8 ਘੰਟਿਆਂ ਦੇ ਬਿਜਲੀ ਕੱਟ ਨੇ ਲੋਕਾਂ ਦੇ ਛੁਡਾਏ ਪਸੀਨੇ

Sunday, Jun 10, 2018 - 05:59 AM (IST)

ਜੁਗਿਆਲ,  (ਜ.ਬ.)-  ਕੰਡੀ ਖੇਤਰ ਦੇ ਦਰਜਨਾਂ ਪਿੰਡਾਂ ਨੂੰ ਰਾਤ ਤੋਂ ਲੈ ਕੇ ਸਵੇਰ ਤਕ ਲਗਭਗ ਲੱਗੇ 8 ਘੰਟਿਆਂ ਦੇ ਬਿਜਲੀ ਕੱਟ ਕਾਰਨ ਗਰਮੀ 'ਚ ਰਹਿਣ ਲਈ ਮਜਬੂਰ ਹੋਣਾ ਪਿਆ। ਜਿਸ ਕਾਰਨ ਪ੍ਰਭਾਵਿਤ ਲੋਕਾਂ ਨੇ ਪਾਵਰ ਨਿਗਮ ਦੀ ਕਾਰਜਸ਼ੈਲੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਬਿਨਾਂ ਕਿਸੇ ਰੋਕ ਸਪਲਾਈ ਦੀ ਮੰਗ ਕੀਤੀ।
ਪਿੰਡ ਸ਼ਾਹਪੁਰ ਕੰਡੀ, ਅਦਿਆਲ, ਰਾਜਪੁਰਾ, ਛੰਨੀ ਮੋਆਲਾ, ਜੁਗਿਆਲ ਤੇ ਹੋਰ ਪਿੰਡਾਂ ਦੇ ਲੋਕਾਂ ਨੂੰ ਆਏ ਦਿਨ ਲਗਾਤਾਰ ਬਿਜਲੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਜਿਨ੍ਹਾਂ 'ਚ ਸਰਪੰਚ ਮਨੋਜ ਸ਼ਰਮਾ, ਕਪੂਰ ਸਿੰਘ, ਮਨਦੀਪ ਸਿੰਘ, ਡਾ. ਕੇਵਲ, ਸੁਰਿੰਦਰ ਸਿੰਘ, ਡਾ. ਇਕਬਾਲ ਤੇ ਹੋਰਨਾਂ ਨੇ ਕਿਹਾ ਕਿ ਸਰਕਾਰਾਂ ਬਦਲਦੀਆਂ ਰਹੀਆਂ ਪਰ ਕੰਡੀ ਖੇਤਰ 'ਚ ਬਿਜਲੀ ਸਮੱਸਿਆ ਕੋਈ ਵੀ ਪਾਰਟੀ ਹੱਲ ਨਹੀਂ ਕਰਵਾ ਸਕੀ। ਲੋਕਾਂ ਨੇ ਕਿਹਾ ਕਿ ਬਿਨਾਂ ਹਨੇਰੀ, ਤੂਫਾਨ ਉਨ੍ਹਾਂ ਦੇ ਪਿੰਡਾਂ 'ਚ ਆਏ ਦਿਨ ਬਿਜਲੀ ਦੀ ਸਪਲਾਈ ਬੰਦ ਰਹਿੰਦੀ ਹੈ ਤੇ ਵੋਲਟੇਜ ਬਹੁਤ ਹੀ ਘੱਟ ਹੋਣ ਕਾਰਨ ਕੋਈ ਵੀ ਕੰਮ ਨਹੀਂ ਹੋ ਰਹੇ। ਲੋਕਾਂ ਨੇ ਦੱਸਿਆ ਕਿ ਇਸ ਸਮੱਸਿਆ ਸਬੰਧੀ ਕਈ ਵਾਰ ਰਾਜਸੀ ਆਗੂ, ਪ੍ਰਸ਼ਾਸਨ ਅਤੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਪਰ ਕਿਸੇ ਨੇ ਵੀ ਇਸ ਸਮੱਸਿਆ ਦੇ ਹਲ ਲਈ ਕੋਸ਼ਿਸ਼ ਨਹੀਂ ਕੀਤੀ। ਪਹਿਲਾਂ ਇਨ੍ਹਾਂ ਪਿੰਡਾਂ ਨੂੰ ਨੇੜੇ ਲਗਦੇ ਡੈਮ ਪ੍ਰਾਜੈਕਟ ਦੇ ਸਬ-ਸਟੇਸ਼ਨ ਤੋਂ ਬਿਜਲੀ ਦੀ ਸਪਲਾਈ ਦਿੱਤੀ ਜਾਂਦੀ ਸੀ ਪਰ ਪਤਾ ਨਹੀਂ ਕਿਨ੍ਹਾਂ ਕਾਰਨਾਂ ਕਰ ਕੇ ਇਥੋਂ ਇਨ੍ਹਾਂ ਪਿੰਡਾਂ ਦੀ ਬਿਜਲੀ ਸਪਲਾਈ ਕੱਟੀ ਗਈ। ਲੋਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਪਿੰਡਾਂ ਨੂੰ ਨਾਲ ਲਗਦੇ ਡੈਮ ਪ੍ਰਾਜੈਕਟ ਦੇ ਸਬ-ਸਟੇਸ਼ਨ ਤੋਂ ਬਿਜਲੀ ਦੀ ਸਪਲਾਈ ਦਿੱਤੀ ਜਾਵੇ ਨਹੀਂ ਤਾਂ ਸਾਰੇ ਇਕਜੁੱਟ ਹੋ ਕੇ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ।
 


Related News