ਜਲੰਧਰ ''ਚ ਹੜ੍ਹ ਵਰਗੇ ਹਾਲਾਤ! ਕੈਂਟ ਡੁੱਬਾ, ਭੁੱਲ ਕੇ ਵੀ ਨਾ ਜਾਣਾ ਇਨ੍ਹਾਂ ਰਾਹਾਂ ''ਤੇ
Monday, Sep 01, 2025 - 12:47 PM (IST)

ਜਲੰਧਰ (ਵੈੱਬ ਡੈਸਕ, ਸੋਨੂੰ, ਕੁੰਦਨ, ਪੰਕਜ)- ਹੜ੍ਹਾਂ ਦੀ ਮਾਰ ਝਲ ਰਹੇ ਪੰਜਾਬ ਵਿਚ ਬਾਰਿਸ਼ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੀ ਰਾਤ ਤੋਂ ਸ਼ੁਰੂ ਹੋਈ ਬਾਰਿਸ਼ ਸਵੇਰ ਤੱਕ ਜਾਰੀ ਰਹੀ। ਉੱਤਰੀ ਭਾਰਤ 'ਚ ਮਾਨਸੂਨ ਪੂਰੇ ਜ਼ੋਰਾਂ ’ਤੇ ਹੈ ਅਤੇ ਲਗਾਤਾਰ ਹੋ ਰਹੀ ਬਾਰਿਸ਼ ਨੇ ਜਲੰਧਰ ਸ਼ਹਿਰ ਦੀ ਹਾਲਤ ਤਰਸਯੋਗ ਬਣਾ ਦਿੱਤੀ ਹੈ। ਅੱਜ ਵੀ ਹਾਲਾਤ ਕੁਝ ਅਜਿਹੇ ਹੀ ਵੇਖਣ ਨੂੰ ਮਿਲੇ। ਭਾਰੀ ਬਾਰਿਸ਼ ਨੇ ਜਲੰਧਰ ਸ਼ਹਿਰ ਵਿਚ ਤਬਾਹੀ ਮਚਾਈ। ਜਿੱਥੇ ਸੜਕਾਂ ਪਾਣੀ ਨਾਲ ਭਰੀਆਂ ਨਜ਼ਰ ਆਈਆਂ, ਉਥੇ ਹੀ ਲੋਕਾਂ ਦੇ ਘਰਾਂ ਵਿਚ ਪਾਣੀ ਵੜ ਗਿਆ। ਦੋਮੋਰੀਆ ਪੁਲ ਹੇਠਾਂ ਵੀ ਕਈ-ਕਈ ਫੁੱਟ ਪਾਣੀ ਭਰ ਗਿਆ ਹੈ।
ਇਹ ਵੀ ਪੜ੍ਹੋ: BDPO ਤੇ ਸਾਬਕਾ ਸਰਪੰਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, ਕਾਰਾ ਜਾਣ ਹੋਵੋਗੇ ਹੈਰਾਨ
ਜਲੰਧਰ ਸ਼ਹਿਰ ‘ਚ ਬਾਰਿਸ਼ ਨੇ ਹਾਲਾਤ ਇੰਨੇ ਵਿਗਾੜ ਦਿੱਤੇ ਹਨ ਕਿ ਸ਼ਹਿਰ ਦੇ ਪੌਸ਼ ਇਲਾਕੇ ਵੀ ਪਾਣੀ ਦੀ ਲਪੇਟ ‘ਚ ਆ ਗਏ ਹਨ। ਡਿਫੈਂਸ ਕਾਲੋਨੀ, ਮਾਡਲ ਟਾਊਨ, ਪੀ. ਪੀ. ਆਰ. ਮਾਰਕਿਟ, ਆਦਰਸ਼ ਨਗਰ, ਬਸਤੀਆਂ ਵਾਲੇ ਖੇਤਰਾਂ ਸਮੇਤ ਕਈ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਉੱਥੇ ਹੀ ਜਿਨ੍ਹਾਂ ਦੀਆਂ ਦੁਕਾਨਾਂ ਬੇਸਮੈਂਟ ‘ਚ ਸਨ, ਉਨ੍ਹਾਂ ਦੁਕਾਨਾਂ ‘ਚ ਪਾਣੀ ਭਰ ਗਿਆ ਹੈ। ਇਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।ਅਰਬਨ ਸਟੇਟ ਫੇਸ-2 ਦੇ ਹਾਲਾਤ ਵੀ ਬੇਹੱਦ ਮਾੜੇ ਬਣੇ ਹੋਏ ਹਨ। ਪਾਣੀ ਕਾਰਨ ਪੂਰਾ ਅੰਡਰ ਬ੍ਰਿਜ ਭਰ ਗਿਆ ਹੈ। ਫਲਾਈਓਵਰ ਤੋਂ ਉਪਰ ਤੱਕ ਪਾਣੀ ਭਰ ਗਿਆ ਹੈ। ਸਾਰੇ ਰਸਤਿਆਂ ਵਿਚ ਕਈ-ਕਈ ਫੁੱਟ ਸੜਕਾਂ 'ਤੇ ਪਾਣੀ ਭਰਿਆ ਪਿਆ ਹੈ।
ਇਹ ਵੀ ਪੜ੍ਹੋ: Breaking News: ਹੜ੍ਹ ਪੀੜਤਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਦਿੱਤੇ ਜਾਣਗੇ ਪਲਾਟ
ਜਲੰਧਰ ਕੈਂਟ 'ਚ ਬਣੇ ਹੜ੍ਹ ਵਰਗੇ ਹਾਲਾਤ
ਭਾਰੀ ਬਾਰਿਸ਼ ਦੇ ਕਾਰਨ ਜਲੰਧਰ ਕੈਂਟ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਪੰਜਾਬ ਐਗਰੋ ਚੇਅਰਮੈਨ ਮੰਗਲ ਸਿੰਘ ਕੈਂਟ ਖੇਤਰ ਦੇ ਹਾਲਾਤ ਦੱਸੇ ਹਨ। ਉਨ੍ਹਾਂ ਕਿਹਾ ਕਿ ਬੀਤੀ ਰਾਤ ਤੋਂ ਪਈ ਭਾਰੀ ਬਾਰਿਸ਼ ਦੇ ਕਾਰਨ ਜਲੰਧਰ ਕੈਂਟ ਵਿਚ ਪਾਣੀ ਭਰ ਗਿਆ ਹੈ ਅਤੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿਚ ਅਸੀਂ ਲੋਕਾਂ ਦੇ ਨਾਲ ਖੜ੍ਹੇ ਹਾਂ। ਇਸ ਬਰਸਾਤ ਦੇ ਮੌਸਮ ਵਿਚ ਸ਼ਹਿਰ ਦੀਆਂ ਬਚੀਆਂ-ਖੁਚੀਆਂ ਸੜਕਾਂ ਵੀ ਜਾਨਲੇਵਾ ਟੋਇਆਂ ਵਿਚ ਬਦਲ ਗਈਆਂ ਹਨ। ਇਨ੍ਹਾਂ ਟੋਇਆਂ ਨੇ ਵਾਹਨ ਚਾਲਕਾਂ ਦੇ ਨਾਲ-ਨਾਲ ਪੈਦਲ ਚੱਲਣ ਵਾਲਿਆਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਹਾਲਾਤ ਇਹ ਹਨ ਕਿ ਟੁੱਟੀਆਂ ਸੜਕਾਂ ਕਾਰਨ ਹਰ ਰੋਜ਼ ਵਾਹਨ ਖ਼ਰਾਬ ਹੋ ਰਹੇ ਹਨ ਅਤੇ ਲੋਕ ਨਗਰ ਨਿਗਮ ਅਤੇ ਸਰਕਾਰ ਨੂੰ ਕੋਸਦੇ ਨਜ਼ਰ ਆਉਂਦੇ ਹਨ। ਸੜਕਾਂ ਕਈ ਘੰਟਿਆਂ ਤੱਕ ਪਾਣੀ ਨਾਲ ਭਰੀਆਂ ਰਹਿੰਦੀਆਂ ਹਨ, ਜਿਸ ਕਾਰਨ ਟ੍ਰੈਫਿਕ ਜਾਮ ਹੋ ਜਾਂਦਾ ਹੈ ਅਤੇ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਲੱਗੀ ਛੁੱਟੀਆਂ ਦੀ ਝੜੀ! ਜਾਣੋ ਸਤੰਬਰ ਮਹੀਨੇ 'ਚ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ
