ਬੁੱਚੜਖਾਨਾ ਮਾਮਲਾ : ਖੋਦਾਈ ਦੌਰਾਨ ਚੱਲੇ ਇੱਟਾਂ ਰੋੜੇ, ਮਹਿਲਾ ਥਾਣੇਦਾਰ ਤੇ ਕਾਂਸਟੇਬਲ ਜ਼ਖਮੀ
Wednesday, Feb 09, 2022 - 06:14 PM (IST)
ਤਪਾ ਮੰਡੀ (ਸ਼ਾਮ, ਗਰਗ) : ਪਿੰਡ ਘੁੰਨਸ ਵਿਖੇ ਬੀਤੇ ਕੱਲ ਬੁੱਚੜਖਾਨੇ ਸੰਬੰਧੀ ਹੋਏ ਖੁਲਾਸੇ ਤੋਂ ਬਾਅਦ ਪੁਲਸ ਪ੍ਰਸ਼ਾਸਨ ਵੱਲੋਂ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਿਸ ਦੀ ਨਿਸ਼ਾਨਦੇਹੀ ’ਤੇ ਪ੍ਰਸ਼ਾਸਨ ਵੱਲੋਂ ਜੇ. ਸੀ. ਬੀ. ਮਸ਼ੀਨ ਮੰਗਵਾ ਕੇ ਮਕਾਨ ਦੀ ਖੋਦਾਈ ਕੀਤੀ ਜਾ ਰਹੀ ਸੀ ਜਿਸ ਵਿਚੋਂ ਵੱਡੀ ਮਾਤਰਾ ਗਊਵੰਸ਼ ਦੀ ਚਰਬੀ ਅਤੇ ਅੰਗ ਮਿਲਣ ਤੋਂ ਗੁੱਸੇ ’ਚ ਆਏ ਪਿੰਡ ਵਾਸੀਆਂ ਨੇ ਦੋਸ਼ੀ ਨੂੰ ਮਾਰਨ ਲਈ ਹਮਲਾ ਕਰ ਦਿੱਤਾ। ਇਸ ਦੌਰਾਨ ਪੁਲਸ ਵੱਲੋਂ ਦੋਸ਼ੀ ਨੂੰ ਬਚਾਉਣ ਲਈ ਕੀਤੇ ਗਏ ਉਪਰਾਲਿਆਂ ਸਮੇਂ ਮੌਕੇ 'ਤੇ ਮੌਜੂਦ ਭੀੜ ਵੱਲੋਂ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਜਿਸ ਵਿਚ ਮਹਿਲਾ ਥਾਣੇਦਾਰ, ਕਾਂਸਟੇਬਲ ਜ਼ਖਮੀ ਹੋ ਗਏ ਅਤੇ ਪ੍ਰਦਰਸ਼ਨਕਾਰੀਆਂ ਨੇ ਪੁਲਸ ਦੀ ਗੱਡੀ ਦੀ ਭੰਨ੍ਹਤੋੜ ਵੀ ਕਰ ਦਿੱਤੀ। ਮੌਕੇ ’ਤੇ ਹਾਜ਼ਰ ਕਵਰੇਜ ਕਰ ਰਹੇ ਪੱਤਰਕਾਰ ਅਤੇ ਥਾਣਾ ਮੁੱਖੀ ਵਾਲ-ਵਾਲ ਬਚ ਗਏ।
ਜਾਣਕਾਰੀ ਅਨੁਸਾਰ ਕੋਈ 1 ਵਜੇ ਦੇ ਕਰੀਬ ਤਹਿਸੀਲਦਾਰ ਬਾਦਲਦੀਨ, ਡੀ.ਐੱਸ.ਪੀ ਤਪਾ ਬਲਜੀਤ ਬਰਾੜ, ਪਸ਼ੂ ਪਾਲਣ ਵਿਭਾਗ ਦੇ ਡਾ. ਲਖਵੀਰ ਸਿੰਘ, ਡਾ.ਜਤਿੰਦਰ ਸਿੰਘ, ਡਾ.ਰਾਕੇਸ਼ ਕੁਮਾਰ, ਡਾ.ਰਮਨਦੀਪ ਕੌਰ, ਡਾ.ਅਨੀਨੀਤ ਕੌਰ, ਡਾ.