ਭੋਗ ਸਮਾਰੋਹ ਦੌਰਾਨ ਹੋਇਆ ਸੀ ਨੌਜਵਾਨ ਦਾ ਕਤਲ, 2 ਕਾਤਲ ਗ੍ਰਿਫ਼ਤਾਰ

Wednesday, Aug 05, 2020 - 02:34 PM (IST)

ਭੋਗ ਸਮਾਰੋਹ ਦੌਰਾਨ ਹੋਇਆ ਸੀ ਨੌਜਵਾਨ ਦਾ ਕਤਲ, 2 ਕਾਤਲ ਗ੍ਰਿਫ਼ਤਾਰ

ਸਾਹਨੇਵਾਲ/ਕੁਹਾੜਾ : ਪਿੰਡ ਬਲੀਏਵਾਲ ਵਿਖੇ ਬੀਤੀ 29 ਜੁਲਾਈ ਨੂੰ ਫੁੱਫੜ ਦੇ ਭੋਗ ’ਤੇ ਪਹੁੰਚੇ  ਨੌਜਵਾਨ ਦਾਰਾ ਸਿੰਘ ਨਾਲ ਤਾਸ਼ ਖੇਡਣ ਦੌਰਾਨ ਕੁੱਝ ਲੋਕਾਂ ਦੀ ਤਕਰਾਰ ਹੋ ਗਈ ਸੀ, ਜਿਸ ਤੋਂ ਬਾਅਦ ਦਾਰਾ ਸਿੰਘ ਦੀ ਕੁੱਟਮਾਰ ਤੋਂ ਬਾਅਦ ਉਸ ਦਾ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਗਿਆ ਸੀ, ਇਸ ਮਾਮਲੇ ਸਬੰਧੀ ਪੁਲਸ ਨੇ 2 ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦਾ ਮਾਣਯੋਗ ਅਦਾਲਤ ਤੋਂ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਇਸ ਕਤਲ ਦੇ ਸਬੰਧ ’ਚ ਮ੍ਰਿਤਕ ਦੇ ਭਰਾ ਬਹਾਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਹਿੰਮਤ ਨਗਰ, ਸਮਰਾਲਾ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕਰ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ।
ਬੀਤੀ 2 ਅਗਸਤ ਨੂੰ ਪੁਲਸ ਨੇ ਦੋ ਮੁਲਜ਼ਮਾਂ ਗੋਬਿੰਦਾ ਪੁੱਤਰ ਮਹੰਤ ਸਿੰਘ ਵਾਸੀ ਪਿੰਡ ਜਾਡਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਸਾਗਰ ਪੁੱਤਰ ਹਰਮੇਸ਼ ਸਿੰਘ ਵਾਸੀ ਉਕਤ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਦਾ ਮ੍ਰਿਤਕ ਦਾਰਾ ਸਿੰਘ ਨਾਲ ਕਰੀਬ 4-5 ਮਹੀਨੇ ਪਹਿਲਾਂ ਜੂਆ ਖੇਡਦੇ ਸਮੇਂ ਝਗੜਾ ਹੋਇਆ ਸੀ, ਜਿਸ ਦੀ ਰੰਜਿਸ਼ 'ਚ ਫਿਰ ਤੋਂ ਹੋਏ ਝਗੜੇ ਦੌਰਾਨ ਦਾਰਾ ਸਿੰਘ ਦੀ ਮੌਤ ਹੋ ਗਈ। ਥਾਣਾ ਮੁਖੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦਾ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ, ਜਿਨ੍ਹਾਂ ਦੇ ਬਾਕੀ ਸਾਥੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ।
 


author

Babita

Content Editor

Related News