ਬਿਜਲੀ ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੈਮੋਰੰਡਮ ਕੈਬਨਿਟ ਮੰਤਰੀ ਨੂੰ ਸੌਂਪਿਆ

Friday, Oct 13, 2017 - 12:42 PM (IST)

ਬਿਜਲੀ ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੈਮੋਰੰਡਮ ਕੈਬਨਿਟ ਮੰਤਰੀ ਨੂੰ ਸੌਂਪਿਆ

ਬਟਾਲਾ (ਗੋਰਾਇਆ) - ਬਿਜਲੀ ਮੁਲਾਜ਼ਮਾਂ ਦੀ ਪ੍ਰਮੁੱਖ ਜਥੇਬੰਦੀ ਇੰਪਲਾਈਜ਼ ਫੈੱਡਰੇਸ਼ਨ ਸਰਕਲ ਗੁਰਦਾਸਪੁਰ ਦੇ ਸੈਂਕੜੇ ਵਰਕਰਾਂ ਨੇ ਅੱਜ ਇੱਥੇ ਭੁਲੇਰ ਪੈਲੇਸ ਵਿਖੇ ਇਕੱਠੇ ਹੋ ਕੇ ਜਥੇਬੰਦੀ ਦੇ ਸੁਬਾਈ ਕਨਵੀਨਰ ਗੁਰਵੇਲ ਸਿੰਘ ਬੱਲਪੁਰੀਆਂ ਦੀ ਪ੍ਰਧਾਨਗੀ ਹੇਠ ਵਿਸ਼ਾਲ ਰੈਲੀ ਕੀਤੀ, ਜਿਸ 'ਚ ਬਟਾਲਾ ਸ਼ਹਿਰੀ, ਦਿਹਾਤੀ, ਧਾਰੀਵਾਲ, ਪਠਾਨਕੋਟ, ਗੁਰਦਾਸਪੁਰ, ਕਾਦੀਆਂ ਡਵੀਜ਼ਨਾਂ ਅਤੇ ਸ੍ਰੀ ਹਰਗੋਬਿੰਦਪੁਰ, ਘੁਮਾਣ, ਕਾਹਨੂੰਵਾਨ, ਹਰਚੋਵਾਲ, ਊਧਨਵਾਲ, ਡੇਰਾ ਬਾਬਾ ਨਾਨਕ, ਕੋਟਲੀ ਸੂਰਤ ਮੱਲ੍ਹੀ, ਅਲੀਵਾਲ, ਫ਼ਤਿਹਗੜ੍ਹ ਚੂੜੀਆਂ, ਡੇਅਰੀਵਾਲ, ਕਲਾਨੌਰ, ਪੁਰਾਣਾ ਸ਼ਾਲਾ, ਜੋੜਾ ਛਿੱਤਰਾਂ, ਮੀਰਥਲ, ਸਰਨਾ, ਦੀਨਾਨਗਰ, ਧਾਰ ਆਦਿ ਦੀਆਂ ਸਬ-ਡਵੀਜ਼ਨਾਂ ਦੇ ਸੈਂਕੜੇ ਬਿਜਲੀ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। 
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੁਬਾਈ ਜਨਰਲ ਸਕੱਤਰ ਮਨਜੀਤ ਸਿੰਘ ਚਾਹਲ ਨੇ ਮੰਗ ਕੀਤੀ ਕੇ ਬਿਜਲੀ ਮੁਲਾਜ਼ਮਾਂ ਨੂੰ 1-12–11 ਤੋਂ ਪੇ-ਬੈੱਡ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬਿਜਲੀ ਨਿਗਮ 'ਚ ਇਸ ਸਮੇਂ 35 ਹਜ਼ਾਰ ਤੋਂ ਵਧੇਰੇ ਅਸਾਮੀਆਂ ਖਾਲੀ ਪਈਆਂ ਹਨ। ਜਿਨ੍ਹਾਂ ਨੂੰ ਪੂਰੇ ਸਕੇਲ 'ਚ ਭਰਿਆ ਜਾਵੇ, ਵਰਕਚਾਰਜ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ, ਹਰ ਕਰਮਚਾਰੀਆਂ ਦੀਆਂ 3 ਤਰੱਕੀਆਂ ਨੂੰ ਯਕੀਨੀ ਬਣਾਇਆ ਜਾਵੇ। ਜਥੇਬੰਦੀ ਦੇ ਸੁਬਾਈ ਕਨਵੀਨਰ ਨੇ ਮੰਗ ਕੀਤੀ ਕੇ ਬਿਜਲੀ ਨਿਗਮ ਦੇ ਥਰਮਲ ਪਲਾਂਟਾਂ ਨੂੰ ਬੰਦ ਕਰਨ ਦੀ ਬਜਾਏ ਉਸ ਥਾਂ 'ਤੇ ਨਵੇਂ ਥਰਮਲ ਬਣਾਏ ਜਾਣ ਤਾਂ ਜੋ ਬਿਜਲੀ ਨਿਗਮ ਦੀ ਕਰੋੜਾਂ ਰੁਪਏ ਦੀ ਸੰਪਤੀ ਬਚ ਸਕੇ।
ਉਨ੍ਹਾਂ ਕਿਹਾ ਕਿ ਪ੍ਰਾਈਵੇਟ ਥਰਮਲ ਪਲਾਂਟ ਪੰਜਾਬ 'ਚ ਬੇਰੋਜ਼ਗਾਰੀ ਖ਼ਤਮ ਕਰਨ 'ਚ ਅਸਫ਼ਲ ਰਹੇ ਹਨ। ਇਸ ਮੌਕੇ ਪੰਜਾਬ ਦੇ ਪੇਂਡੂ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ 'ਤੇ ਸਰਕਾਰ 17 ਤਾਰੀਕ ਤੋਂ ਬਾਅਦ ਵਿਚਾਰ ਕਰੇਗੀ। ਇਸ ਸਮੇਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੀ. ਐੱਸ. ਟੀ. ਲਾ ਕੇ ਆਮ ਲੋਕਾਂ 'ਤੇ ਭਾਰੀ ਬੋਝ ਪਾਇਆ ਹੈ। ਇਸ ਦੌਰਾਨ ਜਥੇਬੰਦੀ ਦੇ ਸੁਬਾਈ ਆਗੂ ਮੰਗਲ ਸਿੰਘ ਠਰੂ, ਸਰਵਣ ਸਿੰਘ ਡੱਲਾ, ਜਸਵੰਤ ਸਿੰਘ ਪੰਨੂੰ, ਜਗਦੀਸ਼ ਸਿੰਘ ਮੰਡੀ, ਜਸਵੰਤ ਸਿੰਘ, ਜਗਤਾਰ ਸਿੰਘ ਕਿਲ੍ਹਾ ਟੇਕ ਸਿੰਘ, ਅਮਰਜੀਤ ਸਿੰਘ ਅਨਮੋਲ, ਸਲਵਿੰਦਰ ਕੁਮਾਰ, ਸੁਖਦੇਵ ਸਿੰਘ ਕਾਲਾਨੰਗਲ, ਗਰੀਬ ਸਿੰਘ ਹਸਨਪੁਰੀ, ਗੁਰਦਿਆਲ ਸਿੰਘ ਆਦਿ ਹਾਜ਼ਰ ਸਨ।


Related News