ਪਾਵਰਕਾਮ ਦੇ ਐੱਸ. ਡੀ. ਓ. ਤੇ ਜੇ. ਈ. ਰਿਸ਼ਵਤ ਲੈਣ ਦੇ ਵਿਵਾਦਾਂ ’ਚ ਘਿਰੇ
Thursday, Aug 19, 2021 - 04:28 PM (IST)
ਪਟਿਆਲਾ (ਮਨਦੀਪ ਜੋਸਨ) : ਪਾਵਰਕਾਮ ਦੇ ਐੱਸ. ਡੀ. ਓ. ਸਨੌਰ ਹਰਪ੍ਰੀਤ ਸਿੰਘ, ਜੇ. ਈ.-1 ਕਰਮਜੀਤ ਸਿੰਘ ਅਤੇ ਮੀਟਰ ਰੀਡਰ ਇਕ ਕਿਸਾਨ ਕੋਲੋਂ ਇਕ ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ਾਂ ਅਧੀਨ ਪੂਰੀ ਤਰ੍ਹਾਂ ਵਿਵਾਦਾਂ ’ਚ ਘਿਰ ਗਏ ਹਨ। ਕਿਸਾਨ ਵਿਰੋਧੀ ਮੰਨੇ ਜਾਣ ਵਾਲੇ ਅਤੇ ਹਮੇਸ਼ਾ ਹੀ ਵਿਵਾਦਾਂ ’ਚ ਘਿਰੇ ਰਹੇ ਐੱਸ. ਡੀ. ਓ. ਹਰਪ੍ਰੀਤ ਸਿੰਘ ਖ਼ਿਲਾਫ਼ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਿੰਘ, ਕਿਸਾਨ ਅਮਰਜੀਤ ਸਿੰਘ, ਪ੍ਰੀਤਮ ਸਿੰਘ ਅਤੇ ਗੁਰਮੇਲ ਸਿੰਘ ਨੇ ਪਾਵਰਕਾਮ ਦੇ ਚੇਅਰਮੈਨ ਨੂੰ ਮੈਮੋਰੰਡਮ ਦੇ ਕੇ ਇਸ ਐੱਸ. ਡੀ. ਓ. ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਕਿਸਾਨ ਅਮਰਜੀਤ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਮੁਹੱਲਾ ਬਲੋਚਾਂ ਵਾਲਾ ਸਨੌਰ ਨੇ ਇਸ ਮੈਮੋਰੰਡਮ ਅਤੇ ਹਲਫੀਆ ਬਿਆਨ ਦੀ ਕਾਪੀ ਪੱਤਰਕਾਰਾਂ ਨੂੰ ਵੰਡਦਿਆਂ ਆਖਿਆ ਕਿ ਉਹ ਲੰਬੇ ਸਮੇਂ ਤੋਂ ਇਥੇ ਰਹਿ ਰਹੇ ਹਨ ਅਤੇ ਕਿਸਾਨ ਹੋਣ ਦੇ ਨਾਲ ਬੀ. ਸੀ. ਕੋਟੇ ਦੀ ਛੋਟ ਲਈ ਹੋਈ ਹੈ ਤੇ ਲੰਬੇ ਸਮੇਂ ਤੋਂ ਮੀਟਰ ਰੀਡਰ ਉਨ੍ਹਾਂ ਤੋਂ ਰਿਸ਼ਵਤ ਮੰਗਦਾ ਹੈ ਤੇ ਉਹ ਮੀਟਰ ਰੀਡਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਬੇਨਤੀ ਕਰ ਕੇ ਬਚਦੇ ਆ ਰਹੇ ਹਨ। ਉਨ੍ਹਾਂ ਆਖਿਆ ਕਿ ਕੁਝ ਦਿਨ ਪਹਿਲਾਂ ਇਹ ਮੀਟਰ ਰੀਡਰ ਨੇ ਉਨ੍ਹਾਂ ਤੋਂ 10 ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ ਉਨ੍ਹਾਂ ਨੇ ਮੀਟਰ ਰੀਡਰ ਨੂੰ ਬੇਨਤੀ ਕੀਤੀ ਕਿ ਉਹ ਗਰੀਬ ਕਿਸਾਨ ਹਨ, ਇਸ ਲਈ ਉਹ ਪੈਸੇ ਨਹੀਂ ਦੇ ਸਕਦੇ, ਜਿਸ ਕਾਰਨ ਇਸ ਮੀਟਰ ਰੀਡਰ ਨੇ ਜੇ. ਈ.-1 ਕਰਮਜੀਤ ਸਿੰਘ ਨੂੰ ਨਾਲ ਲੈ ਕੇ ਮੇਰੇ ਘਰ ਦੀ ਚੈਕਿੰਗ ਕੀਤੀ। ਇਨ੍ਹਾਂ ਨੂੰ ਕੁੱਝ ਨਹੀਂ ਮਿਲਿਆ ਪਰ ਇਨ੍ਹਾਂ ਨੇ ਧਮਕੀਆਂ ਦਿੱਤੀਆਂ ਕਿ ਉਹ ਤੈਨੂੰ ਅੰਦਰ ਕਰਵਾ ਦੇਣਗੇ।
ਇਹ ਵੀ ਪੜ੍ਹੋ : ਵਿਧਾਇਕ ਬੈਂਸ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਐੱਨ. ਓ. ਸੀ. ਦੀ ਸ਼ਰਤ ਖ਼ਤਮ ਕਰਨ ਦੀ ਕੀਤੀ ਮੰਗ
ਕਿਸਾਨ ਅਮਰਜੀਤ ਸਿੰਘ ਭੋਲਾ ਨੇ ਦੱਸਿਆ ਕਿ 11 ਅਗਸਤ ਨੂੰ ਇਸ ਮੀਟਰ ਰੀਡਰ ਨੇ ਸਨੌਰ ਬੱਸ ਸਟੈਂਡ ਦੇ ਗੈਸ ਏਜੰਸੀ ਸਾਹਮਣੇ ਉਸਨੂੰ ਬੁਲਾਇਆ ਤੇ ਜੇ. ਈ.-1 ਕਰਮਜੀਤ ਸਿੰਘ ਨੂੰ ਮਿਲਵਾਇਆ ਤੇ ਆਖਿਆ ਕਿ ਤੂੰ 25 ਹਜ਼ਾਰ ਰੁਪਏ ਦੇ ਦੇ। ਅਸੀਂ ਤੇਰਾ ਕੇਸ ਰਫਾ-ਦਫਾ ਕਰ ਦੇਵਾਂਗੇ। ਉਨ੍ਹਾਂ ਆਖਿਆ ਕਿ ਉਸ ਸਮੇਂ ਉਨ੍ਹਾਂ ਲਾਲ ਰਣਜੀਤ ਸਿੰਘ ਅਤੇ ਗੁਰਮੇਲ ਸਿੰਘ ਵੀ ਮੌਜੂਦ ਸਨ। ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਸਨੌਰ ਸਬ-ਡਵੀਜ਼ਨ ਦੇ ਐੱਸ. ਡੀ. ਓ. ਨੂੰ 12 ਅਗਸਤ ਨੂੰ ਮਿਲੇ ਅਤੇ ਇਨ੍ਹਾਂ ਦੀ ਸ਼ਿਕਾਇਤ ਕੀਤੀ, ਜਿਸ ’ਤੇ ਐੱਸ. ਡੀ. ਓ. ਹਰਪ੍ਰੀਤ ਸਿੰਘ ਨੇ ਉਸ ਨੂੰ ਦਫ਼ਤਰ ਤੋਂ ਕੱਢਵਾ ਦਿੱਤਾ ਤੇ ਆਖਿਆ ਕਿ ‘ਜਿੰਨਾ ਵੱਡਾ ਕੰਮ, ਉਨੀ ਵੱਡੀ ਫੀਸ’। ਉਨ੍ਹਾਂ ਆਖਿਆ ਕਿ ਐੱਸ. ਡੀ. ਓ. ਹਰਪ੍ਰੀਤ ਸਿੰਘ ਨੇ ਸਿੱਧੇ ਤੌਰ ’ਤੇ ਇਕ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ । ਉਸ ਸਮੇਂ ਉਨ੍ਹਾਂ ਨਾਲ ਰਣਜੀਤ ਸਿੰਘ ਤੇ ਗੁਰਮੇਲ ਸਿੰਘ ਦੋਵੇਂ ਕਿਸਾਨ ਮੌਜੂਦ ਸਨ।
ਕਾਰਵਾਈ ਨਾ ਹੋਈ ਤਾਂ ਕਿਸਾਨ ਘੇਰਨਗੇ ਪਾਵਰਕਾਮ ਦਾ ਦਫ਼ਤਰ
ਕਿਸਾਨ ਅਮਰਜੀਤ ਸਿੰਘ ਭੋਲਾ ਅਤੇ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਿੰਘ ਨੇ ਆਖਿਆ ਕਿ ਉਹ ਇਸ ਸਬੰਧੀ ਬੀਤੇ ਦਿਨ ਚੇਅਰਮੈਨ ਪਾਵਰਕਾਮ ਨੂੰ ਮਿਲਨ ਗਏ ਅਤੇ ਉਨ੍ਹਾਂ ਦੇ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਤੋਂ ਬਕਾਇਦਾ ਤੌਰ ’ਤੇ ਮੈਮੋਰੰਡਮ ਤੇ ਹਲਫਿਆ ਬਿਆਨ ਵਸੂਲ ਕੀਤਾ ਹੈ । ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਇਨ੍ਹਾਂ ਅਫਸਰਾਂ ’ਤੇ ਸਖਤ ਕਾਰਵਾਈ ਹੋਵੇਗੀ। ਇਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਹੈਰਾਨੀ ਹੈ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਇਕ ਹੋਰ ਪਾਵਰਕਾਮ ਦੇ ਅਫਸਰ ਦੀਆਂ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਤੂੰ ਨਿਪਟਾਰਾ ਕਰ ਲੈ ਨਹੀਂ ਤਾਂ ਤੈਨੂੰ ਜੇਲ ਯਾਤਰਾ ਕਰਵਾ ਦਿਆਂਗੇ।
ਇਹ ਵੀ ਪੜ੍ਹੋ : ਜ਼ਿਲ੍ਹਾ ਮੈਜਿਸਟ੍ਰੇਟ ਤਰਨਤਾਰਨ ਵਲੋਂ ਜ਼ਿਲ੍ਹੇ ਅੰਦਰ ਕੋਵਿਡ ਨਾਲ ਸਬੰਧਤ ਨਵੀਆਂ ਹਦਾਇਤਾਂ ਜਾਰੀ
‘ਮੁਹੱਲੇ ’ਚੋਂ ਇਕ ਕਿਸਾਨ ਦੇ ਘਰ ਦੀ ਕਿਉਂ ਹੋਈ ਚੈਕਿੰਗ’
