ਕਾਂਗਰਸ ਸਰਕਾਰ ਦੀ ਨੀਅਤ ਤੇ ਨੀਤੀ ਠੀਕ ਨਹੀਂ : ਮਜੀਠੀਆ

Wednesday, Jan 03, 2018 - 07:21 AM (IST)

ਕਾਂਗਰਸ ਸਰਕਾਰ ਦੀ ਨੀਅਤ ਤੇ ਨੀਤੀ ਠੀਕ ਨਹੀਂ : ਮਜੀਠੀਆ

ਅੰਮ੍ਰਿਤਸਰ,   (ਛੀਨਾ)-  ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਮੌਜੂਦਾ ਕਾਂਗਰਸ ਸਰਕਾਰ 'ਤੇ ਲੋਕਾਂ ਦੀਆਂ ਜੇਬਾਂ 'ਤੇ ਸਿੱਧਾ ਡਾਕਾ ਮਾਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਦੀ ਨਾ ਨੀਅਤ ਤੇ ਨਾ ਹੀ ਨੀਤੀ ਚੰਗੀ ਹੈ। ਉਨ੍ਹਾਂ ਸਰਕਾਰ ਪ੍ਰਤੀ ਲੋਕਾਂ ਦਾ ਤੇਜ਼ੀ ਨਾਲ ਮੋਹ ਭੰਗ ਹੋਣ ਦਾ ਜ਼ਿਕਰ ਕਰਦਿਆਂ ਅਕਾਲੀ ਵਰਕਰਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਹੁਣ ਤੋਂ ਹੀ ਕਮਰਕੱਸੇ ਕਰ ਲੈਣ ਲਈ ਪ੍ਰੇਰਿਆ।
ਸ. ਮਜੀਠੀਆ ਅੱਜ ਇਥੇ ਜ਼ਿਲਾ ਅਕਾਲੀ ਜਥਾ ਦਿਹਾਤੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਵੱਲੋਂ ਅੰਮ੍ਰਿਤਸਰ ਦਿਹਾਤੀ ਦੀ ਨਵੀਂ ਬਾਡੀ ਬਣਾਉਣ ਪ੍ਰਤੀ ਵਿਚਾਰਾਂ ਕਰਨ ਲਈ ਸੀਨੀਅਰ ਆਗੂਆਂ ਦੀ ਬੁਲਾਈ ਗਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਲੈ ਕੇ ਅਕਾਲੀ ਆਗੂਆਂ 'ਤੇ ਝੂਠਾ ਦੋਸ਼ ਲਾਇਆ ਜਾਂਦਾ ਰਿਹਾ, ਜਦਕਿ ਵਿਰੋਧੀ ਧਿਰ ਦਾ ਨੇਤਾ ਅਤੇ ਅਰਵਿੰਦ ਕੇਜਰੀਵਾਲ ਦਾ ਚਹੇਤਾ ਸੁਖਪਾਲ ਸਿੰਘ ਖਹਿਰਾ ਨਸ਼ਿਆਂ ਦੇ ਮਾਮਲੇ 'ਚ ਅਦਾਲਤ ਵੱਲੋਂ ਦੋਸ਼ੀ ਮੰਨਦਿਆਂ ਜਾਰੀ ਵਾਰੰਟ ਤੋਂ ਭੱਜ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਲਾਰਿਆਂ ਦਾ ਖਮਿਆਜ਼ਾ ਲੋਕ ਭੁਗਤ ਰਹੇ ਹਨ। ਸਰਕਾਰ ਦੀਆਂ ਮੌਜੂਦਾ ਆਰਥਿਕ ਨੀਤੀਆ ਨੂੰ ਦੋਸ਼ਪੂਰਨ ਠਹਿਰਾਉਂਦਿਆਂ ਸ. ਮਜੀਠੀਆ ਨੇ ਕਿਹਾ ਕਿ ਅੱਜ ਨਾ ਸਿਰਫ ਮਹਿੰਗਾਈ ਵਧੀ ਹੈ ਸਗੋਂ ਐਕਸਾਈਜ਼ ਰੈਵੇਨਿਊ ਪਾਲਿਸੀ ਰਾਹੀਂ ਸਰਕਾਰੀ ਖਜ਼ਾਨੇ ਨੂੰ ਵੀ ਚੂਨਾ ਲਾਇਆ ਜਾ ਰਿਹਾ ਹੈ, ਰੇਤਾ-ਬੱਜਰੀ ਅੱਜ 4 ਗੁਣਾ ਮਹਿੰਗੀ ਹੋ ਗਈ ਹੈ ਅਤੇ ਸਰਕਾਰ ਦੇ ਚਹੇਤਿਆਂ ਦੇ ਨਾਂ ਮਾਈਨਿੰਗ ਘਪਲੇ ਵਿਚ ਨਸ਼ਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਘਰੇਲੂ ਬਿਜਲੀ ਬਿੱਲਾਂ ਵਿਚ ਹੀ 15 ਫੀਸਦੀ ਦਾ ਵਾਧਾ ਕਰ ਕੇ ਲੋਕਾਂ 'ਤੇ 2500 ਕਰੋੜ ਦਾ ਵਾਧੂ ਬੋਝ ਪਾ ਦਿੱਤਾ ਗਿਆ ਹੈ, ਘਰ-ਘਰ ਨੌਕਰੀ ਦਾ ਲਾਰਾ ਲਾਉਣ ਵਾਲਿਆਂ ਤੋਂ ਹੁਣ ਤੱਕ ਇਕ ਵੀ ਨੌਕਰੀ ਲਈ ਇਸ਼ਤਿਹਾਰ ਨਹੀਂ ਕੱਢਿਆ ਜਾ ਸਕਿਆ ਤੇ ਕਰਜ਼ਾ ਕੁਰਕੀ ਖਤਮ ਕਰਨ ਦਾ ਕਈ ਵਾਰ ਐਲਾਨ ਕਰ ਚੁੱਕੀ ਸਰਕਾਰ ਤੋਂ ਅਜੇ ਤੱਕ ਇਕ ਰੁਪਏ ਦਾ ਕਰਜ਼ਾ ਵੀ ਮੁਆਫ਼ ਨਹੀਂ ਹੋਇਆ।
ਇਸ ਸਮੇਂ ਸਾਬਕਾ ਸੰਸਦ ਮੈਂਬਰ ਰਾਜ ਮਹਿੰਦਰ ਸਿੰਘ ਮਜੀਠਾ, ਦਲਬੀਰ ਸਿੰਘ ਵੇਰਕਾ, ਮਲਕੀਅਤ ਸਿੰਘ ਏ. ਆਰ., ਹਰਮੀਤ ਸਿੰਘ ਸੰਧੂ, ਮਨਜੀਤ ਸਿੰਘ ਮੰਨਾ, ਰਵਿੰਦਰ ਸਿੰਘ ਬ੍ਰਹਮਪੁਰਾ (ਸਾਰੇ ਸਾਬਕਾ ਵਿਧਾਇਕ), ਜਥਾ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਸਿਆਸੀ ਸਲਾਹਕਾਰ ਤਲਬੀਰ ਸਿੰਘ ਗਿੱਲ, ਚੇਅਰਮੈਨ ਜਥੇ. ਰਵੇਲ ਸਿੰਘ, ਰਵੀਕਰਨ ਸਿੰਘ ਕਾਹਲੋਂ, ਗੁਰਪ੍ਰੀਤ ਸਿੰਘ ਰੰਧਾਵਾ, ਰਾਣਾ ਰਣਬੀਰ ਸਿੰਘ ਲੋਪੋਕੇ, ਮੇਜਰ ਸ਼ਿਵਚਰਨ ਸਿੰਘ ਬਰਾੜ, ਪ੍ਰੋ. ਸਰਚਾਂਦ ਸਿੰਘ, ਅਜੇਬੀਰਪਾਲ ਸਿੰਘ ਰੰਧਾਵਾ, ਅਮਰਬੀਰ ਸਿੰਘ ਢੋਟ, ਬਲਜਿੰਦਰ ਸਿੰਘ ਮੀਰਾਂਕੋਟ, ਸਵਰਨ ਸਿੰਘ ਹਰੀਪੁਰਾ, ਰਜਿੰਦਰ ਮੋਹਨ ਛੀਨਾ, ਭਾਈ ਰਜਿੰਦਰ ਸਿੰਘ ਮਹਿਤਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸੁਰਜੀਤ ਸਿੰਘ ਭਿੱਟੇਵੱਡ, ਹਰਜਾਪ ਸਿੰਘ ਸੁਲਤਾਨਵਿੰਡ, ਮੰਗਵਿੰਦਰ ਸਿੰਘ ਖਾਪੜਖੇੜੀ, ਬੀਬੀ ਕਿਰਨਜੋਤ ਕੌਰ, ਬੀਬੀ ਵਜਿੰਦਰ ਕੌਰ ਵੇਰਕਾ, ਬੀਬੀ ਬਲਵਿੰਦਰ ਕੌਰ, ਅਮਰਪ੍ਰੀਤ ਸਿੰਘ ਅੰਮੂ ਗੁੰਮਟਾਲਾ, ਅਨਵਰ ਮਸੀਹ, ਸੁਰਜੀਤ ਸਿੰਘ ਪਹਿਲਵਾਨ, ਨਰਿੰਦਰ ਬਹਿਲ, ਸਰਬਜੀਤ ਸਿੰਘ ਲੋਧੀਨੰਗਲ, ਹਰਜੀਤ ਸਿੰਘ ਵਰਨਾਲੀ, ਆਰ. ਸੀ. ਯਾਦਵ, ਰਾਜਵਿੰਦਰ ਰਾਜਾ ਲਦੇਹ, ਸਵਿੰਦਰ ਸਿੰਘ ਝੰਜੋਟੀ, ਦਲੀਪ ਸਿੰਘ ਭਬੀਰਾ, ਡਾ. ਸ਼ਰਨਜੀਤ ਸਿੰਘ ਲੋਪੋਕੇ, ਸੁੱਚਾ ਸਿੰਘ ਲੋਪੋਕੇ, ਸਰਬਜੀਤ ਸਿੰਘ ਸੁਪਾਰੀਵਿੰਡ, ਜਗੀਰ ਸਿੰਘ ਲੋਪੋਕੇ, ਪਰਮਜੀਤ ਸਿੰਘ ਡੱਲੇਕੇ, ਕੁਲਦੀਪ ਸਿੰਘ ਔਲਖ, ਗੁਰਮੀਤ ਸਿੰਘ ਭਿੰਡੀ ਔਲਖ, ਡਾ. ਗੁਰਿੰਦਰ ਸਿੰਘ ਛੀਨਾ, ਕੰਵਲਪ੍ਰੀਤ ਸਿੰਘ ਕਾਕੀ, ਸੰਦੀਪ ਲੋਪੋਕੇ, ਗੁਰਜੀਤ ਸਿੰਘ ਭਨੋਟ ਤੇ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ।


Related News