ ਸ਼ਹਿਰ ਦੇ ਅੰਦਰ ਰਾਤ ਦੇ ਸਮੇਂ ਜਾ ਰਹੀ ਲਾਈਟ ਬਾਰੇ ਜਦ ਬਿਜਲੀ ਵਿਭਾਗ ਦੇ ਐੱਸ. ਡੀ. ਓ. ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਤੇ ਪਾਵਰਕਾਮ ਵਿਭਾਗ ਵੱਲੋਂ ਬਿਜਲੀ ਦੇ ਕੋਈ ਕੱਟ ਨਹੀਂ ਲਾਏ ਜਾ ਰਹੇ। ਪਿਛਲੀਆਂ ਦੋ ਰਾਤਾਂ ਦੇ ਸਮੇਂ ਬਿਜਲੀ ਨਾ ਆਉਣ ਬਾਰੇ ਉਨ੍ਹਾਂ ਕਿਹਾ ਕਿ 5 ਜੂਨ ਦੀ ਰਾਤ ਨੂੰ ਮੀਂਹ-ਹਨੇਰੀ ਤੇ ਝੱਖੜ ਕਾਰਨ ਬਿਜਲੀ ਬੰਦ ਕਰ ਦਿੱਤੀ ਗਈ ਸੀ ਤੇ ਬੀਤੀ 6 ਜੂਨ ਦੀ ਰਾਤ ਨੂੰ ਫੀਡਰ ਖਰਾਬ ਹੋ ਗਿਆ ਸੀ, ਜਿਸਨੂੰ ਅੱਜ ਸਵੇਰੇ ਠੀਕ ਕਰ ਦਿੱਤਾ ਗਿਆ ਹੈ। ਉਨ੍ਹਾਂ ਅੜੈਚਾਂ ਰੋਡ ਵਾਲੀ ਸਾਈਡ ਬਿਜਲੀ ਦੇ ਹੋਣ ਬਾਰੇ ਕਿਹਾ ਕਿ ਸ਼ਹਿਰ ਦੇ ਆਲੇ ਦੁਆਲੇ ਅੰਦਰ ਤਿੰਨ ਫੀਡਰ ਹਨ ਤੇ ਅੜੈਚਾਂ ਰੋਡ ਵਾਲੀ ਸਾਈਡ ਦਾ ਫੀਡਰ ਠੀਕ ਕੰੰਮ ਕਰ ਰਿਹਾ ਸੀ । ਜਿਸ ਕਰਕੇ ਉਥੇ ਲਾਈਟ ਠੀਕ-ਠਾਕ ਸੀ। ਬਿਜਲੀ ਬੋਰਡ ਦੇ ਬਾਜ਼ਾਰ ਵਿਚ ਬਣੇ ਦਫਤਰ ਦੇ ਸ਼ਿਕਾਇਤ ਸੈਂਟਰ ਵਿਚ ਫੋਨ ਨਾ ਮਿਲਣ ਬਾਰੇ ਐੱਸ. ਡੀ. ਓ. ਸਾਹਿਬ ਨੇ ਕਿਹਾ ਕਿ ਇੱਕ ਹਫਤੇ ਤੋਂ ਪੱਕੇ ਤੌਰ 'ਤੇ ਇਸ ਦਫਤਰ ਵਿਚ ਮੁਲਾਜ਼ਮ ਨੂੰ ਬਿਠਾ ਦਿੱਤਾ ਗਿਆ ਹੈ, ਜਦਕਿ ਦੂਜੇ ਪਾਸੇ ਸ਼ਹਿਰ ਦੇ ਲੋਕ ਬਿਜਲੀ ਬੋਰਡ ਦੇ ਇਸ ਦਫਤਰ ਵਿੱਚ ਬੀਤੀ 5 ਜੂਨ ਦੀ ਰਾਤ ਨੂੰ ਫੋਨ ਨਾ ਮਿਲਣ ਬਾਰੇ ਕਹਿ ਰਹੇ ਹਨ, ਜਿਸ ਨਾਲ ਇਹ ਕਹਿਣਾ ਆਸਾਨ ਹੈ ਕਿ ਦਾਲ ਵਿਚ ਕੁਝ ਤਾਂ ਕਾਲਾ ਜ਼ਰੂਰ ਹੈ, ਜਿਸ ਬਾਰੇ ਲੋਕਾਂ ਨੂੰ ਪਤਾ ਲੱਗਣਾ ਜ਼ਰੂਰੀ ਹੈ।


Related News