ਸ਼ਾਹਪੁਰ-ਖੁਰਮਪੁਰ ਦੀ ਟੈਂਕੀ ''ਚੋਂ ਪਾਣੀ ਡੁੱਲ੍ਹ-ਡੁੱਲ੍ਹ ਕੇ ਲੱਗਿਆ ਛੱਪੜ

Wednesday, Sep 13, 2017 - 07:19 AM (IST)

ਮਹਿਤਪੁਰ, (ਸੂਦ)- ਨਗਰ ਪੰਚਾਇਤ ਦੇ ਦਫਤਰ ਤੋਂ ਥੋੜ੍ਹੀ ਦੂਰੀ 'ਤੇ ਸਥਿਤ ਸ਼ਾਹਪੁਰ 'ਚ ਸਰਕਾਰੀ ਪਾਣੀ ਵਾਲੀ ਟੈਂਕੀ, ਜਿਸ ਨੂੰ ਸ਼ੁੱਧ ਪਾਣੀ ਵਾਲਾ ਜਲ ਘਰ ਕਿਹਾ ਜਾਂਦਾ ਹੈ, ਦਾ ਪਾਣੀ ਅੱਜ ਕੱਲ ਬੀਮਾਰੀਆਂ ਨੂੰ ਸੱਦਾ ਦੇ ਰਹੀ ਹੈ ਤੇ ਪਿਛਲੇ ਦੋ ਸਾਲਾਂ ਤੋਂ ਟੈਂਕੀ ਦਾ ਪਾਣੀ ਲੀਕ ਹੋ ਕੇ ਟੈਂਕੀ ਦੇ ਆਲੇ-ਦੁਆਲੇ ਇਕੱਠਾ ਹੋ ਗਿਆ। ਕਈ ਵਾਰ ਲੋਕਾਂ ਨੇ ਇਸ ਛੱਪੜ 'ਚ ਮਰੇ ਡੱਡੂ, ਸੱਪ ਆਦਿ ਵੀ ਦੇਖੇ ਹਨ। ਛੱਪੜ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਦੀਆਂ ਪਾਈਪਾਂ 'ਚ ਕਿਸੇ ਵੀ ਸਮੇਂ ਜਾ ਸਕਦਾ ਹੈ। ਇਸ ਕਾਰਨ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। 
ਨਗਰ ਵਾਸੀਆਂ ਨੇ ਕਿਹਾ ਕਿ ਟੈਂਕੀ ਦਾ ਪਾਣੀ ਸ਼ਾਹਪੁਰ ਤੇ ਖੁਰਮਪੁਰ ਦੇ ਤਕਰੀਬਨ 150 ਘਰਾਂ ਨੂੰ ਜਾਂਦਾ ਹੈ ਪਰ ਅਫਸੋਸ ਹੈ ਕਿ ਨਗਰ ਪੰਚਾਇਤ ਦਫਤਰ ਮਹਿਤਪੁਰ ਤੋਂ ਥੋੜ੍ਹੀ ਦੂਰੀ 'ਤੇ ਸਥਿਤ ਇਸ ਟੈਂਕੀ ਦੀ ਕਿਸੇ ਨੇ ਕੋਈ ਸਾਰ ਨਹੀਂ ਲਈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਾਣੀ ਵਾਲੀ ਟੈਂਕੀ ਦੇ ਆਲੇ-ਦੁਆਲੇ ਚਾਰਦੀਵਾਰੀ ਕਰਵਾ ਕੇ ਇਸ ਜਗ੍ਹਾ ਦਾ ਸੁੰਦਰੀਕਰਨ ਕਰ ਕੇ ਛੱਪੜ ਵਾਲੇ ਸਥਾਨ ਨੂੰ ਪਾਰਕ ਜਾਂ ਨਰਸਰੀ ਦਾ ਰੂਪ ਦਿੱਤਾ ਜਾਵੇ ਤੇ ਜੇਕਰ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਸਰਕਾਰ ਖਿਲਾਫ ਸੰਘਰਸ਼ ਵਿੱਢਿਆ ਜਾਵੇਗਾ। 
