ਨਸ਼ਿਆਂ ਦੇ ਮਾਮਲੇ 'ਚ ਛਾਪੇਮਾਰੀ ਕਰਨ ਗਈ ਪੁਲਸ ਪਾਰਟੀ 'ਤੇ ਹਮਲਾ, ਥਾਣੇਦਾਰ ਜ਼ਖਮੀ

Tuesday, Mar 11, 2025 - 08:34 PM (IST)

ਨਸ਼ਿਆਂ ਦੇ ਮਾਮਲੇ 'ਚ ਛਾਪੇਮਾਰੀ ਕਰਨ ਗਈ ਪੁਲਸ ਪਾਰਟੀ 'ਤੇ ਹਮਲਾ, ਥਾਣੇਦਾਰ ਜ਼ਖਮੀ

ਮਾਛੀਵਾੜਾ ਸਾਹਿਬ (ਗੁਰਦੀਪ ਸਿੰਘ ਟੱਕਰ) : ਨਸ਼ਿਆਂ ਦੇ ਮਾਮਲੇ ਵਿਚ ਪਿੰਡ ਸ਼ੇਰਪੁਰ ਵਿਖੇ ਇੱਕ ਘਰ ’ਚ ਛਾਪੇਮਾਰੀ ਕਰਨ ਗਈ ਪੁਲਸ ਪਾਰਟੀ ’ਚ ਸ਼ਾਮਲ ਥਾਣੇਦਾਰ ’ਤੇ ਹਮਲਾ ਕਰ ਜਖ਼ਮੀ ਕਰ ਦਿੱਤਾ ਗਿਆ, ਜਿਸ ’ਤੇ ਪੁਲਸ ਨੇ ਪਿਓ ਕੁਲਵੰਤ ਕੁਮਾਰ, ਪੁੱਤਰ ਨੀਰਜ ਕੁਮਾਰ ਅਤੇ ਉਸਦੀ ਪਤਨੀ ਕੋਮਲ ਘਈ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। 

ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਨੂੰ 112 ਹੈਲਪਲਾਈਨ ’ਤੇ ਦਰਖਾਸਤ ਮਿਲੀ ਕਿ ਨੀਰਜ ਕੁਮਾਰ ਉਰਫ਼ ਬੌਬੀ ਅਤੇ ਉਸਦੀ ਪਤਨੀ ਕੋਮਲ ਘਈ ਨਸ਼ੇ ਕਰਨ ਤੇ ਵੇਚਣ ਦੇ ਆਦੀ ਹਨ। ਅੱਜ ਵੀ ਇਨ੍ਹਾਂ ਦੇ ਘਰ ਨਸ਼ੀਲਾ ਪਦਾਰਥ ਹੈਰੋਇਨ ਵੇਚਣ ਲਈ ਆਈ ਹੋਈ ਹੈ। ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਨੀਰਜ ਕੁਮਾਰ ਦੇ ਘਰ ਪੁੱਜਾ ਅਤੇ ਦਰਵਾਜਾ ਖੜਕਾਉਣ ’ਤੇ ਉਸਨੇ ਗੇਟ ਨਾ ਖੋਲ੍ਹਿਆ। ਕਾਫ਼ੀ ਸਮੇਂ ਬਾਅਦ ਜਦੋਂ ਗੇਟ ਖੋਲ੍ਹਣ ’ਤੇ ਪੁਲਸ ਪਾਰਟੀ ਅੰਦਰ ਪੁੱਜੀ ਤਾਂ ਉੱਥੇ ਮੌਜੂਦ ਨੀਰਜ ਕੁਮਾਰ ਤੇ ਉਸਦੀ ਪਤਨੀ ਕੋਮਲ ਘਈ ਨੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਦੀ ਵਰਦੀ ਫੜ ਕੇ ਧੱਕਾਮੁੱਕੀ ਕਰਨ ਲੱਗ ਪਏ। ਜਦੋਂ ਅਸੀਂ ਉਨ੍ਹਾਂ ਨੂੰ ਛੁਡਾਉਣ ਲੱਗੇ ਤਾਂ ਨੀਰਜ ਕੁਮਾਰ ਨੇ ਥਾਣੇਦਾਰ ਸੁਖਵਿੰਦਰ ਸਿੰਘ ਦੀ ਸੱਜੀ ਬਾਂਹ ਦੇ ਗੁੱਟ ’ਤੇ ਦੰਦੀ ਵੱਢ ਕੇ ਜਖ਼ਮੀ ਕਰ ਦਿੱਤਾ। 

ਫਿਰ ਨੀਰਜ ਕੁਮਾਰ ਆਪਣੇ ਕਮਰੇ ਅੰਦਰੋਂ ਇੱਕ ਪ੍ਰੈਕਟਿਸ ਕਰਨ ਵਾਲਾ ਸਪਰਿੰਗ ਚੁੱਕ ਲਿਆਇਆ ਜਿਸ ਨੂੰ ਥਾਣੇਦਾਰ ਦੇ ਖੱਬੇ ਹੱਥ ’ਤੇ ਮਾਰਿਆ। ਨੀਰਜ ਕੁਮਾਰ ਦਾ ਪਿਤਾ ਕੁਲਵੰਤ ਕੁਮਾਰ ਵੀ ਮੌਕੇ ’ਤੇ ਆ ਗਿਆ ਜਿਸ ਨੇ ਪੁਲਸ ਪਾਰਟੀ ਨੂੰ ਤਲਾਸ਼ੀ ਨਾ ਕਰਨ ਦਿੱਤੀ ਅਤੇ ਬਾਹਰ ਜਾ ਕੇ ਮੇਨ ਗੇਟ ਦਾ ਦਰਵਾਜ਼ਾ ਬੰਦ ਕਰ ਕੁੰਡਾ ਲਗਾ ਦਿੱਤਾ। ਪੁਲਸ ਵਲੋਂ ਨੀਰਜ ਕੁਮਾਰ ਕੋਲੋਂ 6 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ। ਮਾਛੀਵਾੜਾ ਪੁਲਸ ਨੇ ਨੀਰਜ ਕੁਮਾਰ ਤੇ ਉਸਦੀ ਪਤਨੀ ਕੋਮਲ ਘਈ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਜਦਕਿ ਪਿਤਾ ਕੁਲਵੰਤ ਕੁਮਾਰ ਮੌਕੇ ਤੋਂ ਫ਼ਰਾਰ ਹੋ ਗਿਆ।


author

Baljit Singh

Content Editor

Related News