ਕਿਸਾਨ ਨੇਤਾਵਾਂ ਨੇ ਆਖਿਆ ਕਿ ਇਸ ਮੁਹੱਲੇ ’ਚ ਇਕ ਹਜ਼ਾਰ ਘਰ ਵਸਦੇ ਹਨ ਪਰ ਪਾਵਰਕਾਮ ਦਾ ਜੇ.ਈ.-1 ਕਰਮਜੀਤ ਸਿੰਘ ਤੇ ਮੀਟਰ ਰੀਡਰ ਨੇ ਆਖਿਰ ਉਕਤ ਕਿਸਾਨ ਦੇ ਘਰ ਦੀ ਹੀ ਚੈਕਿੰਗ ਕਿਉਂ ਕੀਤੀ। ਇਨ੍ਹਾਂ ਨੇਤਾਵਾਂ ਦਾ ਕਹਿਣਾ ਹੈ ਕਿ ਉਹ 25 ਸਾਲ ਤੋਂ ਇਥੇ ਰਹਿ ਰਹੇ ਹਨ, ਅੱਜ ਤੱਕ ਕੋਈ ਵੀ ਇਥੇ ਚੈਕਿੰਗ ਕਰਨ ਨਹੀਂ ਆਇਆ। ਕਿਸਾਨ ਨੇਤਾਵਾਂ ਨੇ ਆਖਿਆ ਕਿ ਸਿੱਧੇ ਤੌਰ ’ਤੇ ਇਹ ਵੱਡੀ ਕਿੜ ਕੱਢੀ ਜਾ ਰਹੀ ਹੈ। ਜੇਕਰ ਐੱਸ. ਡੀ. ਓ. ਤੇ ਜੇ.ਈ. ਖਿਲਾਫ ਕਾਰਵਾਈ ਨਾ ਹੋਈ ਤਾਂ ਅਗਲੇ ਹਫਤੇ ਪਾਵਰਕਾਮ ਦੇ ਦਫ਼ਤਰ ਦਾ ਕਿਸਾਨ ਘਿਰਾਓ ਕਰਨਗੇ।
ਦਰਜਨਾਂ ਸ਼ਿਕਾਇਤਾਂ ਪਰ ਚੇਅਰਮੈਨ ਪਤਾ ਨਹੀਂ ਕਿਉਂ ਮੇਹਰਬਾਨ : ਹੈਰੀਮਾਨ
ਇਸ ਸਬੰਧੀ ਜਦੋਂ ਵਿਧਾਨ ਸਭਾ ਹਲਕਾ ਸਨੌਰ ਦੇ ਕਾਂਗਰਸੀ ਇੰਚਾਰਜ ਅਤੇ ਸੀਨੀਅਰ ਕਾਂਗਰਸੀ ਨੇਤਾ ਹਰਿੰਦਰ ਪਾਲ ਸਿੰਘ ਹੈਰੀਮਾਨ ਨਾਲ ਰਾਬਤਾ ਬਣਾਇਆ ਤਾਂ ਉਨ੍ਹਾਂ ਆਖਿਆ ਕਿ ਇਸ ਐੱਸ. ਡੀ. ਓ. ਖਿਲਾਫ ਉਨ੍ਹਾਂ ਕੋਲ ਦਰਜਨਾਂ ਸਿਕਾਇਤਾਂ ਹਨ ਪਰ ਪਾਵਰਕਾਮ ਦੇ ਚੇਅਰਮੈਨ ਵੇਨੂੰ ਪ੍ਰਸਾਦ ਨੇ ਜਾਣਬੁੱਝ ਕੇ ਇਸ ਐੱਸ. ਡੀ. ਓ ਨੂੰ ਸਨੌਰ ਲਗਾਇਆ ਹੈ ਤਾਂ ਜੋ ਇਥੋਂ ਵਿਰੋਧੀ ਪਾਰਟੀਆਂ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਆਖਿਆ ਕਿ ਇਸ ਐੱਸ. ਡੀ. ਓ. ਖਿਲਾਫ ਬਕਾਇਦਾ ਤੌਰ ’ਤੇ ਉਹ ਮਹਾਰਾਣੀ ਪ੍ਰਨੀਤ ਕੌਰ ਤੋਂ ਡੀ.