ਖੇਤੀ ਬਿੱਲਾਂ ਖ਼ਿਲਾਫ਼ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਗੇ ਪੰਜਾਬੀ ਕਲਾਕਾਰ
Wednesday, Sep 30, 2020 - 09:11 AM (IST)

ਜਲੰਧਰ (ਬਿਊਰੋ) - ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨਾਂ ਵੱਲੋਂ ਪੂਰੇ ਪੰਜਾਬ ‘ਚ ਧਰਨੇ ਪ੍ਰਦਰਸ਼ਨਾਂ ਦਾ ਸਿਲਸਿਲਾ ਚੱਲ ਰਿਹਾ ਹੈ। ਜਿੱਥੇ ਬੀਤੇ ਦਿਨ ਕਿਸਾਨਾਂ ਵੱਲੋਂ ਬਟਾਲੇ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਵੀ ਸ਼ਾਮਿਲ ਹੋਏ, ਜਿਸ ‘ਚ ਰੇਸ਼ਮ ਸਿੰਘ ਅਨਮੋਲ, ਅਫਸਾਨਾ ਖਾਨ, ਰੁਪਿੰਦਰ ਹਾਂਡਾ ਸਣੇ ਕਈ ਕਲਾਕਾਰ ਵੀ ਸ਼ਾਮਲ ਹੋਏ। ਹੁਣ ਬਠਿੰਡੇ ਦੀ ਗੋਨਿਆਣਾ ਮੰਡੀ ‘ਚ 30 ਸਤੰਬਰ ਨੂੰ ਧਰਨਾ ਲੱਗੇਗਾ, ਜਿਸ ‘ਚ ਜੱਸ ਬਾਜਵਾ, ਰਾਜਵੀਰ ਜਵੰਦਾ, ਆਰ ਨੇਤ, ਅੰਮ੍ਰਿਤ ਮਾਨ ਸਣੇ ਹੋਰ ਕਈ ਕਲਾਕਾਰ ਸ਼ਾਮਲ ਹੋਣਗੇ। ਅੰਮ੍ਰਿਤ ਮਾਨ ਨੇ ਇਸ ਧਰਨੇ ‘ਚ ਵੱਡੀ ਗਿਣਤੀ ‘ਚ ਲੋਕਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ। ਦੱਸ ਦਈਏ ਕਿ ਕਿਸਾਨਾਂ ਦੇ ਸਮਰਥਨ ‘ਚ ਪੰਜਾਬੀ ਇੰਡਸਟਰੀ ਦੇ ਸਾਰੇ ਹੀ ਕਲਾਕਾਰ ਧਰਨੇ ‘ਚ ਸ਼ਾਮਲ ਹੋ ਰਹੇ ਹਨ। ਤਿੰਨ ਖੇਤੀਬਾੜੀ ਬਿੱਲ ਰਾਜ ਸਭਾ ਵਿਚ ਵੋਟਾਂ ਦੀ ਵੰਡ ਤੋਂ ਬਗੈਰ ਭਾਰੀ ਹੰਗਾਮਾ ਵਿਚਕਾਰ ਪਾਸ ਕੀਤੇ ਗਏ। ਇਸ ‘ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਜ਼ਬਰਦਸਤ ਹੰਗਾਮਾ ਕੀਤਾ। ਐਤਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਦਸਤਖਤ ਨਾਲ ਇਹ ਤਿੰਨਾਂ ਬਿੱਲਾਂ ਨੂੰ ਕਾਨੂੰਨ ਵਜੋਂ ਮਾਨਤਾ ਦਿੱਤੀ ਗਈ।
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਆਰਡੀਨੈਂਸ ਖ਼ਿਲਾਫ਼ ਬੀਤੇ ਦਿਨੀਂ ਪੰਜਾਬੀ ਗਾਇਕਾਂ ਅਤੇ ਅਦਾਕਾਰਾਂ ਨੇ ਗੁਰਦਾਸਪੁਰ ਦੇ ਬਟਾਲਾ ਵਿਖੇ ਅੰਮ੍ਰਿਤਸਰ ਬਟਾਲਾ ਹਾਈਵੇਅ ’ਤੇ ਕਿਸਾਨਾਂ ਦੇ ਹੱਕ ਵਿਚ ਵਿਰੋਧ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿਚ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ, ਹਰਭਜਨ ਮਾਨ, ਰਵਿੰਦਰ ਗਰੇਵਾਲ, ਤਰਸੇਮ ਜੱਸੜ, ਦੀਪ ਸਿੱਧੂ, ਕੁਲਵਿੰਦਰ ਬਿੱਲਾ, ਰਵਨੀਤ ਸਿੰਘ, ਹਰਜੀਤ ਹਰਮਨ, ਗੁਰੀ ਸਿੰਘ, ਕੰਵਰ ਗਰੇਵਾਲ, ਲੱਖਾ ਸਿਧਾਨਾ ਸਮੇਤ ਦਰਜਨਾਂ ਕਲਾਕਾਰ ਕੇਂਦਰ ਸਰਕਾਰ ਖ਼ਿਲਾਫ਼ ਡਟੇ ਵਿਖਾਈ ਦਿੱਤੇ।
ਨਾਮਵਰ ਪੰਜਾਬੀ ਗਾਇਕਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਆਪਣੇ ਹੱਕਾਂ ਲਈ ਲੜਨਾ ਪਏਗਾ। ਅਸੀਂ ਬਾਅਦ ਵਿਚ ਗਾਇਕ ਅਤੇ ਪਹਿਲਾਂ ਕਿਸਾਨਾਂ ਦੇ ਪੁੱਤਰ ਹਾਂ। ਹੁਣ ਦਿੱਲੀ ਵਿਚ ਜਾ ਕੇ ਉਹ ਡੰਕਾ ਵਜਾਉਣਗੇ। ਉਨ੍ਹਾਂ ਨੇ ਕਿਹਾ ਕਿ ਏਕਤਾ ਵਿਚ ਹੀ ਤਾਕਤ ਹੈ ਅਤੇ ਹੁਣ ਸਾਨੂੰ ਸਾਰਿਆਂ ਨੂੰ ਇਸ ਗੁੰਡਾਗਰਦੀ ਦੇ ਵਿਰੁੱਧ ਖੜ੍ਹੇ ਹੋਣਾ ਪਵੇਗਾ। ਕੇਂਦਰ ਨੂੰ ਆਪਣੀ ਧੱਕੇਸ਼ਾਹੀ ਵਾਪਸ ਲੈਣ ਲਈ ਮਜ਼ਬੂਰ ਹੋਣਾ ਪਵੇਗਾ। ਪੰਜਾਬੀ ਗਾਇਕਾਂ ਦੇ ਪ੍ਰਦਰਸ਼ਨ ਨੂੰ ਲੋਕਾਂ ਨੇ ਖੁੱਲ੍ਹ ਕੇ ਸਮਰਥਨ ਕੀਤਾ ਅਤੇ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨਾਂ ਨੇ ਸਮਰਥਨ ਕੀਤਾ।
ਦੱਸ ਦਈਏ ਕਿ ਬੀਤੇ ਦਿਨੀਂ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਕਈ ਹੋਰ ਜਥੇਬੰਦੀਆਂ ਨੇ ਵੀ ਕਿਸਾਨਾਂ ਨਾਲ ਡਟ ਕੇ ਸਾਥ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਵੱਲੋਂ ਲਿਆਂਦੇ ਕਾਲੇ ਕਾਨੂੰਨ ਨੂੰ ਵਾਪਸ ਕਰਾਉਣ ਦੇ ਲਈ ਇਕ ਤਿੱਖਾ ਸੰਘਰਸ਼ ਉਲੀਕਿਆ ਹੋਇਆ ਹੈ। ਕਿਸਾਨਾਂ ਨੇ ਕਿਹਾ ਫ਼ਿਲਹਾਲ ਇਹ ਸਾਡਾ ਸੰਕੇਤਕ ਧਰਨਾ ਹੈ ਅਤੇ ਜੇਕਰ ਹੁਣ ਵੀ ਬਿੱਲਾਂ ਨੂੰ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿਚ ਅਸੀਂ ਤਿੱਖਾ ਸੰਘਰਸ਼ ਕਰਾਂਗੇ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਚੱਲਦਿਆਂ ਖੇਤੀ ਆਰਡੀਨੈਂਸ ਪਾਸ ਕੀਤੇ ਗਏ ਹਨ।