ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ

Sunday, Jun 17, 2018 - 06:42 AM (IST)

ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ

ਡੇਰਾਬੱਸੀ,   (ਅਨਿਲ)-  ਪਿੰਡ ਸੈਦਪੁਰਾ ਵਿਖੇ ਕੈਮੀਕਲ ਪਦਾਰਥਾਂ ਵਾਲੇ ਡਰੰਮ ਧੋ-ਧੁਆਈ ਮਗਰੋਂ ਵੇਚਣ ਦੇ ਕਾਰੋਬਾਰ ਨਾਲ ਇਥੇ ਪ੍ਰਦੂਸ਼ਣ ਵਿਭਾਗ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸਥਾਨਕ ਲੋਕਾਂ ਨੇ ਪ੍ਰਦੂਸ਼ਣ ਵਿਭਾਗ 'ਤੇ ਅਣਦੇਖੀ ਦੇ ਦੋਸ਼ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਕਤ ਕਾਰੋਬਾਰ ਬਿਨਾਂ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਬਿਲਕੁਲ ਚੱਲ ਨਹੀਂ ਸਕਦਾ। ਉਧਰ ਪ੍ਰਦੂਸ਼ਣ ਵਿਭਾਗ ਇਸਦੀ ਜਾਣਕਾਰੀ ਨਾ ਹੋਣ ਬਾਰੇ ਦੱਸ ਰਿਹਾ ਹੈ। 
ਜਾਣਕਾਰੀ ਮੁਤਾਬਕ ਪਿੰਡ ਸੈਦਪੁਰਾ ਟੋਭੇ ਦੇ ਨਜ਼ਦੀਕ ਰਾਜਸਥਾਨ ਟਰੇਡਿੰਗ ਕੰਪਨੀ ਤੇ ਜੈ ਸ੍ਰੀ ਰਾਮ ਇੰਟਰਪ੍ਰਾਈਜ਼ਿਜ਼ ਨਾਂ ਦੇ ਲੱਗੇ ਬੋਰਡਾਂ ਤਹਿਤ ਉਕਤ ਜਗ੍ਹਾ 'ਤੇ ਇਲਾਕੇ ਦੀਆਂ ਸਨਅਤਾਂ ਤੋਂ ਕੈਮੀਕਲ ਯੁਕਤ ਡਰੰਮਾਂ ਨੂੰ ਖਰੀਦ ਕੇ ਇਥੇ ਸਾਫ-ਸਫਾਈ ਦਾ ਕੰਮ ਕੀਤਾ ਜਾਂਦਾ ਹੈ। ਇਸ ਮਗਰੋਂ ਇਨ੍ਹਾਂ ਦੀ ਖਰੀਦੋ-ਫਰੋਖਤ ਕੀਤੀ ਜਾਂਦੀ ਹੈ। ਡਰੰਮਾਂ ਦੀ ਧੁਆਈ ਕਰਨ ਤੇ ਖਰੀਦ ਫਰੋਖਤ ਕਰਨ ਲਈ ਮਨਜ਼ੂਰੀਆਂ ਲੈਣੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਦਰਕਿਨਾਰ ਕੀਤਾ ਹੋਇਆ ਹੈ। ਚੋਖੀ ਕਮਾਈ ਦੇ ਲਾਲਚ ਵਿਚ ਉਕਤ ਕਾਰੋਬਾਰ ਨਾਲ ਵਾਤਵਰਣ ਸਮੇਤ ਜ਼ਮੀਨਦੋਜ਼ ਪਾਣੀ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਮੌਕੇ 'ਤੇ ਕੈਮੀਕਲ ਯੁਕਤ ਡਰੰਮ ਦੀ ਰਹਿੰਦ-ਖੂੰਹਦ ਮਿੱਟੀ 'ਤੇ ਪਈ ਵੇਖਣ ਨੂੰ ਮਿਲੀ, ਜੋ ਪਾਣੀ ਦੇ ਨਾਲ ਮਿਲ ਕੇ ਮਿੱਟੀ ਦੇ ਸੋਖ ਲਏ ਜਾਣ ਮਗਰੋਂ ਜ਼ਮੀਨਦੋਜ਼ ਪਾਣੀ ਨੂੰ ਦੂਸ਼ਿਤ ਕਰੇਗੀ। 
ਜਾਣਕਾਰੀ ਮੁਤਾਬਕ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਤਹਿਤ ਕੈਮੀਕਲ ਦੀਆਂ ਸਨਅਤਾਂ ਨੂੰ ਸੈਦਪੁਰਾ ਖੇਤਰ ਵਿਚ ਰੈੱਡ ਕੈਟਾਗਰੀ ਭਾਵ ਕੈਮੀਕਲ ਹਜ਼ਾਰਡ ਲਈ ਕੋਈ ਵੀ ਪ੍ਰਾਜੈਕਟ ਲਾਉਣ ਦੀ ਫਿਲਹਾਲ ਮਨਾਹੀ ਹੈ। ਉਦਯੋਗਿਕ ਫੋਕਲ ਪੁਆਇੰਟ ਨੂੰ ਰੈੱਡ ਕੈਟਾਗਰੀ ਜ਼ੋਨ ਬਣਾਇਆ ਹੋਇਆ ਹੈ। ਕੈਮੀਕਲ ਯੁਕਤ ਪਦਾਰਥਾਂ ਦੇ ਕੰਟੇਨਰ ਸਮੇਤ ਰਹਿੰਦ-ਖੂੰਹਦ ਵਾਲੇ ਡਰੰਮਾਂ ਲਈ ਰੈਡਬੁੱਕ ਵਿਚ ਡਰੰਮਾਂ, ਕੰਟੇਨਰਾਂ ਤੇ ਡੱਬਿਆਂ ਦਾ ਇੰਦਰਾਜ ਕੀਤਾ ਜਾਣਾ ਹੁੰਦਾ ਹੈ। 
ਸੈਦਪੁਰਾ ਸਥਿਤ ਡਰੰਮਾਂ ਦੀ ਖਰੀਦੋ-ਫਰੋਖਤ ਕਰਨ ਵਾਲੇ ਕਾਰੋਬਾਰੀ ਦਿਆਚੰਦ ਤੇ ਸੁਨੀਲ ਕੁਮਾਰ ਨੇ ਸਚਾਈ ਬਿਆਨ ਕਰਦਿਆਂ ਦੱਸਿਆ ਕਿ ਉਨ੍ਹਾਂ ਕੋਲ ਫਿਲਹਾਲ ਕਿਸੇ ਵੀ ਕਿਸਮ ਦੀ ਸਰਕਾਰ ਕੋਲੋਂ ਕੋਈ ਵੀ ਪ੍ਰਵਾਨਗੀ ਨਹੀਂ ਹੈ। ਇਸ ਸਬੰਧੀ ਵਾਤਾਵਰਣ ਇੰਜੀਨੀਅਰ ਲਵਨੀਤ ਦੂਬੇ ਨੇ ਜਾਣਕਾਰੀ ਨਾ ਹੋਣ ਤੋਂ ਪੱਲਾ ਝਾੜਦਿਆਂ ਜਾਂਚ ਕਰਨ ਦਾ ਭਰੋਸਾ ਦਿੱਤਾ। ਜਦੋਂ ਪੁੱਛਿਆ ਕਿ ਕਾਰਵਾਈ ਲਈ ਕਦੋਂ ਦੁਬਾਰਾ ਪਤਾ ਕੀਤਾ ਜਾਵੇ ਤਾਂ ਉਨ੍ਹਾਂ ਐੱਸ. ਡੀ. ਓ. ਗੁਰਸ਼ਰਨ ਦਾਸ ਗਰਗ ਨਾਲ ਗੱਲਬਾਤ ਕਰਨ ਲਈ ਕਿਹਾ। ਗੁਰਸ਼ਰਨ ਦਾਸ ਗਰਗ ਨੇ ਸੰਪਰਕ ਕਰਨ 'ਤੇ ਮਾਮਲੇ ਤੋਂ ਅਣਜਾਣਤਾ ਪ੍ਰਗਟਾਉਂਦਿਆਂ ਕਿਹਾ ਕਿ ਉਹ ਫਿਲਹਾਲ ਚੀਫ ਸਾਹਿਬ ਨਾਲ ਹਨ ਤੇ ਮੌਕਾ ਵੇਖਣ ਲਈ ਤੁਹਾਨੂੰ ਮੌਕੇ 'ਤੇ ਸੱਦਿਆ ਜਾਵੇਗਾ। 


Related News