ਮਾਹਲਾ ਖੁਰਦ ਵਿਖੇ ਡਰੇਨ ਦੀ ਸਫਾਈ ਨਾ ਹੋਣ ਕਾਰਨ 30 ਏਕੜ ਦੇ ਕਰੀਬ ਫਸਲ ਪਾਣੀ ''ਚ ਡੁੱਬੀ
Thursday, Aug 28, 2025 - 05:41 PM (IST)

ਨੱਥੂਵਾਲਾ ਗਰਬੀ (ਰਾਜਵੀਰ) : ਹੜ੍ਹਾਂ ਦੀ ਰੋਕਥਾਮ ਲਈ ਪੰਜਾਬ ਸਰਕਾਰ ਭਾਵੇਂ ਲੱਖ ਚੁਸਤੀ ਫੁਰਤੀ ਦਿਖਾਵੇ ਪਰ ਅਸਲੀਅਤ ਇਹ ਹੈ ਕਿ ਪੰਜਾਬ ਸਰਕਾਰ ਦਾ ਡਰੇਨ ਵਿਭਾਗ ਪੂਰੀ ਤਰ੍ਹਾਂ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਇਸ ਦੀ ਪ੍ਰਤੱਖ ਉਦਾਹਰਨ ਹੈ ਪਿੰਡ ਮਾਹਲਾ ਖੁਰਦ। ਜਿੱਥੇ ਬਾਰਸ਼ ਨਾਲ ਕਿਸਾਨਾਂ ਦੀ ਕਰੀਬ 30 ਏਕੜ ਫਸਲ ਬਰਬਾਦ ਹੋ ਰਹੀ ਹੈ। ਇਸ ਦਾ ਮੁੱਖ ਕਾਰਨ ਡਰੇਨ ਵਿਭਾਗ ਨੇ ਮਾਹਲਾ ਖੁਰਦ ਵਿਖੇ ਬਾਰਸ਼ ਦੇ ਪਾਣੀ ਦੇ ਨਿਕਾਸ ਵਾਸਤੇ ਬਣੀ ਹੋਈ ਡਰੇਨ ਦੀ ਸਫਾਈ ਦਾ ਨਾ ਕਰਨਾ ਹੈ। ਸਫਾਈ ਨਾ ਹੋਣ ਕਾਰਨ ਡਰੇਨ ਕਲਾਲ ਬੂਟੀ ਨਾਲ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਹੈ ਜਿਸ ਦੇ ਕਾਰਨ ਬਾਰਸ਼ ਦਾ ਪਾਣੀ ਫਸਲਾਂ ਬਰਬਾਦ ਕਰ ਰਿਹਾ ਹੈ।
ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨ ਗੁਰਨੈਬ ਸਿੰਘ, ਬਲਜੀਤ ਸਿੰਘ, ਮੇਜਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਨੇ ਬਾਰਸ਼ਾਂ ਤੋਂ ਪਹਿਲਾਂ ਡਰੇਨੇਜ ਵਿਭਾਗ ਦੇ ਅਫਸਰਾਂ ਨੂੰ ਡਰੇਨ ਦੀ ਸਫਾਈ ਕਰਨ ਦੀ ਅਪੀਲ ਕੀਤੀ ਸੀ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਹੁਣ ਜਦੋਂ ਉਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਹਨ ਅਤੇ ਪਿੰਡ ਦੇ ਲੋਕਾਂ ਦੇ ਘਰਾਂ ਦਾ ਵੀ ਨੁਕਸਾਨ ਹੋ ਰਿਹਾ ਹੈ ਤਾਂ ਉਹ ਮਜਬੂਰ ਹੋ ਕੇ ਵਿਧਾਇਕ ਅੰਮ੍ਰਿਤਪਾਲ ਸਿੰਘ ਦੇ ਦਫਤਰ ਮਦਦ ਵਾਸਤੇ ਗਏ ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਵਿਧਾਇਕ ਅੰਮ੍ਰਿਤਪਾਲ ਸਿੰਘ ਨੇ ਡਰੇਨ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਹੈ। ਇਸ ਮੌਕੇ ਇਕੱਤਰ ਪਿੰਡ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਡਰੇਨਜ ਵਿਭਾਗ ਦੇ ਜਿੰਨਾਂ ਅਧਿਕਾਰੀਆਂ ਨੇ ਡਰੇਨ ਦੀ ਸਫਾਈ ਨਾ ਕਰਵਾ ਕੇ ਕੁਤਾਹੀ ਕੀਤੀ ਹੈ ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇ ਅਤੇ ਇਸ ਦੀ ਜਾਂਚ ਪੜਤਾਲ ਕੀਤੀ ਜਾਵੇ ਕਿ ਕਿਤੇ ਡਰੇਨਾਂ ਦੀ ਸਫਾਈ ਕਾਗਜਾਂ ਵਿਚ ਤਾਂ ਨਹੀਂ ਕੀਤੀ ਜਾ ਰਹੀ ? ਇਸ ਮੌਕੇ ਪਿੰਡ ਦੇ ਕਿਸਾਨਾਂ ਗੁਰਨੈਬ ਸਿੰਘ, ਬਲਜੀਤ ਸਿੰਘ, ਮੇਜਰ ਸਿੰਘ, ਚਰਨਜੀਤ ਸਿੰਘ, ਬਸੰਤ ਸਿੰਘ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਅਤੇ ਘਰਾਂ ਦਾ ਨੁਕਸਾਨ ਹੋਇਆਂ ਹੈ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।