ਬਿਜਲੀ ਬਿੱਲਾਂ ਤੋਂ ਇਕ ਕਰੋੜ ਤੋਂ ਜ਼ਿਆਦਾ ਦੀ ਕੁਲੈਕਸ਼ਨ, ਪਾਵਰ ਨਿਗਮ ਨੇ ਡਿਫਾਲਟਰਾਂ ਤੋਂ ਵਸੂਲੇ 56 ਲੱਖ
Tuesday, Jul 21, 2020 - 07:54 AM (IST)
ਜਲੰਧਰ, (ਪੁਨੀਤ)– 2 ਦਿਨਾਂ ਦੀ ਛੁੱਟੀ ਕਾਰਨ ਬੰਦ ਰਹੇ ਕੈਸ਼ ਕਾਊਂਟਰ ਖੁੱਲ੍ਹਦੇ ਹੀ ਬਿੱਲ ਜਮ੍ਹਾ ਕਰਵਾਉਣ ਵਾਲੇ ਖਪਤਕਾਰਾਂ ਦੀਆਂ ਸਵੇਰ ਤੋਂ ਹੀ ਲਾਈਨਾਂ ਲੱਗ ਗਈਆਂ। ਦੁਪਹਿਰ 1 ਵਜੇ ਤੱਕ ਜਮ੍ਹਾ ਹੋਏ ਬਿੱਲਾਂ ਤੋਂ ਵਿਭਾਗ ਨੂੰ 1 ਕਰੋੜ ਤੋਂ ਜ਼ਿਆਦਾ ਦੀ ਕੁਲੈਕਸ਼ਨ ਹੋਈ। ਦੂਜੇ ਪਾਸੇ ਪਿਛਲੇ ਦਿਨਾਂ ਵਿਚ ਬਣੇ ਬਿਜਲੀ ਬਿੱਲਾਂ ਵਿਚ ਵੱਡੀ ਗਿਣਤੀ ਵਿਚ ਗਲਤ ਬਣਨ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਨ੍ਹਾਂ ਨੂੰ ਠੀਕ ਕਰਵਾਉਣ ਲਈ ਬਿਜਲੀ ਦਫਤਰਾਂ ਵਿਚ ਅੱਜ ਖਪਤਕਾਰਾਂ ਦਾ ਤਾਂਤਾ ਲੱਗਾ ਰਿਹਾ। ਉਥੇ ਹੀ ਪਾਵਰ ਨਿਗਮ ਨੇ ਡਿਫਾਲਟਰਾਂ ਤੋਂ 56 ਲੱਖ ਰੁਪਏ ਜੁਰਮਾਨਾ ਵਸੂਲਿਆ।
ਸਰਕਲ ਦੀਆਂ 5 ਡਵੀਜ਼ਨਾਂ ’ਚ ਆਈਆਂ ਕੁਲ 1832 ਸ਼ਿਕਾਇਤਾਂ
ਜਿਥੇ ਬਿਜਲੀ ਦੀ ਮੰਗ ਵਿਚ ਰੋਜ਼ਾਨਾ ਵਾਧਾ ਹੋ ਰਿਹਾ ਹੈ, ਉਥੇ ਹੀ ਸ਼ਿਕਾਇਤਾਂ ਵੀ ਵਧ ਰਹੀਆਂ ਹਨ। ਜਲੰਧਰ ਸਰਕਲ ਦੀਆਂ 5 ਡਵੀਜ਼ਨਾਂ ਵਿਚ ਐਤਵਾਰ ਨੂੰ 1235 ਸ਼ਿਕਾਇਤਾਂ ਸਨ, ਜਿਨ੍ਹਾਂ ਵਿਚ 597 ਸ਼ਿਕਾਇਤਾਂ ਹੋਰ ਦਰਜ ਹੋ ਗਈਆਂ। ਵਿਭਾਗ ਨੂੰ ਕੁਲ 1832 ਸ਼ਿਕਾਇਤਾਂ ਪ੍ਰਾਪਤ ਹੋਈਆਂ।