ਪ੍ਰਸ਼ਾਸਨ ਪੂਰਾ ਅਲਰਟ
ਜਲੰਧਰ ਦੇ ਡਿਪਟੀ ਕਮੀਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੁਆਰਾ ਜ਼ਿਲ੍ਹਾਂ ਵਾਸੀਆਂ ਨੂੰ ਸੰਦੇਸ਼ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ, ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਅਲਰਟ ‘ਤੇ ਹਨ। ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪਿਛਲੇ ਕਈ ਘੰਟਿਆਂ ਤੋਂ ਲਗਾਤਾਰ ਬਾਰਿਸ਼ ਦੇ ਕਾਰਨ ਕਈ ਇਲਾਕਿਆਂ ‘ਚ ਪਾਣੀ ਭਰ ਗਿਆ ਹੈ ਅਤੇ ਕੁਝ ਇਲਾਕਿਆਂ ‘ਚ ਬਿਜਲੀ ਸਪਲਾਈ ‘ਚ ਵੀ ਦਿੱਕਤ ਆ ਰਹੀ ਹੈ। ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਪ੍ਰਸ਼ਾਸਨ ਦੇ ਸਾਰੀ ਵਿਭਾਗਾਂ ਦੀਆਂ ਟੀਮਾਂ ਤੈਨਾਤ ਹੋ ਚੁੱਕੀਆਂ ਹਨ ਅਤੇ ਜਲਦੀ ਹੀ ਸਥਿਤੀ ਨੂੰ ਆਮ ਵਾਂਗ ਕਰ ਦਿੱਤਾ ਜਾਵੇਗਾ। ਜੇਕਰ ਕਿਸੇ ਵਿਅਕਤੀ ਨੂੰ ਸਮੱਸਿਆ ਜਾ ਕੋਈ ਐਮਰਜੈਂਸੀ ਵਰਗੀ ਸਥਿਤੀ ਪੈਦਾ ਹੁੰਦੀ ਹੈ ਤਾਂ ਹੈਲਪਲਾਈਨ ਨੰਬਰ 0181-2240064 ‘ਤੇ ਫੋਨ ਕਰਨ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਟੀਮਾਂ ਤੁਰੰਤ ਮਦਦ ਲਈ ਪਹੁੰਚ ਜਾਣਗੀਆਂ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਮੁੜ ਵਧ ਸਕਦੈ ਘੱਗਰ ਦਰਿਆ ਦਾ ਪਾਣੀ, Alert ਜਾਰੀ
ਜ਼ਿਕਰਯੋਗ ਹੈ ਕਿ ਪਹਿਲਾਂ ਨਗਰ ਨਿਗਮ ਵੱਲੋਂ ਬਰਸਾਤ ਦੇ ਮੌਸਮ ਤੋਂ ਪਹਿਲਾਂ ਕੁਝ ਪ੍ਰਬੰਧ ਕੀਤੇ ਜਾਂਦੇ ਸਨ ਪਰ ਪਿਛਲੇ ਕੁਝ ਸਾਲਾਂ ਤੋਂ ਇਸ ਮਾਮਲੇ ਵਿਚ ਬਹੁਤ ਜ਼ਿਆਦਾ ਲਾਪਰਵਾਹੀ ਵਿਖਾਈ ਗਈ ਹੈ। ਨਾ ਤਾਂ ਸੀਵਰੇਜ ਲਾਈਨਾਂ ਦੀ ਸਹੀ ਢੰਗ ਨਾਲ ਸਫ਼ਾਈ ਕੀਤੀ ਗਈ ਅਤੇ ਨਾ ਹੀ ਸੜਕਾਂ ਅਤੇ ਗਲੀਆਂ ਤੋਂ ਚਿੱਕੜ ਅਤੇ ਮਲਬਾ ਹਟਾਇਆ ਗਿਆ। ਨਤੀਜਾ ਇਹ ਹੋਇਆ ਕਿ ਨਿਕਾਸੀ ਦੀ ਘਾਟ ਕਾਰਨ ਮੀਂਹ ਦਾ ਪਾਣੀ ਘੰਟਿਆਂ ਬੱਧੀ ਸੜਕਾਂ ’ਤੇ ਖੜ੍ਹਾ ਰਿਹਾ ਅਤੇ ਬੱਜਰੀ ਵਾਲੀਆਂ ਸੜਕਾਂ ਮੱਕੀ ਦੇ ਦਾਣਿਆਂ ਵਾਂਗ ਖਿੱਲਰ ਗਈਆਂ। ਨਿਗਮ ਨੇ ਲੰਬੇ ਸਮੇਂ ਤੋਂ ਟੁੱਟੀਆਂ ਸੜਕਾਂ ’ਤੇ ਪੈਚਵਰਕ ਵੀ ਨਹੀਂ ਕਰਵਾਇਆ ਹੈ।
ਸਵੱਛ ਭਾਰਤ ਅਤੇ ਸਮਾਰਟ ਸਿਟੀ ਦੇ ਫੰਡ ਦੀ ਸਹੀ ਵਰਤੋਂ ਨਹੀਂ ਕਰ ਸਕਿਆ ਨਿਗਮ
ਕੇਂਦਰ ਸਰਕਾਰ ਦੇ ਸਵੱਛ ਭਾਰਤ ਮਿਸ਼ਨ ਅਤੇ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਜਲੰਧਰ ਨੂੰ ਸਾਫ਼-ਸੁਥਰਾ ਕਰਨ ਲਈ ਕਰੋੜਾਂ ਰੁਪਏ ਭੇਜੇ ਗਏ ਸਨ, ਪਰ ਅਧਿਕਾਰੀਆਂ ਦੀ ਲਾਪਰਵਾਹੀ ਅਤੇ ਅਸਫ਼ਲਤਾ ਕਾਰਨ ਇਹ ਰਕਮ ਕੋਈ ਠੋਸ ਨਤੀਜਾ ਨਹੀਂ ਦੇ ਸਕੀ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿਚ ਆਉਂਦੇ ਹੀ ਸਮਾਰਟ ਸਿਟੀ ਘਪਲੇ ਦੀ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਸਨ, ਪਰ ਸਾਢੇ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਵੀ ਇਸ ਮਾਮਲੇ ਵਿਚ ਕੋਈ ਪ੍ਰਗਤੀ ਨਹੀਂ ਹੋਈ।
ਹਰ ਬਰਸਾਤ ’ਚ ਵਿਗੜ ਜਾਂਦੀ ਹੈ ਸਫ਼ਾਈ ਵਿਵਸਥਾ