ਓ. ਲਗਵਾ ਕੇ ਇਸਦੀਆਂ ਸ਼ਿਕਾਇਤਾਂ ਦਾ ਚਿੱਠਾ ਚੇਅਰਮੈਨ ਨੂੰ ਸੌਂਪ ਚੁੱਕੇ ਹਨ ਪਰ ਇਹ ਚੇਅਰਮੈਨ ਦਾ ਕਮਾਊ ਪੁੱਤ ਹੈ, ਜਿਸ ਕਾਰਨ ਚੇਅਰਮੈਨ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ। ਉਨ੍ਹਾਂ ਆਖਿਆ ਕਿ ਐੱਸ. ਡੀ. ਓ. ਤੇ ਹੋਰ ਜਿਹੜੇ ਵੀ ਮੁਲਾਜ਼ਮ ਕਿਸਾਨਾਂ ਨੂੰ ਤੰਗ ਕਰਦੇ ਹਨ, ਉਨ੍ਹਾਂ ਖਿਲਾਫ ਉਹ ਹੁਣ ਮੁੱਖ ਮੰਤਰੀ ਪੰਜਾਬ ਨੂੰ ਮਿਲ ਰਹੇ ਹਨ। ਉਨ੍ਹਾਂ ਆਖਿਆ ਕਿ ਕਿਸਾਨਾਂ ਦੀ ਸੁਣਵਾਈ ਉਹ ਜ਼ਰੂਰ ਕਰਨਗੇ ਕਿਉਂਕਿ ਕਾਂਗਰਸ ਹਮੇਸ਼ਾ ਕਿਸਾਨ ਹਿੱਤ ’ਚ ਫੈਸਲੇ ਲੈਂਦੀ ਹੈ।
ਐੱਸ. ਡੀ. ਓ. ਸਨੌਰ ਨੇ ਸਮੁੱਚੇ ਦੋਸ਼ਾਂ ਨੂੰ ਕੀਤਾ ਰੱਦ
ਇਸ ਸਬੰਧੀ ਜਦੋਂ ਐੱਸ. ਡੀ. ਓ. ਸਨੌਰ ਹਰਪ੍ਰੀਤ ਸਿੰਘ ਨਾਲ ਰਾਬਤਾ ਬਣਾਇਆ ਤਾਂ ਉਨ੍ਹਾਂ ਨੇ ਲਗਾਏ ਜਾ ਰਹੇ ਦੋਸ਼ਾਂ ਨੂੰ ਰੱਦ ਕਰ ਦਿੱਤਾ। ਉਨ੍ਹਾ ਕਿਹਾ ਕਿ ਇਸ ਕਿਸਾਨ ਦੀ ਸ਼ਿਕਾਇਤ ਆ ਰਹੀ ਸੀ, ਜਿਸ ਕਾਰਨ ਹੇਠਲੇ ਅਧਿਕਾਰੀਆਂ ਨੇ ਚੈਕਿੰਗ ਕੀਤੀ ਸੀ। ਉਨ੍ਹਾਂ ਆਖਿਆ ਕਿ ਉਹ ਤਾਂ ਕਿਤੇ ਚੈਕਿੰਗ ਕਰਨ ਵੀ ਨਹੀਂ ਗਏ ਅਤੇ ਨਾ ਹੀ ਉਨ੍ਹਾਂ ਕਿਸੇ ਨੂੰ ਮੰਦਾ ਬੋਲਿਆ ਹੈ। ਹਰਪ੍ਰੀਤ ਸਿੰਘ ਨੇ ਆਖਿਆ ਕਿ ਕਿਸਾਨ ਦਾ ਮੁਆਫੀ ਵਾਲੇ ਮੀਟਰ ’ਤੇ ਲੋਡ ਜਿਆਦਾ ਸੀ। ਉਨ੍ਹਾਂ ਇਸ ਗੱਲ ਨੂੰ ਮੰਨਿਆ ਕਿ ਸ਼ਾਇਦ ਇਹ ਹੋ ਸਕਦਾ ਹੈ ਕਿ ਕਿਸੇ ਹੋਰ ਨੇ ਕੋਈ ਪੈਸਿਆਂ ਦੀ ਮੰਗ ਕੀਤੀ ਹੋਵੇ ਪਰ ਉਨ੍ਹਾਂ ਨੇ ਕਿਸੇ ਤੋਂ ਕੋਈ ਪੈਸਾ ਨਹੀਂ ਮੰਗਿਆ।
ਇਹ ਵੀ ਪੜ੍ਹੋ : ਅਸ਼ਵਨੀ ਸ਼ਰਮਾ ਨੇ ਕੇਂਦਰ ਨੂੰ ਪੱਤਰ ਲਿਖ ਕੇ ਅਫਗਾਨਿਸਤਾਨ ਤੋਂ ਹਿੰਦੂ-ਸਿੱਖਾਂ ਨੂੰ ਕੱਢਣ ਦੀ ਕੀਤੀ ਅਪੀਲ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