ਡਿਪੂ ''ਤੇ ਕਣਕ ਨਾ ਵੰਡਣ ਕਾਰਨ ਗਰੀਬ ਕਾਰਡਧਾਰਕਾਂ ''ਚ ਰੋਸ ਦੀ ਲਹਿਰ
Sunday, Feb 18, 2018 - 04:05 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਪਿਛਲੇ 9 ਮਹੀਨਿਆਂ ਤੋਂ ਡਿਪੂਆਂ 'ਤੇ ਕਣਕ ਨਾ ਵੰਡਣ ਕਾਰਨ ਗਰੀਬ ਕਾਰਡਧਾਰਕਾਂ 'ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 9 ਮਹੀਨਿਆਂ ਤੋਂ ਕਣਕ ਡਿੱਪੂਆਂ 'ਤੇ ਨਹੀਂ ਵੰਡੀ ਗਈ ਜਿਸ ਕਾਰਨ ਲੋਕ ਮਹਿੰਗੇ ਭਾਅ ਦਾ ਆਟਾ ਦੁਕਾਨਾਂ ਤੋਂ ਲੈਣ ਲਈ ਮਜ਼ਬੂਰ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਮਹਿੰਗਾਈ ਦੇ ਦੌਰ 'ਚ ਇਕ ਪਾਸੇ ਜਿੱਥੇ ਰੁਜ਼ਗਾਰ ਦੀ ਘਾਟ ਕਾਰਨ ਲੋਕਾਂ ਦਾ ਕਜ਼ੂਮਰ ਨਿਕਲ ਰਿਹਾ ਹੈ ਦੂਜੇ ਪਾਸੇ ਹੁਣ ਕਣਕ ਆਉਣ 'ਤੇ ਡਿੱਪੂ ਹੋਲਡਰ ਇਸ ਬਹਾਨੇ ਕਣਕ ਵੰਡਣ ਲਈ ਤਿਆਰ ਨਹੀਂ ਹਨ ਕਿ ਉਨ੍ਹਾਂ ਨੂੰ ਸਰਕਾਰ ਢੋਆ ਢੁਆਈ ਦਾ ਖ਼ਰਚ ਨਹੀਂ ਦੇ ਰਹੀ।
ਇਸ ਖਿੱਚੋ-ਤਾਣੀ ਦੇ ਚੱਕਰ 'ਚ ਗਰੀਬ ਵਰਗ ਘੁਣ ਵਾਂਗ ਪਿਸਦਾ ਨਜ਼ਰ ਆ ਰਿਹਾ ਹੈ, ਜਿਸ ਕਾਰਨ ਉਹ ਡਿੱਪੂਆਂ ਹੋਲਡਰਾਂ ਕੋਲ ਕਣਕ ਲੈਣ ਲਈ ਹਾੜੇ ਕੱਢ ਰਿਹਾ ਹੈ ਕਿ ਕਦੋਂ ਕਣਕ ਲੈ ਕੇ ਆਵੋਂਗੇ। ਇਸੇ ਰੋਸ 'ਚ ਐਤਵਾਰ ਨੂੰ ਪਿੰਡ ਕੋਟਲੀ ਸੰਘਰ ਦੀ ਧਰਮਸ਼ਾਲਾ 'ਚ ਗੁਰਨੈਬ ਸਿੰਘ ਪੰਚਾਇਤ ਮੈਂਬਰ ਦੀ ਅਗਵਾਈ ਗਰੀਬ ਕਾਰਡਧਾਰਕ ਇਕੱਤਰ ਹੋਏ ਹਨ। ਇਸ ਮੌਕੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਪੰਚ ਗੁਰਨੈਬ ਸਿੰਘ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਗਰੀਬ ਅਤੇ ਲਤਾੜੇ ਹੋਏ ਵਰਗਾਂ ਨੂੰ ਅੱਖੋ ਪਰੋਖੇ ਕਰਕੇ ਉਨ੍ਹਾਂ ਦੀਆਂ ਰੋਜ਼ਾਨਾ ਲੋੜਾਂ ਨੂੰ ਅਣਦੇਖਿਆ ਕਰ ਰਿਹਾ ਹੈ। ਗਰੀਬ ਲੋਕਾਂ ਨੂੰ ਜੇਕਰ ਸਰਕਾਰ ਤੋਂ ਕੋਈ ਸਹੂਲਤ ਮਿਲਦੀ ਹੈ ਤਾਂ ਉਸਨੂੰ ਲੈਣ ਲਈ ਸੰਘਰਸ਼ ਦਾ ਰਾਹ ਅਪਣਾਉਣਾ ਪੈਂਦਾ ਹੈ। ਹੁਣ ਡਿੱਪੂ ਹੋਲਡਰ ਇਸ ਕਰਕੇ ਕਣਕ ਨਹੀਂ ਵੰਡ ਰਹੇ ਕਿ ਸਾਨੂੰ ਢੋਆ ਢੁਆਈ ਦਾ ਖ਼ਰਚ ਪੈ ਰਿਹਾ ਹੈ ਅਤੇ ਇਸ ਆੜ 'ਚ ਗਰੀਬ ਲੋਕਾਂ ਦੀ ਕਣਕ ਰੋਕੀ ਹੋਈ ਹੈ, ਜਿਸ ਕਾਰਨ ਗਰੀਬ ਲੋਕਾਂ ਨੂੰ ਹੋਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਪਿੰਡ ਵਾਸੀਆਂ ਗੁਰਨੈਬ ਸਿੰਘ ਮੈਂਬਰ, ਸਰਬਨ ਸਿੰਘ, ਮਾਲਾ ਸਿੰਘ, ਰਘੁਬੀਰ ਸਿੰਘ, ਮਹਿੰਦਰ ਸਿੰਘ, ਗੁਰਾ ਸਿੰਘ, ਗੁਰਦਾਸ ਸਿੰਘ ਆਦਿ ਤੋਂ ਇਲਾਵਾ ਔਰਤਾਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਡਿੱਪੂਆਂ 'ਤੇ ਕਣਕ ਮੁਹੱਈਆ ਕਰਵਾਈ ਜਾਵੇ ਤਾਂ ਜੋ ਗਰੀਬ ਕਾਰਡਧਾਰਕ ਮਹਿੰਗੇ ਭਾਅ ਦਾ ਆਟਾ ਲੈਣ ਤੋਂ ਛੁਟਕਾਰਾ ਪਾ ਕੇ ਡਿਪੂਆਂ ਤੋਂ ਕਣਕ ਲੈ ਕੇ ਆਪਣੇ ਢਿੱਡ ਭਰ ਸਕਣ।
ਢੋਆ ਢੋਆਈ ਦਾ ਖਰਚਾ ਵੱਧ ਪੈਣ ਕਾਰਨ ਰੁਕੀ ਕਣਕ
ਇਸ ਮੌਕੇ ਪਿੰਡ ਦੇ ਡਿਪੂ ਹੋਲਡਰ ਸਤਪਾਲ ਸਿੰਘ ਅਤੇ ਜਗਮੋਹਨ ਸਿੰਘ ਨੇ ਕਿਹਾ ਕਿ ਢੋਆ ਢੋਆਈ ਦਾ ਖ਼ਰਚ ਸਰਕਾਰ ਵੱਲੋਂ 1:50 ਪੈਸੇ ਦਿੱਤੇ ਹਨ ਪਰ ਹੁਣ ਉਹ ਢਾਈ ਰੁਪਏ ਲੁਹਾਈ ਦੇ ਮੰਗ ਰਹੇ ਹਨ।
ਦੋ ਤਿੰਨ ਦਿਨਾਂ 'ਚ ਵੰਡੀ ਜਾਵੇਗੀ ਕਣਕ : ਡੀ. ਐਫ. ਐਸ. ਓ
ਇਸ ਸਬੰਧੀ ਜਦ ਜ਼ਿਲਾ ਫੂਡ ਸਪਲਾਈ ਅਫ਼ਸਰ ਦੀਵਾਨ ਚੰਦ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਢੋਆ-ਢੁਆਈ ਦੀ ਸਮੱਸਿਆ ਦਾ ਹੱਲ ਕਰ ਲਿਆ ਹੈ। ਸਰਕਾਰ ਦੀ ਪਾਲਿਸੀ ਅਨੁਸਾਰ ਜੇਕਰ ਡਿੱਪੂ ਹੋਲਡਰ ਖ਼ੁਦ ਲੈ ਕੇ ਜਾਣਾ ਚਾਹੁੰਦਾ ਹੈ ਤਾਂ ਠੀਕ ਹੈ ਨਹੀਂ ਤਾਂ ਠੇਕੇਦਾਰ ਤੋਂ ਚੁਕਵਾ ਕੇ ਕਣਕ ਡਿਪੂਆਂ ਤੇ ਪਹੁੰਚਾ ਕੇ ਵੰਡੀ ਜਾਵੇਗੀ। ਜ਼ਿਲੇ ਦੇ ਕੁਝ ਪਿੰਡਾਂ 'ਚ ਕਣਕ ਵੰਡੀ ਜਾ ਚੁੱਕੀ ਹੈ ਅਤੇ ਇਕ ਦੋ ਦਿਨਾਂ ਦੇ ਅੰਦਰ ਸਾਰੇ ਪਾਸੇ ਕਣਕ ਵੰਡ ਦਿੱਤੀ ਜਾਵੇਗੀ।