ਬਿਜਲੀ ਮੰਤਰੀ ਤੋਂ ਬਿਨਾਂ ਹੀ ਨੇਪਰੇ ਚੜ੍ਹੀ ਬਿਜਲੀ ਸਪਲਾਈ ਪਾਲਿਸੀ

06/12/2019 12:28:55 PM

ਪਟਿਆਲਾ (ਵੈਬ ਡੈਸਕ)— ਪੰਜਾਬ 'ਚ ਪਿਛਲੇ ਸਾਲ ਭਾਵੇਂ ਝੋਨੇ ਦੀ ਲਵਾਈ ਲਈ 20 ਜੂਨ ਦੀ ਤਰੀਕ ਨਿਰਧਾਰਿਤ ਕੀਤਾ ਗਈ ਸੀ ਪਰ ਇਸ ਵਾਰ ਪੰਜਾਬ 'ਚ 13 ਜੂਨ ਨੂੰ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ, ਜੋ ਪਹਿਲੀ ਵਾਰ ਬਿਜਲੀ ਮੰਤਰੀ ਤੋਂ ਬਿਨਾਂ ਹੀ ਸ਼ੁਰੂ ਹੋਵੇਗਾ।ਪਾਵਰਕੌਮ ਨੇ ਝੋਨੇ ਦੇ ਸੀਜ਼ਨ ਲਈ ਆਪਣੇ ਪੱਧਰ 'ਤੇ ਤਿਆਰੀਆਂ ਮੁਕੰਮਲ ਕੀਤੀਆਂ ਹੋਈਆਂ ਹਨ। ਪਾਵਰਕੌਮ ਵੱਲੋਂ 12 ਤੇ 13 ਜੂਨ ਦੀ ਅੱਧੀ ਰਾਤ ਤੋਂ ਖੇਤੀ ਖਪਤਕਾਰਾਂ ਨੂੰ ਦਿਨ ਵੇਲੇ ਅੱਠ ਘੰਟੇ ਤੇ ਰਾਤ ਵੇਲੇ ਤਿੰਨ ਗਰੁੱਪਾਂ ਵਿਚ ਵੰਡ ਕੇ ਰੋਜ਼ ਅੱਠ-ਅੱਠ ਘੰਟੇ ਟਿਊਬਵੈੱਲਾਂ ਲਈ ਬਿਜਲੀ ਦਿੱਤੀ ਜਾਵੇਗੀ। ਪਾਵਰਕੌਮ ਨੇ ਇਸ ਵਾਰ ਖੇਤੀ ਲਈ 14 ਹਜ਼ਾਰ ਮੈਗਾਵਾਟ ਤਕ ਬਿਜਲੀ ਦੇ ਪ੍ਰਬੰਧ ਕੀਤੇ ਹਨ ਤੇ ਇਹ ਖੇਤੀ ਸਪਲਾਈ 30 ਸਤੰਬਰ ਤਕ ਮੁਹੱਈਆ ਕਰਵਾਈ ਜਾਵੇਗੀ। ਤਿਆਰੀਆਂ ਵਜੋਂ ਅੱਜ ਗੋਇੰਦਵਾਲ ਥਰਮਲ ਪਲਾਂਟ ਨੂੰ ਭਖਾ ਦਿੱਤਾ ਗਿਆ ਹੈ। 

ਜਾਣਕਾਰੀ ਮੁਤਾਬਕ ਝੋਨੇ ਦੇ ਪਿਛਲੇ ਸੀਜ਼ਨ ਵਿਚ ਬਿਜਲੀ ਦੀ ਵੱਧ ਤੋਂ ਵੱਧ ਮੰਗ ਦਾ ਅੰਕੜਾ 12,638 ਮੈਗਾਵਾਟ ਤਕ ਪਹੁੰਚ ਗਿਆ ਸੀ। ਪਾਵਰਕੌਮ ਲਈ ਇਸ ਵਾਰ ਵੱਡੀ ਚੁਣੌਤੀ ਇਹ ਵੀ ਹੈ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਬਿਜਲੀ ਦੀ ਮੰਗ ਦੇ ਆਂਕੜੇ ਨੇ ਵੱਡੀਆਂ ਛਾਲਾਂ ਮਾਰੀਆਂ ਹਨ। 2015-16 ਦੌਰਾਨ ਮੰਗ 10,852 ਮੈਗਾਵਾਟ ਸੀ, ਜੋ 2016-17 'ਚ ਵਧ ਕੇ 11,408 ਮੈਗਾਵਾਟ ਤੇ 2017-18 ਵਿਚ 11,705 ਮੈਗਾਵਾਟ 'ਤੇ ਪਹੁੰਚ ਗਈ ਸੀ। ਇਸ ਤਰ੍ਹਾਂ ਲੰਘੇ ਚਾਰ ਸਾਲਾਂ ਦੌਰਾਨ ਮੰਗ ਦੇ ਅੰਕੜੇ ਨੇ 1786 ਮੈਗਾਵਾਟ ਜੰਪ ਕੀਤਾ ਹੈ।
ਪਾਵਕਰੌਮ ਦੇ ਮੁੱਖ ਦਫ਼ਤਰ ਅਨੁਸਾਰ ਝੋਨੇ ਦੇ ਸੀਜ਼ਨ ਦੇ ਹੋਰ ਪ੍ਰਬੰਧਾਂ ਵਜੋਂ ਫੀਲਡ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਟੇਸ਼ਨ ਨਾ ਛੱਡਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ ਤੇ ਮੁਲਾਜ਼ਮਾਂ ਦੇ ਤਬਾਦਲੇ 'ਤੇ ਵੀ ਪਾਬੰਦੀ ਲਾਈ ਗਈ ਹੈ। ਮੁੱਖ ਦਫ਼ਤਰ ਸਮੇਤ ਜ਼ੋਨਲ ਪੱਧਰ 'ਤੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ ਤਾਂ ਕਿ ਖਪਤਕਾਰ ਬਿਜਲੀ ਸਪਲਾਈ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਣ। ਹਰੇਕ ਡਿਵੀਜ਼ਨ ਪੱਧਰ 'ਤੇ 24 ਘੰਟੇ ਨੋਡਲ ਸ਼ਿਕਾਇਤ ਕੇਂਦਰ ਸਥਾਪਿਤ ਕੀਤੇ ਗਏ ਹਨ।