ਬਰਸਾਤ ਦੇ ਦਿਨਾਂ ’ਚ ਜਲੰਧਰ ਦੀ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਜਾਂਦੀ ਹੈ। ਸ਼ਹਿਰ ਦਾ ਕੂੜਾ ਮੀਂਹ ਦੇ ਪਾਣੀ ਵਿਚ ਰਲ ਜਾਂਦਾ ਹੈ ਅਤੇ ਨਰਕ ਵਰਗੀ ਸਥਿਤੀ ਪੈਦਾ ਕਰਦਾ ਹੈ। ਨਗਰ ਨਿਗਮ ਨੂੰ ਸਵੱਛ ਭਾਰਤ ਅਤੇ ਸਮਾਰਟ ਸਿਟੀ ਤੋਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਮਿਲਣ ਦੇ ਬਾਵਜੂਦ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਮੁੜ ਲੀਹ ’ਤੇ ਨਹੀਂ ਲਿਆਂਦਾ ਜਾ ਸਕਿਆ। ਅੱਜ ਵੀ ਸ਼ਹਿਰ ਦੇ ਅੰਦਰ ਡੰਪ ਸਾਈਟਾਂ ਅਕਸਰ ਭਰੀਆਂ ਮਿਲਦੀਆਂ ਹਨ ਅਤੇ ਮੁੱਖ ਸੜਕਾਂ ’ਤੇ ਕੂੜੇ ਦੇ ਢੇਰ ਆਮ ਵਿਖਾਈ ਦਿੰਦੇ ਹਨ। ਇਹੀ ਕਾਰਨ ਹੈ ਕਿ ਜਲੰਧਰ ਸਫ਼ਾਈ ਸਰਵੇਖਣ ਵਿਚ ਬਿਹਤਰ ਦਰਜਾ ਪ੍ਰਾਪਤ ਨਹੀਂ ਕਰ ਸਕਿਆ।
ਐੱਨ. ਜੀ. ਟੀ. ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਵੀ ਨਗਰ ਨਿਗਮ ਦੀ ਕਾਰਜਸ਼ੈਲੀ ਤੋਂ ਨਾਖੁਸ਼ ਹਨ। ਵਰਿਆਣਾ ਡੰਪ ਦੀ ਸਮੱਸਿਆ ਅਜੇ ਵੀ ਉਹੀ ਹੈ। ਨਿਗਮ ਨੇ ਭਾਵੇਂ ਕਈ ਡੰਪ ਬੰਦ ਕਰਨ ਦਾ ਦਾਅਵਾ ਕੀਤਾ ਹੋਵੇ, ਪਰ ਸ਼ਹਿਰ ਵਿਚ ਕੂੜੇ ਦੀ ਸਮੱਸਿਆ ਬਣੀ ਹੋਈ ਹੈ। ਇਸ ਵਾਰ ਹੋਈ ਬਾਰਿਸ਼ ਨੇ ਜਲੰਧਰ ਦੀ ਦੁਰਦਸ਼ਾ ਨੂੰ ਉਜਾਗਰ ਕਰ ਦਿੱਤਾ ਹੈ। ਟੁੱਟੀਆਂ ਸੜਕਾਂ, ਬੰਦ ਸੀਵਰੇਜ ਅਤੇ ਖਿੱਲਰਿਆ ਹੋਇਆ ਕੂੜਾ ਨਗਰ ਨਿਗਮ ਦੀ ਲਾਪਰਵਾਹੀ ਅਤੇ ਕੁਪ੍ਰਬੰਧਨ ਦਾ ਸਬੂਤ ਹੈ। ਸਵਾਲ ਇਹ ਉੱਠਦਾ ਹੈ ਕਿ ਕਰੋੜਾਂ ਦੀਆਂ ਗ੍ਰਾਂਟਾਂ ਅਤੇ ਯੋਜਨਾਵਾਂ ਦੇ ਬਾਵਜੂਦ ਜਲੰਧਰ ਕਦੋਂ ਇਕ ਸਾਫ਼ ਅਤੇ ਸਮਾਰਟ ਸ਼ਹਿਰ ਬਣੇਗਾ?
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ Red Alert ਜਾਰੀ! ਬਿਆਸ ਦਰਿਆ 'ਚ ਵਧਿਆ ਪਾਣੀ, ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e