ਝੋਨੇ ਦੀ ਬਿਜਾਈ ਦੇ ਮੱਦੇਨਜ਼ਰ ਪਾਵਰ ਪਲਾਂਟ ਨੇ ਸ਼ੁਰੂ ਕੀਤਾ ਬਿਜਲੀ ਉਤਪਾਦਨ

06/15/2020 4:22:09 PM

ਮਾਨਸਾ (ਮਿੱਤਲ) : ਸੂਬੇ ਭਰ ਵਿਚ ਝੋਨੇ ਦੀ ਲਵਾਈ ਦੇ ਮੱਦੇਨਜ਼ਰ ਜ਼ਿਲ੍ਹਾ ਮਾਨਸਾ ਦੇ ਪਿੰਡ ਬਣਾਂਵਾਲਾ ਵਿਖੇ ਸਥਾਪਤ ਤਲਵੰਡੀ ਸਾਬੋ ਪਾਵਰ ਪਲਾਂਟ ਨੇ ਬਿਜਲੀ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਪਾਵਰ ਪਲਾਂਟ ਕਿਸਾਨਾਂ ਤੇ ਸੂਬੇ 'ਚ ਜ਼ਿਆਦਾ ਬਿਜਲੀ ਦੀ ਲੋੜ ਦੀ ਪੂਰਤੀ ਕਰੇਗਾ ।ਇਸ ਦਾ ਬਕਾਇਦਾ ਤੌਰ 'ਤੇ 10 ਜੂਨ ਤੋਂ ਉਤਪਾਦਨ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਕਿ ਕਿਸਾਨਾਂ ਨੂੰ ਫ਼ਸਲ ਦੀ ਬਿਜਾਈ ਮੌਕੇ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾਲ ਨਾ ਜੂਝਣਾ ਪਵੇ। ਇਥੋਂ ਕਿਸਾਨਾਂ ਨੂੰ ਲਗਾਤਾਰ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤਹਿਤ ਟੀ. ਐੱਸ. ਪੀ. ਐੱਲ. ਨੇ 1076 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਹੈ। ਇਸ ਸਮੇਂ ਪਾਵਰ ਪਲਾਂਟ ਦੀਆਂ ਤਿੰਨ ਇਕਾਈਆਂ ਚਾਲੂ ਹਨ ਤੇ ਉਨ੍ਹਾਂ ਦੀ ਕੁੱਲ ਸਮਰੱਥਾ 1080 ਮੈਗਾਵਾਟ ਦੱਸੀ ਗਈ ਹੈ।

ਜਾਣਕਾਰੀ ਮੁਤਾਬਕ ਜ਼ਿਲ੍ਹਾ ਮਾਨਸਾ 'ਚ ਤਲਵੰਡੀ ਸਾਬੋ ਪਾਵਰ ਪਲਾਂਟ ਵਰਤਮਾਨ ਸਮੇਂ 'ਚ 1076 ਮੈਗਾਵਾਟ ਬਿਜਲੀ ਦਾ ਉਤਪਾਦਨ ਕਰ ਰਿਹਾ ਹੈ, ਜਿਸ ਨਾਲ ਯੂਨਿਟ ਨੰਬਰ 1 ਨੇ 400 ਮੈਗਾਵਾਟ ਦਾ ਉਤਪਾਦਨ ਕੀਤਾ ਹੈ। ਦੱਸਿਆ ਗਿਆ ਹੈ ਕਿ ਯੂਨਿਟ ਨੰਬਰ 2 ਨੇ 356 ਤੇ ਯੂਨਿਟ ਨੰਬਰ 3 ਨੇ 320 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਹੈ।  ਟੀ.ਐੱਸ.ਪੀ. ਐੱਲ ਦੇ ਸੀ.ਈ.ੳਤੇ ਡਬਲਯੂ.ਟੀ.ਡੀ ਵਿਕਾ ਸ਼ਰਮਾ ਨੇ ਦੱਸਿਆ ਕਿ ਟੀ. ਐੱਸ. ਪੀ. ਐੱਲ. ਸਰਕਾਰ ਦੀ ਮੰਗ ਅਨੁਸਾਰ ਲੋੜੀਂਦੀ ਬਿਜਲੀ ਦਾ ਉਤਪਾਦਨ ਕਰਨ ਲਈ ਵਚਨਬੱਧ ਹੈ। ਪੰਚਾਇਤ ਯੂਨੀਅਨ ਮਾਨਸਾ ਬਲਾਕ ਦੇ ਪ੍ਰਧਾਨ ਸਰਪੰਚ ਜਗਦੀਪ ਸਿੰਘ ਬੁਰਜ ਢਿੱਲਵਾਂ ਨੇ ਕਿਹਾ ਕਿ ਕਿਸਾਨੀ ਤੇ ਪਿੰਡਾਂ ਲਈ ਇਸ ਵਾਰ  ਬਿਜਲੀ ਤੇ ਪਾਣੀ ਦੀ ਸਪਲਾਈ ਵਧੀਆ ਉਪਲੱਬਧ ਹੋ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਾਰ ਖੇਤੀ ਨੂੰ ਇਸ ਸੰਕਟ ਨਾਲ ਨਹੀਂ ਜੂਝਣਾ ਪੈ ਰਿਹਾ । ਉਨਾਂ ਕਿਹਾ ਕਿ ਇਸ ਵਾਰ ਖੇਤੀ ਦੀ ਚੰਗੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ।


Gurminder Singh

Content Editor

Related News