ਦੱਸਣਯੋਗ ਹੈ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਮੰਤਰੀਆਂ ਦੇ ਵਿਭਾਗਾਂ ਦੇ ਫੇਰਬਦਲ ਮਗਰੋਂ ਬਿਜਲੀ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹਾਲੇ ਤਕ ਆਪਣੇ ਵਿਭਾਗ ਦਾ ਕਾਰਜਭਾਰ ਨਹੀਂ ਸੰਭਾਲਿਆ। ਉਹ ਸਥਾਨਕ ਸਰਕਾਰਾਂ ਦਾ ਮਹਿਕਮਾ ਖੁੱਸਣ ਕਾਰਨ ਮੁੱਖ ਮੰਤਰੀ ਨਾਲ ਨਾਰਾਜ਼ ਹੋਣ ਕਰਕੇ ਬਿਜਲੀ ਮਹਿਕਮੇ ਨੂੰ ਸੰਭਾਲਣ ਤੋਂ ਹਾਲੇ ਕੰਨੀ ਕਤਰਾ ਰਹੇ ਹਨ। ਪਿਛਲੀ ਬਾਦਲ ਸਰਕਾਰ ਦੌਰਾਨ ਬਿਜਲੀ ਵਿਭਾਗ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਕੋਲ ਰੱਖਿਆ ਹੋਇਆ ਸੀ ਤੇ ਝੋਨੇ ਦੇ ਸੀਜ਼ਨ ਦੌਰਾਨ ਉਨ੍ਹਾਂ ਵੱਲੋਂ ਅਹਿਮ ਬੈਠਕਾਂ ਸੱਦੀਆਂ ਜਾਂਦੀਆਂ ਸਨ ਪਰ ਮੌਜੂਦਾ ਸਰਕਾਰ ਮੌਕੇ ਬਿਜਲੀ ਮੰਤਰੀ ਦੇ ਸਰਕਾਰ ਤੋਂ ਖ਼ਫ਼ਾ ਹੋਣ ਕਾਰਨ ਬਿਜਲੀ ਵਿਭਾਗ ਇਕ ਤਰ੍ਹਾਂ ਲਾਵਾਰਿਸ ਹੀ ਬਣਿਆ ਹੋਇਆ ਹੈ। ਉਧਰ, ਝੋਨੇ ਦੇ ਸੀਜ਼ਨ ਦੇ ਪ੍ਰਬੰਧਾਂ ਵਜੋਂ ਪਾਵਰਕੌਮ ਨੇ ਆਪਣੇ ਪੱਧਰ 'ਤੇ ਸਾਰੀਆਂ ਤਿਆਰੀਆਂ ਮੁਕੰਮਲ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਪਾਵਰਕੌਮ ਦੇ ਸੀ.ਐੱਮ.ਡੀ ਇੰਜਨੀਅਰ ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਝੋਨੇ ਦੇ ਸੀਜ਼ਨ ਲਈ ਇਸ ਵਾਰ ਵੱਧ ਤੋਂ ਵੱਧ 14 ਹਜ਼ਾਰ ਮੈਗਾਵਾਟ ਦੇ ਪ੍ਰਬੰਧ ਕੀਤੇ ਗਏ ਹਨ। ਆਮ ਤੌਰ 'ਤੇ ਬਿਜਲੀ ਦੀ ਮੰਗ ਦਾ ਵੱਧ ਤੋਂ ਵੱਧ ਆਂਕੜਾ ਇਸ ਵਾਰ 13500 ਮੈਗਾਵਾਟ ਤਕ ਹੀ ਪਹੁੰਚਣ ਦੇ ਅਨੁਮਾਨ ਹਨ।


Shyna

Content Editor

Related News