ਕਈ ਵਾਰ ਠੀਕ ਕਰਵਾ ਚੁੱਕੇ ਹਾਂ ਪਰ ਕੋਈ ਪੁਖਤਾ ਹੱਲ ਨਹੀਂ ਹੋਇਆ : ਟੈਂਕੀ ਇੰਚਾਰਜ
ਜਦੋਂ ਇਸ ਪਾਣੀ ਵਾਲੀ ਟੈਂਕੀ ਦੇ ਇੰਚਾਰਜ ਸਾਬਕਾ ਸਰਪੰਚ ਬਲਦੇਵ ਸਿੰਘ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਮਹਿਕਮੇ ਨੂੰ ਇਸ ਸੰਬੰਧੀ ਜਾਣਕਾਰੀ ਦੇ ਚੁੱਕਾ ਹਾਂ ਤੇ ਉਹ ਕਈ ਵਾਰ ਠੀਕ ਵੀ ਕਰ ਕੇ ਗਏ ਹਨ ਪਰ ਲੀਕੇਜ ਦਾ ਅਜੇ ਕੋਈ ਪੁਖਤਾ ਹੱਲ ਨਹੀਂ ਹੋ ਸਕਿਆ। ਜਿੰਨੇ ਪੈਸੇ ਲੋਕਾਂ ਕੋਲੋਂ ਬਿੱਲ ਦੇ ਇਕੱਠੇ ਹੁੰਦੇ ਹਨ, ਉਸ ਨਾਲ ਬਿਜਲੀ ਦਾ ਬਿੱਲ ਵੀ ਨਹੀਂ ਦਿੱਤਾ ਜਾ ਸਕਦਾ। 
ਮਾਮਲਾ ਨਗਰ ਪੰਚਾਇਤ ਅਧੀਨ ਨਹੀਂ : ਨਗਰ ਪੰਚਾਇਤ ਪ੍ਰਧਾਨ
ਜਦੋਂ ਇਸ ਸੰਬੰਧੀ ਨਗਰ ਪੰਚਾਇਤ ਦੇ ਪ੍ਰਧਾਨ ਰਮੇਸ਼ ਵਰਮਾ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਸੰਬੰਧੀ ਮਹਿਕਮਾ ਸੀਵਰੇਜ ਬੋਰਡ ਕੋਲ ਹੈ, ਜੋ ਨਗਰ ਪੰਚਾਇਤ ਦੇ ਅਧੀਨ ਨਹੀਂ ਆਉਂਦਾ। 
ਪਹਿਲ ਦੇ ਆਧਾਰ 'ਤੇ ਟੈਂਕੀਆਂ ਦੀ ਚਾਰਦੀਵਾਰੀ ਦਾ ਪ੍ਰਸਤਾਵ ਰੱਖਿਆ ਜਾਵੇਗਾ : ਕੌਂਸਲਰ ਮਹਿੰਦਰ ਟੁਰਨਾ
ਇਸ ਸੰਬੰਧ 'ਚ ਨਗਰ ਪੰਚਾਇਤ ਦੇ ਕੌਂਸਲਰ ਮਹਿੰਦਰਪਾਲ ਸਿੰਘ ਟੁਰਨਾ ਨੇ ਦੱਸਿਆ ਕਿ ਪਿਛਲੀ ਸਰਕਾਰ ਸਮੇਂ ਮਾਰਕੀਟ ਕਮੇਟੀ ਦਫਤਰ, ਨਗਰ ਕੌਂਸਲ ਦਫਤਰ, ਥਾਣੇ ਤਾਂ ਵਧੀਆ ਬਣਾ ਦਿੱਤੇ ਗਏ ਪਰ ਸਕੂਲਾਂ, ਹਸਪਤਾਲਾਂ ਤੇ ਪਾਣੀ ਵਾਲੀਆਂ ਟੈਂਕੀਆਂ ਵੱਲ ਧਿਆਨ ਨਹੀਂ ਦਿੱਤਾ ਗਿਆ। ਹੁਣ ਅਗਲੇ ਏਜੰਡੇ 'ਚ ਪਹਿਲ ਦੇ ਆਧਾਰ 'ਤੇ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਦੀ ਚਾਰਦੀਵਾਰੀ ਤੇ ਆਲੇ-ਦੁਆਲੇ ਦੀ ਸਫਾਈ ਦਾ ਪ੍ਰਸਤਾਵ ਰੱਖਿਆ ਜਾਵੇਗਾ। 


Related News