ਰਵਨੀਤ ਸਿੰਘ, ਥਾਣਾ ਮੁੱਖੀ ਨਰਦੇਵ ਸਿੰਘ, ਗਊ ਰੱਖਿਆ ਦਲ ਦੇ ਸੂਬਾ ਪ੍ਰਧਾਨ ਰਖਵਿਤ ਗੋਇਲ ਚੇਅਰਮੈਨ ਵਿਜੈ ਮਾਰਵਾੜੀ, ਸਾਹਿਲ ਬਾਂਸਲ ਤਪਾ ਦੀ ਨਿਗਰਾਨੀ ਹੇਠ ਦੋਸ਼ੀ ਜਗਸੀਰ ਸਿੰਘ ਨੂੰ ਨਾਲ ਲਿਆ ਕੇ ਦੱਸੀ ਨਿਸ਼ਾਨਦੇਹੀ ’ਤੇ ਮਕਾਨ ਅੰਦਰ ਦੱਬੇ ਅੰਗਾਂ ਵਾਲੀ ਥਾਂ ਦੀ ਪੁਟਾਈ ਕਰਵਾਈ ਜਾ ਰਹੀ ਸੀ, ਜਿਥੋਂ ਵੱਡੀ ਮਾਤਰਾ ’ਚ ਗਊਵੰਸ਼ ਦੀ ਚਰਬੀ ਅਤੇ ਅੰਗ ਮਿਲੇ। ਸ਼ੰਕਾ ਸਾਫ ਜ਼ਾਹਰ ਹੁੰਦੀ ਹੈ ਕਿ ਉਕਤ ਦੋਸ਼ੀਆਂ ਵੱਲੋਂ ਇਹ ਬੁੱਚੜਖਾਨਾ ਲੰਬੇ ਸਮੇਂ ਤੋਂ ਚਲਾਇਆ ਜਾ ਰਿਹਾ ਸੀ ਜਿਸ ਨੂੰ ਦੇਖਦਿਆਂ ਮੌਕੇ ’ਤੇ ਮੌਜੂਦ ਵੱਡੀ ਗਿਣਤੀ ’ਚ ਮੋਜੂਦ ਲੋਕਾਂ ਵੱਲੋਂ ਉਕਤ ਦੋਸ਼ੀ ਨੂੰ ਜਾਨੋਂ ਮਾਰਨ ਦੀ ਕੋਸ਼ਿਸ ਕੀਤੀ ਗਈ।
ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹੇ ਬੰਦਿਆਂ ਕਾਰਨ ਪਿੰਡ ਦਾ ਨਾਮ ਬਦਨਾਮ ਹੁੰਦਾ ਹੈ, ਉਥੇ ਹੀ ਗਊਵੰਸ਼ ਨੂੰ ਮਾਰਨ ਦਾ ਪਾਪ ਵੀ ਸਾਰੇ ਇਲਾਕੇ ਸਿਰ ਚੜ੍ਹਦਾ ਹੈ। ਅਜਿਹੇ ਬੰਦੇ ਨੂੰ ਜਿਉਣ ਦਾ ਕੋਈ ਅਧਿਕਾਰ ਨਹੀਂ ਜੋ ਮਾਂ ਦਾ ਦਰਜਾ ਪ੍ਰਾਪਤ ਗਊਵੰਸ਼ ਨੂੰ ਇਨ੍ਹੀ ਨਰਦੇਈ ਤਰੀਕੇ ਨਾਲ ਕਤਲ ਕਰਨ ਦਾ ਜ਼ਿੰਮੇਵਾਰ ਹੋਵੇ। ਉਨ੍ਹਾਂ ਵੱਲੋਂ ਇੱਟਾਂ ਰੋੜੇ ਚਲਾਕੇ ਦੋਸ਼ੀ ’ਤੇ ਹਮਲਾ ਕਰ ਦਿੱਤਾ ਗਿਆ। ਬਚਾਅ ਲਈ ਆਏ ਪ੍ਰਸ਼ਾਸਨ ਵੱਲੋਂ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ ਦੌਰਾਨ ਮਹਿਲਾ ਥਾਣੇਦਾਰ ਰੇਣੂ ਪਰੋਚਾ, ਕਾਂਸਟੇਬਲ ਮਹਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਏ ਅਤੇ ਕਵਰੇਜ ਕਰ ਰਹੇ ਪੱਤਰਕਾਰ ਅਤੇ ਥਾਣਾ ਮੁੱਖੀ ਨਰਦੇਵ ਸਿੰਘ ਵਾਲ-ਵਾਲ ਬਚ ਗਏ।